ਚੰਡੀਗੜ੍ਹ : ਸਮਾਰਟ ਸਿਟੀ ਚੰਡੀਗੜ੍ਹ ‘ਚ ਵੀ ਨਗਰ ਪ੍ਰਸ਼ਾਸਨ ਹੁਣ ਇੰਦੌਰ ਦੀ ਤਰਜ਼ ‘ਤੇ ਪਲਾਸਟਿਕ ਦੇ ਕੂੜੇ ਨੂੰ ਨਸ਼ਟ ਕਰਕੇ ਉਸ ਨੂੰ ਸੜਕਾਂ ਬਣਾਉਣ ‘ਚ ਇਸਤੇਮਾਲ ਕਰੇਗਾ। ਇਸ ਨਾਲ ਸ਼ਹਿਰ ‘ਚ ਪਲਾਸਟਿਕ ਦੇ ਕੂੜੇ ਦੀ ਠੀਕ ਵਰਤੋਂ ਹੋਵੇਗੀ। ਉਕਤ ਤਕਨੀਕ ਨਾਲ ਸੜਕਾਂ ਨੂੰ ਬਣਾਉਣ ਨਾਲ ਨਿਗਮ ਅਤੇ ਪ੍ਰਸ਼ਾਸਨ ਨੂੰ ਤਾਰਕੋਲ ਦੇ ਖਰਚ ‘ਚ ਹੋਣ ਵਾਲੇ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ ਅਤੇ ਸੜਕਾਂ ਦੀ ਮਜ਼ਬੂਤੀ ਵੀ ਕਈ ਗੁਣਾ ਜ਼ਿਆਦਾ ਹੋਵੇਗੀ।
ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਦੱਸਿਆ ਕਿ ਸ਼ਹਿਰ ‘ਚ 2 ਅਕਤੂਬਰ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਪਲਾਸਟਿਕ ਦੇ ਕੈਰੀ ਬੈਗਸ, ਸਿੰਗਲ ਯੂਜ਼ ਪਲਾਸਟਿਕ ਬੀਤੇ ਦੀ ਗੱਲ ਹੋ ਜਾਵੇਗਾ ਅਤੇ ਜੋ ਇਸ ਦਾ ਇਸਤੇਮਾਲ ਕਰੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਸ਼ਹਿਰ ‘ਚ ਪ੍ਰਸ਼ਾਸਨ ਅਤੇ ਨਿਗਮ ਵਲੋਂ ਲੋਕਾਂ ਵਲੋਂ ਸਿੰਗਲ ਯੂਜ਼ ਪਲਾਸਟਿਕ ਅਤੇ ਕੈਰੀ ਬੈਗਸ ਇਕੱਠੇ ਕਰਨ ਲਈ ਥਾਂ-ਥਾਂ ਵੈਂਡਿੰਗ ਜ਼ੋਨ ਬਣਾਏ ਜਾਣਗੇ। ਇੱਥੇ ਉਕਤ ਪਲਾਸਟਿਕ ਨੂੰ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ ਇਸ ਦੇ ਬਦਲੇ ਪੈਸੇ ਦਿੱਤੇ ਜਾਣਗੇ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਪਲਾਸਟਿਕ ਮੁਕਤ ਕਰਨ ਲਈ ਸ਼ਹਿਰ ‘ਚ ਰੇਗ ਪਿਕਰਸ ਨੂੰ ਉਕਤ ਕੂੜਾ ਲਿਆ ਕੇ ਉਕਤ ਵੈਂਡਿੰਗ ਸਥਾਨਾਂ ‘ਤੇ ਜਮ੍ਹਾਂ ਕਰਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਕਤ ਕੂੜਾ ਠੀਕ ਤਰੀਕੇ ਨਾਲ ਉੱਥੋਂ ਚੁੱਕ ਕੇ ਪਲਾਂਟ ‘ਚ ਪਹੁੰਚਾਇਆ ਜਾਵੇ ਅਤੇ ਉੱਥੇ ਠੀਕ ਤਕਨੀਕ ਨਾਲ ਪ੍ਰੋਸੈੱਸ ਕਰ ਕੇ ਅੱਗੇ ਵਰਤੋਂ ‘ਚ ਲਿਆਂਦਾ ਜਾਵੇਗਾ।
ਪ੍ਰਸ਼ਾਸਨ ਵਲੋਂ ਉਕਤ ਪਲਾਸਟਿਕ ਇਕੱਠਾ ਕਰਨ ਲਈ ਵੈਂਡਿੰਗ ਮਸ਼ੀਨਾਂ ਨੂੰ 2 ਅਕਤੂਬਰ ਨੂੰ ਝੀਲ ਅਤੇ ਹੋਰ ਸਥਾਨਾਂ ‘ਤੇ ਲਾਇਆ ਜਾਵੇਗਾ। ਇਹ ਹੀ ਨਹੀਂ, ਸ਼ਹਿਰ ‘ਚ ਡਾਬਰ ਇੰਡੀਆ ਵਲੋਂ ਵੀ ਪੂਰੇ ਦੇਸ਼ ‘ਚ ਰੀਸਾਈਕਲ ਪਲਾਸਟਿਕ ਨੂੰ ਰੇਗ ਪਿਕਰਸ ਦੀ ਮਦਦ ਨਾਲ ਇਕੱਠਾ ਕਰਕੇ ਅੱਗੇ ਇਸ ਨੂੰ ਸੜਕਾਂ ਦੇ ਇਸਤੇਮਾਲ ਹੋਣ ਵਾਲੇ ਰਾਅ ਮਟੀਰੀਅਲ ਲਈ ਅੱਗੇ ਭੇਜਿਆ ਜਾਂਦਾ ਹੈ। ਇਸ ਮੁਹਿੰਮ ‘ਚ ਕੰਪਨੀ ਵਲੋਂ ਰੇਗ ਪਿਕਰਸ ਨੂੰ ਚੰਗੇ ਪੈਸੇ ਦਿੱਤੇ ਜਾਂਦੇ ਹਨ, ਜਿਸ ਨਾਲ ਉਹ ਜ਼ਿਆਦਾ ਤੋਂ ਜ਼ਿਆਦਾ ਕੂੜਾ ਲਿਆਉਂਦੇ ਹਨ।