ਨਵੀਂ ਦਿੱਲੀ — ਕਾਂਗਰਸ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਖ ‘ਚ ਪ੍ਰਚਾਰ ਕਰ ਕੇ ਦੂਜੇ ਦੇਸ਼ਾਂ ਦੀਆਂ ਚੋਣਾਂ ‘ਚ ਦਖਲ ਨਾ ਦੇਣ ਦੀ ਭਾਰਤੀ ਵਿਦੇਸ਼ ਨੀਤੀ ਦੇ ਸਿਧਾਂਤ ਦਾ ਉਲੰਘਣ ਕੀਤਾ ਹੈ। ਪਾਰਟੀ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਭਾਰਤ ਦੇ ਲੰਬੇ ਸਮੇਂ ਦੇ ਕੂਟਨੀਤਕ ਹਿੱਤਾਂ ਲਈ ਵੱਡਾ ਝਟਕਾ ਹੈ।
ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ”ਮੋਦੀ ਜੀ ਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਅਮਰੀਕਾ ਵਿਚ ਸਟਾਰ ਪ੍ਰਚਾਰਕ ਵਾਂਗ ਨਹੀਂ, ਸਗੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਅਮਰੀਕਾ ਗਏ ਹੋ।” ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨਾਲ ਸਾਡਾ ਰਿਸ਼ਤਾ ਹਮੇਸ਼ਾ ਤੋਂ ਦੋਹਾਂ ਪਾਰਟੀਆਂ (ਰਿਪਬਲੀਕਨ ਅਤੇ ਡੈਮੋਕ੍ਰੇਟਸ) ਤੁਹਾਡਾ ਖੁੱਲ੍ਹ ਕੇ ਟਰੰਪ ਲਈ ਪ੍ਰਚਾਰ ਕਰਨਾ ਭਾਰਤ ਅਤੇ ਅਮਰੀਕਾ ਵਰਗੇ ਲੋਕਤੰਤਰੀ ਦੇਸ਼ਾਂ ‘ਚ ਦਰਾਰ ਪੈਦਾ ਕਰਨਾ ਵਾਲਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਹਿਊਸਟਨ ‘ਚ ‘ਹਾਊਡੀ ਮੋਦੀ’ ਪ੍ਰੋਗਰਾਮ ਵਿਚ ਡੋਨਾਲਡ ਟਰੰਪ ਨੂੰ 2020 ‘ਚ ਮੁੜ ਚੁਣੇ ਜਾਣ ਲਈ ਕਿਹਾ ਸੀ- ‘ਅਬ ਕੀ ਬਾਰ, ਟਰੰਪ ਸਰਕਾਰ’।