ਨਵੀਂ ਦਿੱਲੀ— ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਬਹੁਪੱਖੀ ਮੁੱਦਿਆਂ ‘ਤੇ ਚਰਚਾ ਦਾ ਮੰਚ ਹੈ, ਜਿੱਥੇ ਧਾਰਾ-370 ‘ਤੇ ਸਾਡਾ ਚਰਚਾ ਦਾ ਕੋਈ ਏਜੰਡਾ ਨਹੀਂ ਹੈ। ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇੱਥੇ ਅੱਤਵਾਦ ‘ਤੇ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਹੀ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੇ ਮੁੱਦੇ ‘ਤੇ ਚਰਚਾ ਹੋ ਸਕਦੀ ਹੈ।
ਇੱਥੇ ਦੱਸ ਦੇਈਏ ਕਿ ਆਪਣੇ ਅਮਰੀਕੀ ਦੌਰੇ ਦੌਰਾਨ ਪੀ. ਐੱਮ. ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਿਤ ਕਰਨਗੇ। ਪੀ. ਐੱਮ. ਮੋਦੀ ਦੂਜੀ ਵਾਰ ਸੈਸ਼ਨ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਸਾਲ 2014 ‘ਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕੀਤਾ ਸੀ। ਵਿਦੇਸ਼ ਸਕੱਤਰ ਨੇ ਕਿਹਾ ਕਿ ਪਾਕਿਸਤਾਨ ਵਲੋਂ ਪੀ. ਐੱਮ. ਮੋਦੀ ਦੇ ਜਹਾਜ਼ ਲਈ ਏਅਰਸਪੇਸ ਨਾ ਖੋਲ੍ਹਣਾ ਬੇਹੱਦ ਮਾੜੀ ਗੱਲ ਹੈ। ਇਹ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਹੈ।
ਗੋਖਲੇ ਨੇ ਅਮਰੀਕਾ ਵਿਚ ਪੀ. ਐੱਮ. ਮੋਦੀ ਦੇ ਪੂਰੇ ਪ੍ਰੋਗਰਾਮ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੀ. ਐੱਮ. 21 ਤੋਂ 27 ਸਤੰਬਰ ਤਕ ਅਮਰੀਕਾ ਦੌਰੇ ‘ਤੇ ਹੋਣਗੇ। ਪੀ. ਐੱਮ. 21 ਸਤੰਬਰ ਦੀ ਦੇਰ ਸ਼ਾਮ ਅਮਰੀਕਾ ਲਈ ਰਵਾਨਾ ਹੋਣਗੇ। ਇਸ ਦੌਰਾਨ ਉਹ ਦੇਸ਼ ਹਿੱਤ ਨਾਲ ਜੁੜੇ ਮੁੱੱਦਿਆਂ ਅਤੇ ਅੱਤਵਾਦ ਦੇ ਮੁੱਦੇ ‘ਤੇ ਗੱਲਬਾਤ ਕਰਨਗੇ। ਵਿਦੇਸ਼ ਸਕੱਤਰ ਨੇ ਦੱਸਿਆ ਕਿ ਅਮਰੀਕਾ ਦੌਰੇ ਦੌਰਾਨ ਮੋਦੀ ਭਾਰਤੀ ਭਾਈਚਾਰੇ ਨਾਲ ਉਦਯੋਗ ਜਗਤ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਪੀ. ਐੱਮ. ਮੋਦੀ ਕਈ ਦੋ-ਪੱਖੀ ਬੈਠਕਾਂ ਵਿਚ ਵੀ ਹਿੱਸਾ ਲੈਣਗੇ।