ਜੈਪੁਰ— ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਕੋਈ ਨਾ ਕੋਈ ਕੋਸ਼ਿਸ਼ ਲਗਾਤਾਰ ਕਰ ਰਿਹਾ ਹੈ। ਕਦੇ ਉਹ ਅੱਤਵਾਦੀਆਂ ਨੂੰ ਭੇਜਦਾ ਹੈ ਅਤੇ ਕਦੇ ਜਾਸੂਸੀ ਲਈ ਜਾਸੂਸਾਂ ਨੂੰ। ਹੁਣ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਇਕ ਕਬੂਤਰ ਫੜਿਆ ਗਿਆ ਹੈ। ਇਸ ਕਬੂਤਰ ਨੇ ਭਾਰਤੀ ਜਾਂਚ ਏਜੰਸੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। 3 ਦਿਨ ਪਹਿਲਾਂ ਇਹ ਕਬੂਤਰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਦੇ ਨੇੜਲੇ ਸ਼੍ਰੀਕਰਨਪੁਰ ਇਲਾਕੇ ‘ਚ ਸਥਿਤ 61-ਐੱਫ ਪਿੰਡ ਵਿਚ ਮਿਲਿਆ ਸੀ। ਕਬੂਤਰ ‘ਤੇ ਮੋਹਰ ਆਦਿ ਦੇਖ ਕੇ ਪਿੰਡ ਦੇ ਲਖਵਿੰਦਰ ਸਿੰਘ ਨੇ ਬੀ. ਐੱਸ. ਐੱਫ. ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਕਬੂਤਰ ਫੜਿਆ ਅਤੇ ਉਸ ਦੀ ਜਾਂਚ ਪੜਤਾਲ ਕੀਤੀ। ਉਸ ਤੋਂ ਬਾਅਦ ਅਧਿਕਾਰੀਆਂ ਨੇ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਵਲੋਂ ਜਾਂਚ ਕਰਨ ਮਗਰੋਂ ਹੁਣ ਜਾਂਚ ਏਜੰਸੀਆਂ ਨੂੰ ਸੂਚਨਾ ਦਿੱਤੀ ਗਈ। ਮੰਗਲਵਾਰ ਭਾਵ ਕੱਲ ਇਸ ਕਬੂਤਰ ਨੂੰ ਬੀਕਾਨੇਰ ਦੇ ਵੈਟੇਨਰੀ ਕਾਲਜ ਵਿਚ ਲਿਜਾਇਆ ਗਿਆ। ਹੁਣ ਅੱਗੇ ਦੀ ਜਾਂਚ ਵੈਟੇਨਰੀ ‘ਚ ਹੋਵੇਗੀ। ਸ਼੍ਰੀ ਕਰਨਪੁਰ ਪੁਲਸ ਥਾਣੇ ਵਿਚ ਹੈੱਡ ਕਾਂਸਟੇਬਲ ਮਹਿੰਦਰ ਰਾਮ ਨੇ ਦੱਸਿਆ ਕਿ ਕਬੂਤਰ ਦੇ ਖੰਭ ‘ਤੇ ਸੱਜੇ ਪਾਸੇ ਵੱਲ ਉਰਦੂ ਭਾਸ਼ਾ ‘ਚ ਮੋਹਰ ਲੱਗੀ ਹੋਈ ਹੈ। ਨਾਲ ਹੀ 10 ਅੰਕਾਂ ‘ਚ ਨੰਬਰ ਵੀ ਲਿਖੇ ਹਨ। ਕਬੂਤਰ ਦੇ ਪੈਰਾਂ ‘ਚ ਉਰਦੂ ‘ਚ ਉਸਤਾਦ, ਅਖਤਰ ਅਤੇ ਇਰਫਾਨ ਲਿਖਿਆ ਹੋਇਆ ਹੈ।
ਮੰਨਿਆ ਜਾ ਰਿਹਾ ਕਿ ਇਹ ਕੋਡ ਵਰਡ ਹੋ ਸਕਦੇ ਹਨ। ਕਬੂਤਰ ਨੂੰ ਫੜੇ ਜਾਣ ਤੋਂ ਬਾਅਦ ਪੁਲਸ ਅਤੇ ਇੰਟੈਲੀਜੈਂਸ ਏਜੰਸੀ ਦੀ ਟੀਮ ਇਸ ਦੀ ਜਾਂਚ ਕਰ ਚੁੱਕੀਆਂ ਹਨ। ਹੁਣ ਇਸ ਨੂੰ ਅੱਗੇ ਦੀ ਜਾਂਚ ਲਈ ਵੈਟਰਨਰੀ ਕਾਲਜ ਲਿਆਂਦਾ ਗਿਆ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਕਿਤੇ ਕਬੂਤਰ ਭਾਰਤੀ ਸਰਹੱਦੀ ਖੇਤਰਾਂ ਦੀ ਜਾਸੂਸੀ ਲਈ ਤਾਂ ਨਹੀਂ ਭੇਜਿਆ ਗਿਆ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਬੂਤਰ ਪਾਕਿਸਤਾਨ ਵਲੋਂ ਭਾਰਤੀ ਸਰਹੱਦ ‘ਚ ਆਉਂਦੇ ਰਹੇ ਹਨ।