ਜੰਮੂ — ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਭਾਜਪਾ ਪਾਰਟੀ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਦੋ ਨੇਤਾਵਾਂ ਦੇ ਕਤਲ ਦੇ ਮਾਮਲੇ ‘ਚ ਸ਼ਾਮਲ ਹਿਜ਼ਬੁੱਲ ਮੁਜਾਹਿਦੀਨ ਦੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੰਮੂ ਡਿਵੀਜ਼ਨ ਦੇ ਇੰਸਪੈਕਟਰ ਜਨਰਲ ਆਫ ਪੁਲਸ ਮੁਕੇਸ਼ ਸਿੰਘ ਨੇ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ, ਫੌਜ ਅਤੇ ਰਾਸ਼ਟਰੀ ਜਾਂਚ ਏਜੰਸੀ ਨੇ ਨੇਤਾਵਾਂ ਦੇ ਕਤਲ ਦੇ ਮਾਮਲੇ ਵਿਚ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਪਿਛਲੇ ਸਾਲ ਨਵੰਬਰ ਤੋਂ ਇਸ ਸਾਲ ਸਤੰਬਰ ਤਕ 4 ਵਾਰਦਾਤਾਂ ‘ਚ ਸ਼ਾਮਲ ਸਨ। ਉਨ੍ਹਾਂ ਦੀ ਪਛਾਣ ਨਿਸਾਰ ਅਹਿਮਦ ਸ਼ੇਖ, ਨਿਸ਼ਾਦ ਅਹਿਮਦ ਅਤੇ ਆਜ਼ਾਦ ਹੁਸੈਨ ਦੇ ਰੂਪ ਵਿਚ ਕੀਤੀ ਗਈ ਹੈ ਅਤੇ ਇਹ ਤਿੰਨੋਂ ਕਿਸ਼ਤਵਾੜ ਦੇ ਰਹਿਣ ਵਾਲੇ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ 2017-18 ਵਿਚ ਚਿਨਾਬ ਘਾਟੀ ‘ਚ ਅੱਤਵਾਦ ਨੂੰ ਮੁੜ ਜਿਊਂਦਾ ਕਰਨ ਦੇ ਮਾਮਲੇ ਵਿਚ ਲੋੜੀਂਦੇ ਸੰਗਠਨ ਦੇ ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।