ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਅਰਥਵਿਵਸਥਾ ’ਚ ਸੁਸਤੀ ਅਤੇ ਵਾਹਨਾਂ ਦੀ ਵਿਕਰੀ ’ਚ ਆਈ ਗਿਰਾਵਟ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਪਿ੍ਰਅੰਕਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਮੰਦੀ ਦੀ ਮਾਰ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੀ ਹੈ। ਪਿ੍ਰਅੰਕਾ ਨੇ ਇਕ ਖ਼ਬਰ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ, ‘‘ਭਾਜਪਾ ਸਰਕਾਰ ਨੂੰ ਬਸ ਇੰਨਾ ਹੀ ਕਹਿਣਾ ਹੈ ਕਿ ਤੁਸੀਂ ਜੋ ਇੱਧਰ-ਉੱਧਰ ਦੀਆਂ ਗੱਲਾਂ ਕਰ ਕੇ ਕਾਰਵਾਂ ਲੁੱਟ ਜਾਣ ਦੇਣ ਦੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੇ ਹੋ, ਇਹ ਮੁਸ਼ਕਲ ਹੋਵੇਗਾ। ਲੋਕ ਦੇਖ ਰਹੇ ਹਨ।’’
ਉਨ੍ਹਾਂ ਨੇ ਇਸ ਦੇ ਨਾਲ ਹੀ ਟਵੀਟ ’ਤੇ ਲਿਖਿਆ, ‘‘ਇਕ ਹੋਰ ਕੰਪਨੀ ’ਤੇ ਪਈ ਮੰਦੀ ਦੀ ਮਾਰ ਅਤੇ ਲੋਕ ਹੋਣਗੇ ਬੇਰੋਜ਼ਗਾਰ।’’ ਪਿ੍ਰਅੰਕਾ ਨੇ ਜੋ ਖ਼ਬਰ ਸਾਂਝੀ ਕੀਤੀ ਹੈ, ਉਸ ਮੁਤਾਬਕ ਦੇਸ਼ ਦੇ ਦਿੱਗਜ਼ ਆਟੋ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੇ ਪਲਾਂਟ ’ਚ 17 ਦਿਨ ਤਕ ਕਿਸੇ ਵੀ ਤਰ੍ਹਾਂ ਦਾ ਵਿਨਿਰਮਾਣ ਨਹੀਂ ਹੋਵੇਗਾ। ਕੰਪਨੀ ਦਾ ਇਹ ਫੈਸਲਾ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ, ਜਦੋਂ ਦੇਸ਼ ਦਾ ਆਟੋ ਉਦਯੋਗ ਸੁਸਤੀ ਦੇ ਦੌਰ ’ਚੋਂ ਲੰਘ ਰਿਹਾ ਹੈ।