ਚੰਡੀਗੜ੍ਹ—ਹਰਿਆਣਾ ਸਰਕਾਰ ‘ਚ ਕੈਬਨਿਟ ਮੰਤਰੀ ਅਨਿਲ ਵਿਜ ਨੇ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਨੂੰ ਲੈ ਕੇ ਕਿਹਾ ਹੈ, ”ਅਸੀਂ ਬੇਸਬਰੀ ਨਾਲ ਚੋਣ ਤਾਰੀਕਾਂ ਦਾ ਇੰਤਜ਼ਾਰ ਕਰ ਰਹੇ ਸੀ। ਅਸੀਂ ਹੁਣ ਚੋਣਾਂ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ, ਸਾਡੇ ਲਈ ਚਾਹੇ ਕੱਲ ਹੀ ਚੋਣਾਂ ਕਰਵਾ ਲਉ।” ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਕਦੀ ਵੀ ਬੈਰਕ ‘ਚ ਨਹੀਂ ਭੇਜੇ ਜਾਂਦੇ, ਕਿਉਂਕਿ ਉਹ ਚੋਣਾਂ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰਿਆਣਾ ‘ਚ ਸੀ. ਐੱਮ. ਮਨੋਹਰ ਲਾਲ ਖੱਟੜ ਦੀ ਜਨ ਅਸ਼ੀਰਵਾਦ ਯਾਤਰਾ ਨੂੰ ਜਿਸ ਤਰ੍ਹਾਂ ਸਮਰਥਨ ਮਿਲਿਆ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ 75 ਪਾਰ ਮਿਸ਼ਨ ਜਰੂਰ ਪੂਰਾ ਕਰੇਗੀ।
ਦੱਸ ਦੇਈਏ ਕਿ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਪ੍ਰੈੱਸ ਕਾਨਫਰੰਸ ‘ਚ ਹਰਿਆਣਾ ਵਿਧਾਨ ਸਭਾ ਚੋਣਾਂ 2019 ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ‘ਚ 90 ਸੀਟਾਂ ਲਈ ਵਿਧਾਨ ਸਭਾ ਚੋਣਾਂ ਆਉਣ ਵਾਲੀ 21 ਅਕਤੂਬਰ ਨੂੰ ਹੋਣਗੀਆਂ ਅਤੇ 24 ਅਕਤੂਬਰ ਨੂੰ ਚੋਣਾਂ ਦੇ ਨਤੀਜੇ ਆਉਣਗੇ। ਚੋਣਾਂ ਦੇ ਮੱਦੇਨਜ਼ਰ ਅੱਜ ਭਾਵ ਸ਼ਨੀਵਾਰ (21 ਸਤੰਬਰ) ਤੋਂ ਮਹਾਰਾਸ਼ਟਰ ਅਤੇ ਹਰਿਆਣਾ ‘ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਦੋਵਾਂ ਸੂਬਿਆਂ ‘ਚ ਚੋਣਾਂ ਨਾਲ ਸੰਬੰਧਿਤ ਨੋਟੀਫਿਕੇਸ਼ਨ 27 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ ਅਤੇ 4 ਅਕਤੂਬਰ ਤੱਕ ਨਾਮਜ਼ਦਗੀ ਕੀਤੀ ਜਾ ਸਕਦੀ ਹੈ ਅਤੇ ਨਾਂ ਵਾਪਸ ਲੈਣ ਦੀ ਆਖਰੀ ਤਾਰੀਕ 7 ਅਕਤੂਬਰ ਹੈ।