ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੂੰ ਵੀਰਵਾਰ ਨੂੰ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਵਲੋਂ ਝਟਕਾ ਲੱਗਾ ਹੈ। ਕੋਰਟ ਨੇ ਉਨ੍ਹਾਂ ਨੂੰ ਫਿਰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ ਯਾਨੀ ਉਹ 3 ਅਕਤੂਬਰ ਤੱਕ ਤਿਹਾੜ ਜੇਲ ‘ਚ ਹੀ ਰਹਿਣਗੇ। ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਗ੍ਰਿਫਤਾਰ ਚਿਦਾਂਬਰਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ਪੂਰੀ ਹੋਣ ਤੋਂ ਬਾਅਦ ਅੱਜ ਯਾਨੀ ਵੀਰਵਾਰ ਨੂੰ ਰਾਊਜ ਐਵੇਨਿਊ ਸਥਿਤ ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੋਰਟ ਨੂੰ ਚਿਦਾਂਬਰਮ ਦੀ ਨਿਆਇਕ ਹਿਰਾਸਤ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ, ਜਦੋਂ ਕਿ ਬਚਾਅ ਪੱਖ ਵਲੋਂ ਹਾਜ਼ਰ ਸੀਨੀਅਰ ਵਕੀਲ ਕਪਿੱਲ ਸਿੱਬਲ ਨੇ ਇਸ ਦਾ ਵਿਰੋਧ ਕੀਤਾ। ਜਾਂਚ ਏਜੰਸੀ ਵਲੋਂ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਚਿਦਾਂਬਰਮ ਦੀ ਨਿਆਇਕ ਹਿਰਾਸਤ ਵਧਆਉਣ ਦੀ ਅਪੀਲ ਕਰਦੇ ਹੋਏ ਕੋਰਟ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਪਹਿਲੀ ਵਾਰ ਜੇਲ ਭੇਜਿਆ ਗਿਆ ਸੀ, ਉਦੋਂ ਤੋਂ ਹਾਲਾਤਾਂ ‘ਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਆਈ ਹੈ।
ਜੱਜ ਕੁਹਾਰ ਨੇ ਚਿਦਾਂਬਰਮ ਦੀ ਨਿਆਇਕ ਹਿਰਾਸਤ ਦੀ ਮਿਆਦ ਵਧਾਉਣ ਦਾ ਆਦੇਸ਼ ਦਿੰਦੇ ਹੋਏ ਉਨ੍ਹਾਂ ਦੀ ਮੈਡੀਕਲ ਜਾਂਚ ਦੀ ਮਨਜ਼ੂਰੀ ਦਿੱਤੀ। ਸਿੱਬਲ ਨੇ ਚਿਦਾਂਬਰਮ ਵਲੋਂ ਨਿਯਮਿਤ ਮੈਡੀਕਲ ਜਾਂਚ ਅਤੇ ਤਿਹਾੜ ਜੇਲ ‘ਚ ਨਿਆਇਕ ਹਿਰਾਸਤ ਦੌਰਾਨ ਪੂਰਾ ਭੋਜਨ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਸੀ। ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸੀ.ਬੀ.ਆਈ. ਨੇ ਚਿਦਾਂਬਰਮ ਨੂੰ 21 ਅਗਸਤ ਦੀ ਰਾਤ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ 22 ਅਗਸਤ ਨੂੰ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਕੋਰਟ ਨੇ ਚਿਦਾਂਬਰਮ ਨੂੰ ਪਹਿਲਾਂ 26 ਅਗਸਤ ਤੱਕ ਸੀ.ਬੀ.ਆਈ. ਦੀ ਹਿਰਾਸਤ ‘ਚ ਭੇਜਿਆ। ਇਸ ਤੋਂ ਬਾਅਦ ਇਸ ਨੂੰ 30 ਅਗਸਤ ਅਤੇ ਬਾਅਦ ‘ਚ ਵਧਾ ਕੇ 5 ਸਤੰਬਰ ਕੀਤਾ ਗਿਆ ਸੀ। 5 ਸਤੰਬਰ ਨੂੰ ਚਿਦਾਂਬਰਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਤਿਹਾੜ ਜੇਲ ਭੇਜ ਦਿੱਤਾ ਗਿਆ ਸੀ। ਇਹ ਮਾਮਲਾ ਆਈ.ਐੱਨ.ਐਕਸ ਮੀਡੀਆ ਨੂੰ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐੱਫ.ਆਈ.ਪੀ.ਬੀ.) ਤੋਂ 305 ਕਰੋੜ ਰੁਪਏ ਨਾਲ ਜੁੜਿਆ ਹੋਇਆ ਹੈ। ਚਿਦਾਂਬਰਮ ਉਸ ਸਮੇਂ ਮਨਮੋਹਨ ਸਿੰਘ ਸਰਕਾਰ ‘ਚ ਵਿੱਤ ਮੰਤਰੀ ਸਨ ਅਤੇ ਉਨ੍ਹਾਂ ‘ਤੇ ਦੋਸ਼ ਹੈ ਕਿ ਐੱਫ.ਆਈ.ਪੀ.ਬੀ. ਤੋਂ ਮਨਜ਼ੂਰੀ ਦਿਵਾਉਣ ‘ਚ ਬੇਨਿਯਮੀ ਵਰਤੀ ਗਈ। ਇਸ ਮਾਮਲੇ ‘ਚ ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਵੀ ਦੋਸ਼ੀ ਹਨ। ਕਾਰਤੀ ਇਸ ਮਾਮਲੇ ‘ਚ ਫਿਲਹਾਲ ਜ਼ਮਾਨਤ ‘ਤੇ ਹਨ।