ਨਵੀਂ ਦਿੱਲੀ— ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਦੇਸ਼ਧ੍ਰੋਹੀ ਨਾਅਰਿਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਕਨ੍ਹਈਆ ਨਾਲ ਜੁੜੇ ਇਕ ਮਾਮਲੇ ‘ਚ ਕੋਰਟ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਨਾ ਦੇਣ ਤੋਂ ਸਾਬਤ ਹੁੰਦਾ ਹੈ ਕਿ ਕੇਜਰੀਵਾਲ ਦੇਸ਼ਧ੍ਰੋਹੀ ਨਾਅਰੇ ਲਗਾਉਣ ਵਾਲਿਆਂ ਦਾ ਸਮਰਥਨ ਕਰਦੇ ਹਨ। ਜਾਵਡੇਕਰ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਬਤੌਰ ਚੋਣ ਇੰਚਾਰਜ, ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਤੋਂ ਬਾਅਦ ਕਿਹਾ,”ਦਿੱਲੀ ਦੇ ਮੁੱਖ ਮੰਤਰੀ ਤੋਂ ਕੋਰਟ ਵਾਰ-ਵਾਰ ਪੁੱਛ ਰਹੀ ਹੈ ਕਿ ਤੁਸੀਂ ਦੇਸ਼ਧ੍ਰੋਹੀ ਨਾਅਰਿਆਂ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਪਰ ਹੁਣ ਇਹੀ ਕਹਿਣਾ ਪਵੇਗਾ ਕਿ ਦਿੱਲੀ ਦੇ ਮੁੱਖ ਮੰਤਰੀ ਹੈ ਜੋ ਦੇਸ਼ਧ੍ਰੋਹੀ ਨਾਅਰਿਆਂ ਦਾ ਸਮਰਥਨ ਕਰਦੇ ਹਨ।”
ਜ਼ਿਕਰਯੋਗ ਹੈ ਕਿ ਜੇ.ਐੱਨ.ਯੂ. ਦੇ ਸਾਬਕਾ ਵਿਦਿਆਰਥੀ ਸੰਘ ਪ੍ਰਧਾਨ ਕਨ੍ਹਈਆ ਕੁਮਾਰ ‘ਤੇ ਯੂਨੀਵਰਸਿਟੀ ਕੰਪਲੈਕਸ ‘ਚ ਦੇਸ਼ਧ੍ਰੋਹੀ ਨਾਅਰੇ ਲਗਾਉਣ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਦੋਸ਼ ਪੱਤਰ ਦਾਇਰ ਕਰ ਕੇ ਮੁਕੱਦਮਾ ਚਲਾਉਣ ਲਈ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਮੰਗੀ ਹੈ। ਕੇਜਰੀਵਾਲ ਸਰਕਾਰ ਵਲੋਂ ਇਸ ਦੀ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਕੋਰਟ ‘ਚ ਮੁਕੱਦਮਾ ਸ਼ੁਰੂ ਨਹੀਂ ਹੋ ਸਕਿਆ ਹੈ। ਜਾਵਡੇਕਰ ਨੇ ਕਿਹਾ ਕਿ ਇਹ ਹੁਣ ਸਾਫ਼ ਹੋ ਗਿਆ ਹੈ ਕਿ ਜੇ.ਐੱਨ.ਯੂ. ‘ਚ ਲਗਾਏ ਗਏ ਦੇਸ਼ਧ੍ਰੋਹੀ ਨਾਅਰਿਆਂ ਦਾ ਕੇਜਰੀਵਾਲ ਸਮਰਥਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮਰਥਨ ਨਹੀਂ ਕਰਦੇ ਹੁੰਦੇ ਤਾਂ ਉਹ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੰਦੇ ਪਰ ਕੋਰਟ ਦੇ ਵਾਰ-ਵਾਰ ਕਹਿਣ ‘ਤੇ ਵੀ ਉਨ੍ਹਾਂ ਨੇ ਮਨਜ਼ੂਰੀ ਇਸ ਲਈ ਨਹੀਂ ਦਿੱਤੀ ਹੈ ਕਿ ਉਹ ਮਨ ਤੋਂ ਇਨ੍ਹਾਂ ਨਾਅਰਿਆਂ ਦਾ ਸਮਰਥਨ ਕਰਦੇ ਹਨ। ਜਾਵਡੇਕਰ ਨੇ ਕਿਹਾ,”ਦਿੱਲੀ ਦੀ ਜਨਤਾ ‘ਚ ਇਸ ਨੂੰ ਲੈ ਕੇ ਨਾਰਾਜ਼ ਹੈ। ਇਸ ਮਾਮਲੇ ‘ਚ ਕੌਣ ਦੋਸ਼ੀ ਹੈ, ਇਹ ਤੈਅ ਕਰਨਾ ਕੋਰਟ ਦਾ ਕੰਮ ਹੈ ਪਰ ਕੋਰਟ ‘ਚ ਮੁਕੱਦਮਾ ਜਾਣ ਹੀ ਨਹੀਂ ਦੇਣਾ, ਮੁੱਖ ਮੰਤਰੀ ਦਾ ਪਾਪ ਹੈ ਅਤੇ ਹੁਣ ਇਹ ਪਰਦਾਫਾਸ਼ ਹੋ ਗਿਆ ਹੈ ਕਿ ਉਹ ਇਨ੍ਹਾਂ ਨਾਅਰਿਆਂ ਦਾ ਸਮਰਥਨ ਕਰਦੇ ਹਨ ਅਤੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ।”