ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਅੱਤਵਾਦੀ ਸਾਜਿਸ਼ਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਹੁਣ ਇਸ ਦਾ ਸਬੂਤ ਵੀ ਸਾਹਮਣੇ ਆਇਆ ਹੈ। ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੇ ਲਾਂਚਿੰਗ ਪੈਡ ਤੋਂ ਅੱਤਵਾਦੀਆਂ ਵਲੋਂ ਘੁਸਪੈਠ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਨੇ ਇਸ ਨੂੰ ਅਸਫਲ ਕਰ ਦਿੱਤਾ।
ਭਾਰਤੀ ਜਵਾਨਾਂ ਨੇ ਘੁਸਪੈਠੀਆਂ ‘ਤੇ ਗ੍ਰੇਨੇਡ ਵਰ੍ਹਾਏ। ਫੌਜ ਵਲੋਂ ਜਾਰੀ ਕੀਤਾ ਗਿਆ ਇਹ ਵੀਡੀਓ 12-13 ਸਤੰਬਰ ਦੀ ਰਾਤ ਦਾ ਹੈ, ਜਿੱਥੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਘੁਸਪੈਠ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭਾਰਤ ਦੇ ਜਵਾਨਾਂ ਨੇ ਪਾਕਿਸਤਾਨੀ ਸਪੈਸ਼ਲ ਸਰਵਿਸ ਗਰੁੱਪ (ਐੱਸ. ਐੱਸ. ਜੀ.) ਦੇ ਕਮਾਂਡੋ/ਅੱਤਵਾਦੀਆਂ ‘ਤੇ ਬੈਰੇਲ ਗ੍ਰੇਨੇਡ ਲਾਂਚਰ ਨਾਲ ਗ੍ਰੇਨੇਡ ਵਰ੍ਹਾਏ। ਪਾਕਿਸਤਾਨ ਵਲੋਂ ਜਿਨ੍ਹਾਂ ਸੈਕਟਰਾਂ ‘ਤੇ ਫੋਕਸ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਗੁਰੇਜ, ਮਾਛਿਲ, ਕੇਰਨ, ਤੰਗਧਾਰ, ਉੜੀ, ਪੁੰਛ, ਨੌਸ਼ੇਰਾ, ਸੁੰਦਰਬਨੀ, ਆਰ. ਐੱਸ. ਪੁਰਾ, ਰਾਮਗੜ੍ਹ, ਕਠੂਆ ਸ਼ਾਮਲ ਹਨ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਥਾਂਵਾਂ ‘ਤੇ 250 ਤੋਂ ਵੱਧ ਅੱਤਵਾਦੀ ਮੌਜੂਦ ਹਨ। ਭਾਰਤੀ ਫੌਜ ਵਲੋਂ ਇਨ੍ਹਾਂ ਅੱਤਵਾਦੀ ਨਾਲ ਨਜਿੱਠਣ ਦੀ ਤਿਆਰੀ ਅਗਸਤ ਵਿਚ ਹੀ ਕੀਤੀ ਜਾ ਚੁੱਕੀ ਸੀ।