ਜੋਧਪੁਰ— ਨਾਬਾਲਗ ਨਾਲ ਜਬਰ-ਜ਼ਨਾਹ ਕੇਸ ‘ਚ ਜੋਧਪੁਰ ਦੀ ਕੇਂਦਰੀ ਜੇਲ ‘ਚ ਬੰਦ ਆਸਾਰਾਮ ਨੂੰ ਇਕ ਵਾਰ ਫਿਰ ਕੋਰਟ ਵਲੋਂ ਝਟਕਾ ਲੱਗਾ ਹੈ। ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਦੀ ਉਮਰਕੈਦ ਦੀ ਸਜ਼ਾ ‘ਤੇ ਰੋਕ ਲਾਉਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਆਸਾਰਾਮ ਵਲੋਂ ਸਜ਼ਾ ‘ਤੇ ਰੋਕ ਲਾਉਣ ਲਈ ਹਾਈ ਕੋਰਟ ਵਿਚ ਦੂਜੀ ਵਾਰ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ।
ਰਾਜਸਥਾਨ ਹਾਈ ਕੋਰਟ ਦੇ ਜੱਜ ਸੰਦੀਪ ਮਹਿਤਾ ਅਤੇ ਜੱਜ ਵਿਨੀਤ ਕੁਮਾਰ ਮਾਥੁਰ ਦੀ ਵਿਸ਼ੇਸ਼ ਬੈਂਚ ‘ਚ ਸਜ਼ਾ ‘ਤੇ ਰੋਕ ਲਾਉਣ ਸਬੰਧੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਆਸਾਰਾਮ ਦੇ ਵਕੀਲ ਨੇ ਕੁਝ ਦਲੀਲਾਂ ਦਿੱਤੀਆਂ, ਜਿਸ ਤੋਂ ਕੋਰਟ ਸਹਿਮਤ ਨਹੀਂ ਹੋਈ ਅਤੇ ਪਟੀਸ਼ਨ ਖਾਰਜ ਕਰ ਦਿੱਤੀ। ਦਰਅਸਲ ਆਸਾਰਾਮ ਦੇ ਵਕੀਲ ਨੇ ਨਾਬਾਲਗ ਦੀ ਉਮਰ ਸੰਬੰਧੀ ਮਾਮਲੇ ‘ਤੇ ਬਹਿਸ ਕੀਤੀ ਸੀ ਪਰ ਵਕੀਲ ਦੀ ਇਹ ਦਲੀਲ ਕੰਮ ਨਹੀਂ ਆਈ।
ਜ਼ਿਕਰਯੋਗ ਹੈ ਕਿ ਆਸਾਰਾਮ ‘ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਨੇ ਰੇਪ ਦਾ ਦੋਸ਼ ਲਾਇਆ ਸੀ, ਜਿਸ ‘ਚ ਆਸਾਰਾਮ ਦੋਸ਼ੀ ਸਾਬਤ ਹੋਇਆ। ਆਸਾਰਾਮ ਨੂੰ ਜੋਧਪੁਰ ਦੀ ਕੇਂਦਰੀ ਜੇਲ ‘ਚ ਭੇਜਿਆ ਗਿਆ। ਪੀੜਤਾ ਦਾ ਦੋਸ਼ ਹੈ ਕਿ ਆਸਾਰਾਮ ਨੇ ਜੋਧਪੁਰ ਦੇ ਨੇੜੇ ਮਨਈ ਆਸ਼ਰਮ ‘ਚ ਉਸ ਨੂੰ ਬੁਲਾਇਆ ਸੀ ਅਤੇ 15 ਅਗਸਤ 2013 ਨੂੰ ਉਸ ਨਾਲ ਰੇਪ ਕੀਤਾ ਸੀ। ਹਾਲਾਂਕਿ ਆਸਾਰਾਮ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।