ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰੇਕ ਨਾਗਰਿਕ ਲਈ ਪਾਸਪੋਰਟ, ਆਧਾਰ, ਵੋਟਰ ਕਾਰਡ ਸਮੇਤ ਸਾਰੇ ਪਛਾਣ ਪੱਤਰਾਂ ਨੂੰ ਮਿਲਾ ਕੇ ਇਕ ਬਹੁਉਦੇਸ਼ੀ ਆਈ.ਡੀ. ਕਾਰਡ ਦਾ ਪ੍ਰਸਤਾਵ ਦਿੱਤਾ ਹੈ। ਦੇਸ਼ ‘ਚ ਇਸ ਸਮੇਂ ਆਧਾਰ, ਪਾਸਪੋਰਟ ਅਤੇ ਵੋਟਰ ਕਾਰਡ ਵਰਗੇ ਕਈ ਆਈ.ਡੀ. ਕਾਰਡ ਹਨ, ਜਿਨ੍ਹਾਂ ਨੂੰ ਪਤੇ ਅਤੇ ਫੋਟੋ ਪਛਾਣ ਪੱਤਰ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। ਸ਼ਾਹ ਨੇ ਇਨ੍ਹਾਂ ਸਾਰਿਆਂ ਨੂੰ ਇਕ ਹੀ ਕਾਰਡ ‘ਚ ਇਕੱਠੇ ਕਰਨ ਦਾ ਆਈਡੀਆ ਦਿੱਤਾ ਹੈ। ਸ਼ਾਹ ਨੇ ਜੋ ਆਈਡੀਆ ਦਿੱਤਾ ਹੈ ਉਸ ਅਨੁਸਾਰ ਉਹ ਚਾਹੁੰਦੇ ਹਨ ਕਿ ਆਧਾਰ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ ਸਾਰਾ ਕੁਝ ਇਕ ਹੀ ਕਾਰਡ ‘ਚ ਹੋਣਾ ਚਾਹੀਦਾ।
ਇਹੀ ਨਹੀਂ ਉਨ੍ਹਾਂ ਨੇ ਆਈਡੀਆ ਦਿੱਤਾ ਹੈ ਕਿ ਬੈਂਕ ਅਕਾਊਂਟ ਨੂੰ ਵੀ ਇਸੇ ਕਾਰਡ ਨਾਲ ਜੋੜ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਹਰ 10 ਸਾਲਾਂ ‘ਚ ਹੋਣ ਵਾਲੀ ਜਣਗਣਨਾ ਵੀ ਸਾਲ 2021 ‘ਚ ਹੋਣੀ ਹੈ। ਇਸ ਬਾਰੇ ਅਮਿਤ ਸ਼ਾਹ ਨੇ ਦੱਸਿਆ ਕਿ 2021 ਦੀ ਜਣਗਣਨਾ ਘਰ-ਘਰ ਜਾ ਕੇ ਨਹੀਂ ਸਗੋਂ ਮੋਬਾਇਲ ਐਪ ਰਾਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੋਈ ਅਜਿਹਾ ਸਿਸਟਮ ਵੀ ਹੋਣਾ ਚਾਹੀਦਾ, ਜਿਸ ‘ਚ ਕਿਸੇ ਵਿਅਕਤੀ ਦੀ ਮੌਤ ਹੋਣ ‘ਤੇ ਇਹ ਜਾਣਕਾਰੀ ਖੁਦ ਪਾਪੁਲੇਸ਼ਨ ਡਾਟਾ ‘ਚ ਜੁਟ ਜਾਵੇ।