ਏਟਾ— ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ ‘ਚ ਸ਼ਨੀਵਾਰ ਯਾਨੀ ਕਿ ਅੱਜ ਇਕ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜੋ ਕਿ ਨਾਬਾਲਗ ਕੁੜੀਆਂ ਸਨ। ਜਦਕਿ 11 ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ ਅਤੇ ਬਚਾਅ ਕੰਮ ਜਾਰੀ ਹੈ। ਧਮਾਕੇ ਕਾਰਨ ਫੈਕਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਤਰਾਂ ਮੁਤਾਬਕ ਇਹ ਫੈਕਟਰੀ ਲੰਬੇ ਸਮੇਂ ਤੋਂ ਇਕ ਮਕਾਨ ‘ਚ ਚੱਲ ਰਹੀ ਸੀ।
ਓਧਰ ਏਟਾ ਦੇ ਜ਼ਿਲਾ ਮੈਜਿਸਟ੍ਰੇਟ ਸੁੱਖਲਾਲ ਭਾਰਤੀ ਨੇ ਕਿਹਾ ਕਿ ਪੁਲਸ ਅਧਿਕਾਰੀ ਅਤੇ ਡਾਕਟਰ ਮੌਕੇ ‘ਤੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ‘ਚ ਇਜਾਫਾ ਹੋ ਸਕਦਾ ਹੈ। ਜ਼ਖਮੀਆਂ ਦਾ ਜ਼ਿਲਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਮਿਰੇਚੀ ਇਲਾਕੇ ਵਿਚ ਵਾਪਰੀ ਹੈ। ਧਮਾਕੇ ਕਾਰਨ ਆਲੇ-ਦੁਆਲੇ ਦੇ ਦੋ ਘਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਜਿਸ ਥਾਂ ਇਹ ਪਟਾਕੇ ਬਣਾਉਣ ਦਾ ਕੰਮ ਹੋ ਰਿਹਾ ਸੀ, ਉਨ੍ਹਾਂ ਨੂੰ ਲਾਇਸੈਂਸ ਪ੍ਰਾਪਤ ਸੀ ਜਾਂ ਨਹੀਂ। ਪੁਲਸ ਅਤੇ ਆਲਾ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।