ਅੰਬਾਲਾ—ਹਰਿਆਣਾ ਸਰਕਾਰ ‘ਚ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ‘ਤੇ ਅੱਜ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਾਡਰਾ ਅਤੇ ਡੀ. ਐੱਲ. ਐੱਫ. ਵਿਚਾਲੇ ਹੋਏ ਜ਼ਮੀਨ ਦੇ ਲਾਇਸੈਂਸ ਟ੍ਰਾਂਸਫਰ ਦੀ ਜਾਂਚ ਹੋਵੇਗੀ। ਦੱਸ ਦੇਈਏ ਕਿ ਅਨਿਲ ਵਿਜ ਦਾ ਇਹ ਬਿਆਨ ਅਜਿਹੇ ਸਮੇਂ ‘ਤੇ ਦਿੱਤਾ ਗਿਆ ਹੈ ਜਦੋਂ ਸੂਬੇ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ।
ਵਿਜ ਨੇ ਟਵੀਟ ਕਰਦੇ ਹੋਏ ਕਿਹਾ, ”ਜਦੋਂ ਹਰਿਆਣਾ ਅਤੇ ਕੇਂਦਰ ‘ਚ ਕਾਂਗਰਸ ਸਰਕਾਰ ਸੀ ਤਾਂ ਸ਼ਾਹੀ ਜਮਾਈ ਰਾਜਾ (ਰਾਬਰਟ ਵਾਡਰਾ) ਨੇ 7 ਕਰੋੜ ਰੁਪਏ ‘ਚ ਸ਼ਿਕੋਹਪੁਰ ‘ਚ ਇੱਕ ਜ਼ਮੀਨ ਖ੍ਰੀਦੀ ਅਤੇ ਉਸ ਦਾ ਚੇਂਜ ਆਫ ਲੈਂਡ ਯੂਜ ਪਰਮਿਟ ਵੀ ਹਾਸਲ ਕਰ ਲਿਆ। ਇਸ ਤੋਂ ਬਾਅਦ ਉਹ ਜ਼ਮੀਨ ਡੀ. ਐੱਲ. ਐੱਫ. ਨੂੰ 58 ਕਰੋੜ ਰੁਪਏ ‘ਚ ਵੇਚ ਦਿੱਤੀ ਸੀ। ਹੁਣ ਇਸ ਦੀ ਜਾਂਚ ਹੋਵੇਗੀ ਕਿ ਲਾਈਸੈਂਸ ਟ੍ਰਾਂਸਫਰ ਦੀ ਇਹ ਪ੍ਰਕਿਰਿਆ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਸੀ ਜਾਂ ਨਹੀਂ।”
ਜ਼ਿਕਰਯੋਗ ਹੈ ਕਿ ਰਾਬਰਟ ਵਾਡਰਾ ਇਸ ਤੋਂ ਇਲਾਵਾ ਮਨੀ ਲਾਂਡਰਿੰਗ ਦੇ ਮਾਮਲੇ ‘ਚ ਵੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਅਤੇ ਫਿਲਹਾਲ ਜ਼ਮਾਨਤ ‘ਤੇ ਚੱਲ ਰਹੇ ਹਨ। ਇਸ ਸਾਲ ਅਪ੍ਰੈਲ ‘ਚ ਅਦਾਲਤ ਨੇ ਮਨੀ ਲਾਂਡਰਿੰਗ ਕੇਸ ‘ਚ ਵਾਡਰਾ ਨੂੰ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਦੇ ਵਿਦੇਸ਼ ਜਾਣ ‘ਤੇ ਰੋਕ ਲਗਾ ਦਿੱਤੀ ਸੀ।