ਗੁਰਦਾਸਪੁਰ : ਆਤਮ ਨਗਰ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਡਿਪਟੀ ਕਮਿਸ਼ਨਰ ਵਿਪੁੱਲ ਉਜਵਲ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਹੇਠ ਦਰਜ ਕੀਤੇ ਗਏ ਮਾਮਲੇ ‘ਚ ਵਿਧਾਇਕ ਦੀ ਗ੍ਰਿਫਤਾਰੀ ਲਈ ਅੱਜ ਸਮੂਹ ਕਰਮਚਾਰੀਆਂ ਨੇ ਧਰਨਾ ਦਿੱਤਾ। ਧਰਨੇ ਵਿਚ ਨਗਰ ਸੁਧਾਰ ਟਰੱਸਟ ਗੁਰਦਾਸਪੁਰ, ਮਿਲਕ ਪਲਾਂਟ ਦੇ ਐੱਮ. ਡੀ. ਦੇ ਦਫਤਰ ਨਾਲ-ਨਾਲ ਸਬੰਧਿਤ ਕਰਮਚਾਰੀਆਂ ਤੋਂ ਇਲਾਵਾ ਕੋਆਪਰੇਟਿਵ ਸੁਸਾਇਟੀ ਦੇ ਰਜਿਸਟਰਾਰ ਦਫਤਰ ਅਤੇ ਮਾਰਕਫੈਡ ਦਫਤਰ ਨਾਲ ਸਬੰਧਤ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵਿਧਾਇਕ ਨੂੰ ਗ੍ਰਿਫਤਾਰ ਕਰਨ ‘ਚ ਕੀਤੀ ਜਾ ਰਹੀ ਦੇਰੀ ਕਾਰਨ ਮੁਲਾਜ਼ਮ ਵਰਗ ‘ਚ ਜਿਥੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਇਸ ਗੱਲ ਨੂੰ ਲੈ ਕੇ ਚਿੰਤਾ ਅਤੇ ਨਿਰਾਸ਼ਾ ਵੀ ਹੈ ਕਿ ਜੇਕਰ ਇਕ ਡਿਪਟੀ ਕਮਿਸ਼ਨਰ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿਚ ਸਰਕਾਰ ਅਤੇ ਪੁਲਸ ਵਿਧਾਇਕ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਤਾਂ ਆਮ ਲੋਕਾਂ ਅਤੇ ਹੋਰ ਅਧਿਕਾਰੀਆਂ ਦੀ ਸੁਣਵਾਈ ਕਿਸ ਤਰ੍ਹਾਂ ਹੋਵੇਗੀ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।