ਪਠਾਨਕੋਟ : ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕ ਅਭਿਆਨ ਚਲਾਇਆ ਗਿਆ ਹੈ। ਇਸ ਦੇ ਚੱਲਦੇ ਜਿਥੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਣ ਦੇ ਉਪਾਅ ਦੱਸੇ ਜਾ ਰਹੇ ਹਨ ਉਥੇ ਹੀ ਵਾਰ-ਵਾਰ ਕਹਿਣ ਦੇ ਬਾਵਜੂਦ ਨਾ ਮੰਨਣ ਵਾਲੇ ਲੋਕਾਂ ਨੂੰ ਚਾਲਾਨ ਵੀ ਕੱਟਿਆ ਗਿਆ। ਸਿਹਤ ਵਿਭਾਗ ਦੇ ਯਤਨਾਂ ਦੇ ਬਾਵਜੂਦ 11 ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ।
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਚਲਾਏ ਗਏ ਜਾਗਰੂਕਤਾ ਅਭਿਆਨ ਦੇ ਬਾਵਜੂਦ ਹੁਣ ਤੱਕ 11 ਮਰੀਜ਼ ਡੇਂਗੂ ਦੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 2 ਲੋਕਲ ਤੇ 9 ਕੇਸ ਆਲੇ-ਦੁਆਲੇ ਦੇ ਇਲਾਕੇ ਨਾਲ ਸਬੰਧਤ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਦਾ ਸਹੀ ਇਲਾਜ ਬਚਾਅ ਹੈ। ਇਸ ਲਈ ਆਪਣੇ ਆਲੇ-ਦੁਆਲੇ ਸਫਾਈ ਰੱਖੋ ਤੇ ਪਾਣੀ ਨੂੰ ਜਮ੍ਹਾ ਨਾ ਹੋਣ ਦਿਓ।