ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੀ ਡੇਰਾ ਬਾਬਾ ਨਾਨਕ ਵਿਖੇ ਹੋਈ ਮੀਟਿੰਗ ‘ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਤੰਜ ਕੱਸਿਆ ਹੈ। ਡਾ. ਚੀਮਾ ਨੇ ਕਿਹਾ ਹੈ ਕਿ ਕੈਪਟਨ ਦਿਖਾਵਾ ਕਰਨ ਦੀ ਬਜਾਏ ਕੁਝ ਕਰ ਕੇ ਵੀ ਦਿਖਾਉਣ ਕਿਉਂਕਿ ਅਜੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੁਝ ਹੀ ਪ੍ਰੋਗਰਾਮ ਆਯੋਜਿਤ ਹੋਏ ਹਨ ਪਰ ਉੱਥੇ ਜਾਮ ਲੱਗਣੇ ਸ਼ੁਰੂ ਹੋ ਚੁੱਕੇ ਹਨ, ਜਿਸ ਦੇ ਚੱਲਦਿਆਂ ਕੈਪਟਨ ਸਾਹਿਬ ਜ਼ਮੀਨੀ ਪੱਧਰ ‘ਤੇ ਕੰਮ ਕਰਨ ਕਿਉਂਕਿ ਦਿਖਾਵੇ ਨਾਲ ਕੋਈ ਕੰਮ ਨਹੀਂ ਬਣਨਾ।
ਉੱਥੇ ਹੀ ਡਾ. ਚੀਮਾ ਨੇ ਕੈਪਟਨ ਸਰਕਾਰ ਦੇ ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਸਲਾਹਕਾਰ ਬਣਾਏ ਜਾਣ ‘ਤੇ ਵੀ ਸਵਾਲ ਚੁੱਕੇ ਹਨ। ਡਾ. ਚੀਮਾ ਦਾ ਕਹਿਣਾ ਹੈ ਕਿ ਸਰਕਾਰ ਨੇ ਵਿਧਾਇਕਾਂ ਨੂੰ ਸਲਾਹਕਾਰ ਬਣਾ ਕੇ ਸੰਵਿਧਾਨ ਦੀ ਬਹੁਤ ਵੱਡੀ ਉਲੰਘਣਾ ਕੀਤੀ ਹੈ ਕਿਉਂਕਿ ਸੰਵਿਧਾਨ ਮੁਤਾਬਕ ਇਕ ਵਿਧਾਇਕ ਨੂੰ ਲਾਭ ਦੇ ਅਹੁਦੇ ‘ਚ ਨਹੀਂ ਰੱਖ ਸਕਦੇ। ਇਸ ਦੇ ਬਾਵਜੂਦ ਵੀ ਸਰਕਾਰ ਨੇ ਵੱਡੀ ਫੌਜ ਨੂੰ ਸਲਾਹਕਾਰ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੂੰ ਮਹਿਸੂਸ ਹੋਇਆ ਹੈ ਕਿ ਇਹ ਫੈਸਲਾ ਗਲਤ ਹੈ ਤਾਂ ਉਨ੍ਹਾਂ ਨੇ ਕੈਬਿਨਟ ‘ਚ ਨਿਯਮਾਂ ‘ਚ ਸੋਧ ਕਰਨ ਦੀ ਕੋਸ਼ਿਸ਼ ਕੀਤੀ।