ਇਸ ਹਫ਼ਤੇ ਭਾਰਤੀ ਸਪਿਨਰ ਰਵਿਚੰਦਰਨ ਅਸ਼ਵਿਨ ਦਾ ਜਨਮ ਦਿਨ ਸੀ। ਉਸ ਦਾ ਜਨਮ 17 ਸਤੰਬਰ 1986 ਨੂੰ ਚੇਨਈ ‘ਚ ਹੋਇਆ ਸੀ। ਇਸ ਹਫ਼ਤੇ ਅਸ਼ਵਿਨ ਨੇ ਆਪਣਾ 33ਵਾਂ ਜਨਮਦਿਨ ਮਨਾਇਆ। ਅਸ਼ਵਿਨ ਦੀ ਗਿਣਤੀ ਦੁਨੀਆ ਦੇ ਖ਼ਤਰਨਾਕ ਸਪਿਨਰਾਂ ‘ਚ ਹੁੰਦੀ ਹੈ, ਪਰ ਉਹ ਇੰਟਰਨੈਸ਼ਨਲ ਲੈਵਲ ‘ਤੇ ਬੱਲੇ ਨਾਲ ਵੀ ਕਮਾਲ ਦਿਖਾ ਚੁੱਕੈ। ਅਸ਼ਵਿਨ ਨੇ ਇਨਫ਼ਰਮੈਸ਼ਨ ਟੈਕਨੌਲੋਜੀ ‘ਚ B.Tech. ਅਤੇ MBA ਦੀ ਡਿਗਰੀ ਹਾਸਿਲ ਕੀਤੀ ਹੋਈ ਹੈ। ਅਸ਼ਵਿਨ ਨੇ ਕੁੱਝ ਸਮਾਂ ਕੌਗਨੀਜੈਂਟ ਕੰਪਨੀ ‘ਚ ਵੀ ਕੰਮ ਕੀਤਾ, ਪਰ ਬਾਅਦ ‘ਚ ਪੂਰੀ ਤਰ੍ਹਾਂ ਨਾਲ ਕ੍ਰਿਕਟ ‘ਚ ਡੁੱਬ ਗਿਆ। ਅਸ਼ਵਿਨ ਸ਼ੁਰੂਆਤੀ ਦਿਨਾਂ ‘ਚ ਬੱਲੇਬਾਜ਼ ਸੀ ਅਤੇ ਜੂਨੀਅਰ ਟੀਮਾਂ ਲਈ ਬੱਲੇਬਾਜ਼ੀ ਦੀ ਸ਼ੁਰੂਅਆਤ ਕਰਦਾ ਹੁੰਦਾ ਸੀ, ਪਰ ਬਾਅਦ ‘ਚ ਉਹ ਸਪਿਨ ਗੇਂਦਬਾਜ਼ ਬਣ ਗਿਆ। ਘਰੇਲੂ ਕ੍ਰਿਕਟ ‘ਚ ਆਪਣੀ ਔਫ਼ ਸਪਿਨ ਨਾਲ ਕਮਾਲ ਦਿਖਾਉਣ ਤੋਂ ਬਾਅਦ IPL ਟੀਮ ਚੇਨਈ ਸੁਪਰ ਕਿੰਗਜ਼ ਨੇ ਉਸ ਨੂੰ ਖ਼ਰੀਦ ਲਿਆ। ਉਹ 2011 ‘ਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਵੀ ਸੀ।
ਰਵਿਚੰਦਰਨ ਅਸ਼ਵਿਨ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ
ਅਸ਼ਵਿਨ ਨੇ 5 ਜੂਨ 2010 ਨੂੰ ਸ਼੍ਰੀ ਲੰਕਾ ਖ਼ਿਲਾਫ਼ ਵਨ-ਡੇ ‘ਚ ਡੈਬਿਊ ਕੀਤਾ ਸੀ। ਇਸ ਤੋਂ ਇੱਕ ਸਾਲ ਬਾਅਦ ਉਹ ਭਾਰਤੀ ਟੈੱਸਟ ਕ੍ਰਿਕਟ ਲਈ ਵੀ ਚੁੱਣਿਆ ਗਿਆ, ਅਤੇ 6 ਨਵੰਬਰ 2011 ਨੂੰ ਵੈੱਸਟ ਇੰਡੀਜ਼ ਖ਼ਿਲਾਫ਼ ਅਸ਼ਵਿਨ ਨੇ ਪਹਿਲਾ ਟੈੱਸਟ ਮੈਚ ਖੇਡਿਆ। ਅਸ਼ਵਿਨ ਨੇ ਪਹਿਲੇ ਹੀ ਟੈੱਸਟ ‘ਚ ਆਪਣੇ ਰੰਗ ਦਿਖਾ ਦਿੱਤੇ ਅਤੇ ਮੈਚ ‘ਚ ਨੌਂ ਵਿਕਟਾਂ ਹਾਸਿਲ ਕੀਤੀਆਂ। ਇਹ ਟੈੱਸਟ ਕ੍ਰਿਕਟ ‘ਚ ਕਿਸੇ ਵੀ ਭਾਰਤੀ ਦਾ ਦੂਜਾ ਬੈੱਸਟ ਪ੍ਰਦਰਸ਼ਨ ਹੈ। ਆਪਣੀ ਡੈਬਿਊ ਸੀਰੀਜ਼ ‘ਚ ਉਸ ਨੇ ਕੁੱਲ 22 ਵਿਕਟਾਂ ਲਈਆਂ ਅਤੇ ਇੱਕ ਸੈਂਕੜਾਂ ਵੀ ਲਾਇਆ। ਇਸ ਦੇ ਨਾਲ ਹੀ ਅਸ਼ਵਿਨ ਦੀ ਟੀਮ ‘ਚ ਜਗ੍ਹਾ ਪੱਕੀ ਹੋ ਗਈ ਅਤੇ ਹਰਭਜਨ ਸਿੰਘ ਵਰਗੇ ਧਾਕੜ ਗੇਂਦਬਾਜ਼ਾਂ ਦੀ ਛੁੱਟੀ ਹੋ ਗਈ। ਉਹ ਨਰੇਂਦਰ ਹਿਰਵਾਨੀ ਤੋਂ ਬਾਅਦ ਭਾਰਤ ਵਲੋਂ ਡੈਬਿਊ ਮੈਚ ‘ਚ ਦੂਜਾ ਬੈੱਸਟ ਪ੍ਰਦਰਸ਼ਨ ਕਰਨ ਵਾਲਾ ਗੇਂਦਬਾਜ਼ ਬਣ ਗਿਆ।
ਡੈਨਿਸ ਲਿਲੀ ਦਾ ਤੋੜਿਆ ਰਿਕਾਰਡ
ਸਭ ਤੋਂ ਤੇਜ਼ 300 ਵਿਕਟਾਂ ਲੈਣ ਦਾ ਵਰਲਡ ਰਿਕਾਰਡ ਵੀ ਅਸ਼ਵਿਨ ਦੇ ਹੀ ਨਾਂ ਹੈ। ਉਸ ਨੇ 54 ਮੈਚਾਂ ‘ਚ ਇਹ ਕਮਾਲ ਕੀਤਾ ਸੀ ਅਤੇ ਡੈਨਿਸ ਲਿਲੀ ਦਾ ਰਿਕਾਰਡ ਤੋੜਿਆ ਜਿਸ ਨੇ 56 ਟੈੱਸਟ ਖੇਡ ਕੇ 300 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਭਾਰਤ ‘ਚ ਖੇਡੇ ਗਏ ਟੈੱਸਟਾਂ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ 27 ਟੈੱਸਟਾਂ ‘ਚ ਹੀ 12 ਵਾਰ ਇੱਕ ਪਾਰੀ ‘ਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕਰ ਦਿੱਤਾ। 2016-17 ਦੇ ਦੌਰਾਨ ਅਸ਼ਵਿਨ ਨੇ 14 ਘਰੇਲੂ ਟੈੱਸਟ ਮੈਚਾਂ ‘ਚ 82 ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਲਈ ਉਸ ਨੂੰ ICC ਨੇ ਕ੍ਰਿਕਟਰ ਔਫ਼ ਦਾ ਯੀਅਰ ਅਤੇ ਟੈੱਸਟ ਕ੍ਰਿਕਟਰ ਔਫ਼ ਦਿ ਯੀਅਰ ਚੁੱਣਿਆ ਗਿਆ ਸੀ।
ਆਰ. ਅਸ਼ਵਿਨ ਦੇ 5 ਦਮਦਾਰ ਰਿਕਾਰਡਜ਼ ‘ਤੇ ਇੱਕ ਨਜ਼ਰ
1 – ਟੈੱਸਟ ਕ੍ਰਿਕਟ ‘ਚ ਸਭ ਤੋਂ ਤੇਜ਼ 100 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤੀਆਂ ਦੀ ਲਿਸਟ ‘ਚ ਪਹਿਲਾ ਨੰਬਰ ਅਸ਼ਵਿਨ ਦਾ ਹੈ। ਅਸ਼ਵਿਨ ਨੇ ਇਰਾਪੱਲੀ ਪ੍ਰਸੰਨਾ ਦਾ ਰਿਕਾਰਡ ਤੋੜਦੇ ਹੋਏ 18ਵੇਂ ਟੈੱਸਟ ਮੈਚ ‘ਚ 100 ਵਿਕਟਾਂ ਪੂਰੀਆਂ ਕੀਤੀਆਂ ਸਨ। ਪ੍ਰਸੰਨਾ ਨੇ 20 ਟੈੱਸਟ ਮੈਚਾਂ ‘ਚ ਇਹ ਕਾਰਨਾਮਾ ਕੀਤਾ ਸੀ।
2- ਅਸ਼ਵਿਨ ਟੈੱਸਟ ਕ੍ਰਿਕਟ ‘ਚ ਇੱਕ ਹੀ ਮੈਚ ‘ਚ ਸੈਂਕੜਾ ਅਤੇ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਦੋ ਵਾਰ ਕਰ ਚੁੱਕਾ ਹੈ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਇਕਲੌਤਾ ਕ੍ਰਿਕਟਰ ਵੀ ਹੈ। ਦੋਨੋਂ ਵਾਰ ਉਨ੍ਹਾਂ ਨੇ ਇਹ ਕਾਰਨਾਮਾ ਵੈੱਸਟ ਇੰਡੀਜ਼ ਖ਼ਿਲਾਫ਼ ਕੀਤਾ ਹੈ।
3 – ਅਸ਼ਵਿਨ ਅਤੇ ਰੋਹਿਤ ਸ਼ਰਮਾ ਵਿਚਾਲੇ 280 ਦੌੜਾਂ ਦੀ ਸਾਂਝੇਦਾਰੀ ਭਾਰਤ ਵਲੋਂ ਸੱਤਵੀਂ ਵਿਕਟ ਲਈ ਟੈੱਸਟ ‘ਚ ਕੀਤੀ ਗਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੋਹਾਂ ਨੇ 259 ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਤੋੜਿਆ ਸੀ ਜੋ ਵੀ. ਵੀ. ਐੱਸ ਲਕਸ਼ਮਣ ਅਤੇ ਮਹਿੰਦਰ ਸਿੰਘ ਧੋਨੀ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ 2010 ‘ਚ ਬਣਾਇਆ ਸੀ।
4- ਦਸੰਬਰ 2012 ‘ਚ ਅਸ਼ਵਿਨ ਨੇ ਟੈੱਸਟ ‘ਚ 500 ਦੌੜਾਂ ਅਤੇ 50 ਵਿਕਟਾਂ ਪੂਰੀਆਂ ਕੀਤੀਆਂ ਸਨ। ਸਭ ਤੋਂ ਤੇਜ਼ ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਤੀਜੇ ਕ੍ਰਿਕਟਰ ਬਣੇ ਸਨ। ਆਸਟਰੇਲੀਆ ਦੇ ਜੈੱਕ ਗਰੈਗਰੀ ਅਤੇ ਇੰਗਲੈਂਡ ਦੇ ਇਯੈਨ ਬੌਥਮ ਨੇ ਵੀ 11 ਟੈੱਸਟ ਮੈਚਾਂ ‘ਚ ਇਹ ਕਾਰਨਾਮਾ ਕੀਤਾ ਸੀ।
5 – ਟੈੱਸਟ ਕ੍ਰਿਕਟ ‘ਚ ਅਸ਼ਵਿਨ ਛੇ ਵਾਰ ਮੈਨ ਔਫ਼ ਦਾ ਸੀਰੀਜ਼ ਵੀ ਬਣ ਚੁੱਕਾ ਹੈ। ਉਸ ਨੇ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੂੰ ਪਿੱਛੇ ਕੀਤਾ। ਸਚਿਨ ਅਤੇ ਸਹਿਵਾਗ ਪੰਜ-ਪੰਜ ਵਾਰ ਮੈਨ ਔਫ਼ ਦਾ ਸੀਰੀਜ ਬਣੇ ਸਨ।