ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇੱਕ ਮੈਂਬਰ ਨਾਲ ਇਸ ਸਾਲ ਦੇ ਸ਼ੁਰੂ ‘ਚ ਮੈਚ ਫ਼ਿਕਸ ਕਰਨ ਲਈ ਸੰਪਰਕ ਕੀਤਾ ਗਿਆ ਸੀ ਜਿਸ ਲਈ BCCI ਦੀ ਭ੍ਰਿਸ਼ਟਾਚਾਰ ਰੋਕੂ ਇੱਕਾਈ (ACU) ਨੇ ਦੋ ਵਿਅਕਤੀਆਂ ਰਕੇਸ਼ ਬਾਫ਼ਨਾ ਅਤੇ ਜਤਿੰਦਰ ਕੋਠਾਰੀ ਖ਼ਿਲਾਫ਼ ਬੈਂਗਲੁਰੂ ਪੁਲੀਸ ਕੋਲ FRI ਦਰਜ ਕਰਵਾ ਦਿੱਤੀ। ਭਾਰਤੀ ਸਜ਼ਾ ਜ਼ਾਬਤਾ (IPC) ਦੀ ਧਾਰਾ 420 ਸਮੇਤ ਚਾਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜੋ ਧੋਧਾਦੇਹੀ ਅਤੇ ਬੇਈਮਾਨੀ ਨਾਲ ਸੰਪਤੀ ਦੀ ਵੰਡ ਨੂੰ ਪ੍ਰੇਰਿਤ ਕਰਦਾ ਹੈ।

ਇਹ ਕਥਿਤ ਘਟਨਾ ਫ਼ਰਵਰੀ ‘ਚ ਇੰਗਲੈਂਡ ਖ਼ਿਲਾਫ਼ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਘਟੀ ਸੀ। ਇਸ ਖਿਡਾਰੀ ਨੇ ਬੋਰਡ ACU ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਸੀ। ACU ਪ੍ਰਮੁੱਖ ਅਜਿਤ ਸਿੰਘ ਸੇਖਾਵਤ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਸ਼ੇਖਾਵਤ ਨੇ ਕਿਹਾ, ”ਉਹ ਭਾਰਤੀ ਕ੍ਰਿਕਟਰ ਅਤੇ ਕੌਮਾਂਤਰੀ ਕ੍ਰਿਕਟਰ ਹਨ, ਇਸ ਲਈ ICC ਨੇ ਇਸ ਮਾਮਲੇ ‘ਚ ਜਾਂਚ ਕੀਤੀ। ICC ਨੇ ਸੰਪਰਕ ਕਰਨ ਵਾਲੇ ਵਿਅਕਤੀ ਨੂੰ ਚਿਤਾਵਨੀ ਦਿੱਤੀ ਅਤੇ ਸਾਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਮੰਨਿਆ ਕਿ ਕ੍ਰਿਕਟਰ ਨੇ ਸੰਪਰਕ ਕਰਨ ਦੀ ਸੂਚਨਾ ਦੇ ਕੇ ਸਹੀ ਕੰਮ ਕੀਤਾ।