ਜਤਿੰਦਰ ਸਿੰਘ
94174-78446
ਜਦੋਂ ਕਿਸੇ ਸਮਾਜ ਦੇ ਰਾਜਨੀਤਕ ਅਤੇ ਸਮਾਜਿਕ ਵਰਤਾਰੇ ਵਿੱਚ ਵਿਗਾੜ ਪੈਦਾ ਹੁੰਦਾ ਹੈ ਤਾਂ ਉਸ ਦੇ ਨਿਵਾਸੀਆਂ ‘ਤੇ ਅਸਰ ਪੈਣਾ ਸੁਭਾਵਿਕ ਹੈ। ਇਸ ਵਿਗਾੜ ਦਾ ਪ੍ਰਭਾਵ ਕਈ ਸਾਲਾਂ ਤਕ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਦਾ ਵਿਗਾੜ ਪੰਜਾਬ, ਕਸ਼ਮੀਰ ਅਤੇ ਹੋਰ ਕਈ ਸੂਬਿਆਂ ਵਿੱਚ ਦਿਖਾਈ ਦਿੰਦਾ ਹੈ। ਕਸ਼ਮੀਰ ਕੁਦਰਤ ਦਾ ਅਦਭੁਤ ਕ੍ਰਿਸ਼ਮਾ ਹੈ। ਉੱਥੋਂ ਦੀਆਂ ਵਾਦੀਆਂ ਬੰਦੇ ਦੇ ਮਨ ਨੂੰ ਮੋਹ ਲੈਂਦੀਆਂ ਹਨ। ਉਸ ਦੀ ਤੁਲਨਾ ਸਵਰਗ ਨਾਲ ਕਰ ਕੇ ਅਸੀਂ ਉਸ ਨੂੰ ਆਪਣੀ ਧਰਤੀ ਦੇ ਸਵਰਗ ਕਹਿੰਦੇ ਹਾਂ, ਪਰ ਮੌਜੂਦਾ ਦੌਰ ਵਿੱਚ ਕਸ਼ਮੀਰੀ ਕਈ ਮੁਸ਼ਕਿਲਾਂ ‘ਚੋਂ ਗੁਜ਼ਰ ਰਹੇ ਹਨ।
ਕਸ਼ਮੀਰ ਦੇ ਇਸ ਮਾਹੌਲ ਬਾਰੇ ਕਈ ਫ਼ਿਲਮਾਂ ਬਣੀਆਂ ਜਿਨ੍ਹਾਂ ਵਿੱਚ ਨੋ ਫ਼ਾਦਰਜ਼ ਇਨ ਕਸ਼ਮੀਰ ਅਤੇ ਹਾਮਿਦ 2019 ਵਿੱਚ ਰਿਲੀਜ਼ ਹੋਈਆਂ। ਇਹ ਫ਼ਿਲਮਾਂ ਕਸ਼ਮੀਰੀ ਲੋਕਾਂ ਦੇ ਮਨ ਅੰਦਰ ਬਣੇ ਦਹਿਸ਼ਤ ਦੇ ਮਾਹੌਲ ਤੋਂ ਦਰਸ਼ਕਾਂ ਨੂੰ ਜਾਣੂ ਕਰਾਉਂਦੀਆਂ ਹਨ। ਇਹ ਦੋਵੇਂ ਫ਼ਿਲਮਾਂ ਬਿਆਨ ਕਰਦੀਆਂ ਹਨ ਕਿ ਪਿਤਾ ਤੋਂ ਵਿਹੂਣੇ ਬੱਚਿਆਂ ਦੇ ਮਨਾਂ ਅੰਦਰ ਕਿਹੋ ਜਿਹੇ ਅਹਿਸਾਸ ਅਤੇ ਭਾਵਨਾਵਾਂ ਪਨਪਦੀਆਂ ਹਨ, ਅਤੇ ਬਾਪ ਨੂੰ ਮਿਲਣ ਦੀ ਤਾਂਘ ਕਿਵੇਂ ਉਨ੍ਹਾਂ ਬੱਚਿਆਂ ਵਿੱਚ ਪ੍ਰਬਲ ਹੁੰਦੀ ਹੈ।
ਨੋ ਫ਼ਾਦਰਜ਼ ਇਨ ਕਸ਼ਮੀਰ ਦਾ ਨਿਰਦੇਸ਼ਨ ਅਸ਼ਵਿਨ ਕੁਮਾਰ ਨੇ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਸ਼ਵਿਨ ਕੁਮਾਰ ਕਸ਼ਮੀਰ ‘ਤੇ ਦਸਤਾਵੇਜ਼ੀ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਾ ਹੈ। ਇਹ ਫ਼ਿਲਮ ਇੱਕ ਲਾਪਤਾ ਪਿਤਾ ਦੀ ਤਲਾਸ਼ ਵਿੱਚ ਬੱਚਿਆਂ ਦੇ ਜੀਵਨ ਦੀ ਜੱਦੋਜਹਿਦ ਦੀ ਕਹਾਣੀ ਹੈ। ਫ਼ਿਲਮ ਦੋ ਬੱਚਿਆਂ ਦੇ ਕਿਰਦਾਰ ਦੁਆਲੇ ਹੀ ਘੁੰਮਦੀ ਹੈ। ਨੂਰ ਬ੍ਰਿਟਿਸ਼ ਕਸ਼ਮੀਰੀ ਬਾਲੜੀ ਹੈ ਜੋ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਹਿੰਦੁਸਤਾਨ ਆਉਂਦੀ ਹੈ। ਇੱਥੇ ਉਸ ਦੀ ਮੁਲਾਕਾਤ ਇੱਕ ਕਸ਼ਮੀਰੀ ਮੁੰਡੇ ਮਜੀਦ ਨਾਲ ਹੁੰਦੀ ਹੈ। ਇਨ੍ਹਾਂ ਦੋਹਾਂ ਬੱਚਿਆਂ ਦੇ ਪਿਤਾ ਕਸ਼ਮੀਰ ਵਿੱਚ ਲਾਪਤਾ ਹਨ। ਜਿਨ੍ਹਾਂ ਦੀ ਤਲਾਸ਼ ਲਈ ਉਹ ਦਰ-ਬ-ਦਰ ਭਟਕਦੇ ਅਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਬਾਪ ਜ਼ਿੰਦਾ ਹਨ ਵੀ ਕਿ ਨਹੀਂ। ਇਸ ਤਰ੍ਹਾਂ ਦੀ ਸਥਿਤੀ ਦਾ ਸਭ ਤੋਂ ਵੱਡਾ ਅਸਰ ਬੱਚਿਆਂ ਅਤੇ ਔਰਤਾਂ ਦੇ ਮਨਾਂ ਉੱਪਰ ਪੈਂਦਾ ਹੈ ਕਿਉਂਕਿ ਅਜਿਹੀਆਂ ਔਰਤਾਂ ਨਾ ਤਾਂ ਸੁਹਾਗਣਾਂ ਹਨ ਅਤੇ ਨਾ ਹੀ ਵਿਧਵਾਵਾਂ। ਇਸ ਤਰ੍ਹਾਂ ਦੀ ਸਥਿਤੀ ਬੜੀ ਭਿਆਨਕ ਬਣ ਜਾਂਦੀ ਹੈ। ਇਸ ਤਰ੍ਹਾਂ ਦੀ ਕਹਾਣੀ ਕਿਸੇ ਇੱਕ ਕਸ਼ਮੀਰੀ ਪਰਿਵਾਰ ਦੀ ਨਹੀਂ ਸਗੋਂ ਹਜ਼ਾਰਾਂ ਪਰਿਵਾਰਾਂ ਦੀ ਹੈ।
ਇਸੇ ਤਰ੍ਹਾਂ ਦੀ ਫ਼ਿਲਮ ਹਾਮਿਦ ਹੈ ਜਿਸ ਦਾ ਨਿਰਦੇਸ਼ਨ ਐਜਾਜ਼ ਖ਼ਾਨ ਨੇ ਕੀਤਾ ਹੈ। ਇਹ ਫ਼ਿਲਮ ਫ਼ੋਨ ਨੰਬਰ 786 ਨਾਟਕ ‘ਤੇ ਆਧਾਰਿਤ ਹੈ ਜਿਸ ਦਾ ਰਚੇਤਾ ਮੁਹੰਮਦ ਆਮੀਨ ਭੱਟ ਹੈ। ਹਾਮਿਦ ਦਾ ਬਿਰਤਾਂਤ ਵੀ ਨੋ ਫ਼ਾਦਰਜ਼ ਇਨ ਕਸ਼ਮੀਰ ਵਰਗਾ ਹੀ ਹੈ। ਹਾਮਿਦ ਦਾ ਪਿਤਾ ਕਿਸ਼ਤੀਆਂ ਬਣਾਉਣ ਦਾ ਕੰਮ ਕਰਦਾ ਹੈ। ਇੱਕ ਦਿਨ ਉਹ ਕੰਮ ਤੋਂ ਵਾਪਿਸ ਨਹੀਂ ਆਉਂਦਾ ਅਤੇ ਲਾਪਤਾ ਹੋ ਜਾਂਦਾ ਹੈ, ਪਰ ਹਾਮਿਦ ਹਮੇਸ਼ਾਂ ਆਪਣੀ ਮਾਂ ਨੂੰ ਸਵਾਲ ਕਰਦਾ ਹੈ ਕਿ ਉਸ ਦਾ ਪਿਤਾ ਕਿੱਥੇ ਹੈ। ਮਾਂ ਹਾਮਿਦ ਨੂੰ ਕਹਿ ਦਿੰਦੀ ਹੈ ਕਿ ਉਸ ਦਾ ਪਿਤਾ ਅੱਲ੍ਹਾ ਕੋਲ ਚਲਾ ਗਿਆ ਹੈ। ਉਹ ਇੱਕ ਦਿਨ ਅੱਲ੍ਹਾ ਦੇ ਨੰਬਰ 786 ਦਾ ਜੋੜ-ਤੋੜ ਕਰ ਕੇ ਦਸ ਅੰਕਾਂ ਦਾ ਫ਼ੋਨ ਨੰਬਰ ਡਾਇਲ ਕਰਦਾ ਹੈ। ਕੁਦਰਤੀ ਉਹ ਫ਼ੋਨ CRPF ਦੇ ਇੱਕ ਜਵਾਨ ਨੂੰ ਮਿਲ ਜਾਂਦਾ ਹੈ। ਉਸ ਜਵਾਨ ਨੂੰ ਖ਼ੁਦਾ ਸਮਝ ਕੇ ਹਾਮਿਦ ਗੱਲ ਕਰਦਾ ਹੈ। ਜਵਾਨ ਵੀ ਉਸ ਬੱਚੇ ਨੂੰ ਖ਼ੁਦਾ ਵਰਗਾ ਦਿਲਾਸਾ ਦਿੰਦਾ ਹੈ ਅਤੇ ਹਾਮਿਦ ਅਤੇ ਉਸ ਦੇ ਪਰਿਵਾਰ ਦੀ ਮਾਲੀ ਤੇ ਹੋਰ ਸਾਧਨਾਂ ਨਾਲ ਸਹਾਇਤਾ ਵੀ ਕਰਦਾ ਹੈ। ਜਵਾਨ ਨੂੰ ਉਸ ਵਿੱਚੋਂ ਆਪਣੀ ਧੀ ਦੀ ਝਲਕ ਨਜ਼ਰ ਆਉਂਦੀ ਹੈ। ਇਸ ਫ਼ਿਲਮ ਵਿੱਚ ਆਮ ਕਸ਼ਮੀਰੀ ਨਾਗਰਿਕ ਅਤੇ ਫ਼ੌਜ ਦੇ ਜਵਾਨਾਂ ਦੇ ਆਪਸੀ ਰਿਸ਼ਤਿਆਂ ਨੂੰ ਉਘਾੜਿਆ ਗਿਆ ਹੈ।
ਇਸ ਤਰ੍ਹਾਂ ਦੀਆਂ ਕਈ ਹੋਰ ਫ਼ਿਲਮਾਂ ਕਸ਼ਮੀਰੀ ਜਨ-ਜੀਵਨ ਨੂੰ ਪੇਸ਼ ਕਰਨ ਵਾਲੀਆਂ ਹਨ ਜਿਨ੍ਹਾਂ ਵਿੱਚ ਖ਼ਾਸ ਕਰ ਕੇ ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਹੈਦਰ ਜਿਹੜੀ ਸ਼ੈਕਸਪੀਅਰ ਦੇ ਨਾਟਕ ਹੈਮਲੈਟ ‘ਤੇ ਆਧਾਰਿਤ ਹੈ। ਹੈਮਲੈਟ ਦੀ ਵੰਡੀ ਹੋਈ ਸ਼ਖ਼ਸੀਅਤ ਅਤੇ ਉਸਰਿਆ ਕੇਂਦਰੀ ਕਿਰਦਾਰ ਹੀ ਕਸ਼ਮੀਰ ਦੇ ਦੁਖਾਂਤ ਦਾ ਪ੍ਰਤੀਕ ਨਹੀਂ ਬਣਦਾ ਸਗੋਂ ਉਸ ਦੀ ਮਾਂ, ਪ੍ਰੇਮਿਕਾ, ਪਿਤਾ, ਚਾਚਾ ਅਤੇ ਹੋਰ ਕਿਰਦਾਰ ਵੀ ਵਰ੍ਹਿਆਂ ਤੋਂ ਵਾਪਰ ਰਹੀ ਤ੍ਰਾਸਦੀ ਦੇ ਗਵਾਹ ਹੋ ਨਿਬੜਦੇ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਮਧੋਲੀਆਂ ਗਈਆਂ ਹਨ, ਕਸ਼ਮੀਰ ਮਧੋਲਿਆ ਗਿਆ ਹੈ, ਸਭ ਕੁੱਝ ਖ਼ਤਮ ਹੈ। ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਨਾਲ ਕਸ਼ਮੀਰੀ ਲੋਕ ਘਿਰੇ ਹੋਏ ਹਨ। ਜਿੰਨਾ ਚਿਰ ਉੱਥੋਂ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਨਹੀਂ ਕੀਤੀ ਜਾਂਦੀ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਣ ਦਾ ਸਾਰਥਿਕ ਉਪਰਾਲਾ ਨਹੀਂ ਕੀਤਾ ਜਾਂਦਾ ਓਦੋਂ ਤਕ ਹਾਲਾਤ ਨਹੀਂ ਸੁਧਰਨਗੇ।