ਚੇਨਈ — ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਸੁਰੱਖਿਆ ਫੋਰਸ ਸਰਹੱਦ ਪਾਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ‘ਤੇ ਮੁੜ ਤੋਂ ਸਰਗਰਮ ਹੋਣ ਦੇ ਫੌਜੀ ਮੁਖੀ ਬਿਪਿਨ ਰਾਵਤ ਦੇ ਦਾਅਵੇ ਬਾਰੇ ਪੁੱਛੇ ਜਾਣ ‘ਤੇ ਇਹ ਪ੍ਰਤੀਕਿਰਿਆ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਚਿੰਤਾ ਨਾ ਕਰੋ, ਸਾਡੇ ਸੁਰੱਖਿਆ ਫੋਰਸ ਪੂਰੀ ਤਰ੍ਹਾਂ ਤਿਆਰ ਹੈ।
ਜ਼ਿਕਰਯੋਗ ਹੈ ਕਿ ਜਨਰਲ ਰਾਵਤ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਹਾਲ ਹੀ ‘ਚ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ਨੂੰ ਸਰਗਰਮ ਕੀਤਾ ਹੈ ਅਤੇ ਘੱਟੋ-ਘੱਟ 500 ਘੁਸਪੈਠੀਏ ਸਰਹੱਦ ਪਾਰ ਤੋਂ ਭਾਰਤ ਵਿਚ ਘੁਸਪੈਠ ਕਰਨ ਦੀ ਉਡੀਕ ਵਿਚ ਹੈ। ਸਿੰਘ ਨੇ ਕਿਹਾ ਕਿ ਭਾਰਤੀ ਸੁਰੱਖਿਆ ਫੋਰਸਾਂ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਪਾਕਿਸਤਾਨ ਅੱਤਵਾਦੀਆਂ ਨੂੰ ਸਾਡੇ ਖੇਤਰ ਵਿਚ ਦਾਖਲ ਕਰਵਾਉਣ ਲਈ ਜੰਗਬੰਦੀ ਦੀ ਉਲੰਘਣਾ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਉਸ ਨਾਲ ਕਿਵੇਂ ਨਜਿੱਠਣਾ ਹੈ। ਸਾਡੇ ਫੌਜੀਆਂ ਨੂੰ ਪਤਾ ਹੈ ਕਿ ਖੁਦ ਉਨ੍ਹਾਂ ਨੂੰ ਕਿਵੇਂ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਹੈ।