ਭਗਤ ਕਬੀਰ ਦਾ ਇੱਕ ਦੋਹਾ ਹੈ, ਕਸਤੂਰੀ ਕੁੰਡਲ ਬਸੇ, ਮ੍ਰਿਗ ਢੂੰਡੇ ਬਨ ਮਾਹਿ। ਦੋਹੇ ਵਿਚਲਾ ਇਹ ਪ੍ਰਸਿੱਧ ਕਸਤੂਰੀ ਹਿਰਨ ਆਪਣੀ ਪੂਰੀ ਜ਼ਿੰਦਗੀ ਇੱਕ ਸੁਗੰਧੀ ਦਾ ਪਿੱਛਾ ਕਰਦਾ ਹੋਇਆ ਬਿਤਾ ਦਿੰਦਾ ਹੈ। ਉਹ ਉਸ ਸੱਮੋਹਕ, ਦਿਲਕਸ਼ ਮਹਿਕ ਦੇ ਸ੍ਰੋਤ ਨੂੰ ਭਾਲਦਾ ਆਪਣਾ ਦਿਨ ਰਾਤ ਇੱਕ ਕਰ ਦਿੰਦੈ। ਉਸ ਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਤਕ ਨਹੀਂ ਹੁੰਦਾ ਕਿ ਜਿਸ ਸ਼ੈਅ ਨੂੰ ਸੁੰਘ ਕੇ ਉਹ ਪਾਗਲ ਹੋਇਆ ਭਟਕਦਾ ਫ਼ਿਰਦੈ ਉਹ ਸੁਗੰਧ ਤਾਂ ਉਸ ਦੀ ਆਪਣੀ ਧੁੰਨੀ ‘ਚੋਂ ਆ ਰਹੀ ਹੈ! ਮਨੁੱਖੀ ਬਿਰਤੀ ਦੀ ਇਹ ਇੱਕ ਆਲਹਾ ਉਦਾਹਰਣ ਕਹੀ ਜਾ ਸਕਦੀ ਹੈ। ਅਸੀਂ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਹਾਂ। ਅਸੀਂ ਜਦੋਂ ਇੱਕ ਵਾਰ ਆਪਣੀ ਕਿਸੇ ਭਾਵਨਾਤਮਕ ਜਾਂ ਦੁਨਿਆਵੀ ਲੋੜ ਦੀ ਨਿਸ਼ਾਨਦੇਹੀ ਕਰ ਲੈਂਦੇ ਹਾਂ ਤਾਂ ਫ਼ਿਰ ਉਸ ਨੂੰ ਪੂਰਾ ਕਰਨ ਲਈ ਜ਼ਮੀਨ ਆਸਮਾਨ ਇੱਕ ਕਰ ਦਿੰਦੇ ਹਾਂ। ਅਸੀਂ ਇਹ ਸੋਚ ਲੈਂਦੇ ਹਾਂ ਕਿ ਕੋਈ ਵਿਅਕਤੀ ਜਾਂ ਸ਼ੈਅ – ਕੋਈ ਘਟਨਾ ਜਾਂ ਸਥਿਤੀ – ਸਾਡੇ ਲਈ ਉਹ ਸੰਤੁਸ਼ਟੀ ਲੈ ਕੇ ਆਵੇਗੀ ਜਿਸ ਲਈ ਅਸੀਂ ਤੜਪ ਰਹੇ ਹਾਂ। ਪਰ ਆਪਣੇ ਆਪ ਨੂੰ ਰਿਝਾਉਣ ਦੀ ਤਾਕਤ ਖ਼ੁਦ ਤੁਹਾਡੇ ਅੰਦਰ ਹੀ ਹੈ। ਉਸ ਨੂੰ ਕਦੇ ਵੀ ਗੁਆਇਓ ਨਾ।

ਕਲਪਨਾ ਕਰੋ ਕਿ ਤੁਸੀਂ ਕਿਸੇ ਬੇਹੱਦ ਦੁਰਲਭ, ਬੇਸ਼ਕੀਮਤੀ ਫੁੱਲ ਦਾ ਬੀਜ ਹਾਸਿਲ ਕਰਨ ਦੀ ਕੋਸ਼ਿਸ਼ ਵਿੱਚ ਹੋ। ਉਸ ਨੂੰ ਹਾਸਿਲ ਕਰਨ ਉਪਰੰਤ ਤੁਸੀਂ ਉਸ ਨੂੰ ਜ਼ਮੀਨ ਵਿੱਚ ਦਬ ਦਿੰਦੇ ਹੋ, ਪਾਣੀ ਦਿੰਦੇ ਹੋ ਪਰ ਫ਼ਿਰ ਨਿਰਉਤਸਾਹਿਤ ਹੋ ਜਾਂਦੇ ਹੋ ਕਿਉਂਕਿ ਉਸ ਦੀ ਇੱਕ ਵੀ ਟਹਿਣੀ ਹਾਲੇ ਤਕ ਪ੍ਰਗਟ ਨਹੀਂ ਹੋਈ। ਕੀ ਇਸ ਦਾ ਮਤਲਬ ਇਹ ਹੋਇਆ ਕਿ ਹੁਣ ਤੁਹਾਨੂੰ ਉਸ ਦੀ ਜਗ੍ਹਾ ਗ਼ੁਲਾਬ ਉਗਾ ਦੇਣਾ ਚਾਹੀਦਾ ਹੈ? ਆਪਣੀ ਉਸ ਭਾਵਨਾਤਮਕ ਖਾਹਿਸ਼ ਨੂੰ ਸਾਕਾਰ ਹੁੰਦੇ ਦੇਖਣ ਲਈ ਥੋੜ੍ਹਾ ਹੋਰ ਧੀਰਜ ਧਰੋ। ਸ਼ਾਇਦ ਤੁਹਾਨੂੰ ਇਸ ਗੱਲ ਦਾ ਸਹੀ ਅੰਦਾਜ਼ਾ ਨਾ ਲੱਗ ਰਿਹਾ ਹੋਵੇ ਕਿ ਉਸ ਨੂੰ ਪੂਰਾ ਕਰਨ ਵਿੱਚ ਹਾਲੇ ਹੋਰ ਕਿੰਨਾ ਚਿਰ ਲੱਗੇਗਾ। ਤੁਹਾਨੂੰ ਤਾਂ ਇਸ ਗੱਲ ‘ਤੇ ਵੀ ਸ਼ੰਕਾ ਹੋ ਸਕਦੀ ਹੈ ਕਿ ਤੁਸੀਂ ਕਦੇ ਵੀ ਉਸ ਨੂੰ ਫੁੱਲ ਲੱਗਦੇ ਹੋਏ ਦੇਖੋਗੇ। ਪਰ ਕੁਝ ਤਾਂ ਸੀ ਜਿਸ ਨੇ ਤੁਹਾਨੂੰ ਸ਼ੁਰੂ ਵਿੱਚ ਇਹ ਸੁਪਨਾ ਲੈਣ ਲਈ ਮਜਬੂਰ ਕੀਤਾ ਸੀ। ਹੁਣ ਵੀ ਆਪਣੀ ਉਸੇ ਲਾਲਸਾ ਵਿੱਚ ਵਿਸ਼ਵਾਸ ਰੱਖੋ। ਤੁਹਾਨੂੰ ਫੁੱਲਾਂ ਦੀ ਪੂਰੀ ਬਹਾਰ ਦੇਖਣ ਲਈ ਤਾਂ ਹਾਲੇ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਪਰ ਨਵੇਂ ਪੱਤੇ ਛੇਤੀ ਹੀ ਦਿਖਾਈ ਦੇਣ ਲੱਗਣਗੇ।

ਤੁਸੀਂ ਘੜੀ ਦੀਆਂ ਸੂਈਆਂ ਨੂੰ ਪੁੱਠਾ ਗੇੜਾ ਨਹੀਂ ਦੇ ਸਕਦੇ। ਜਾਂ ਫ਼ਿਰ ਲੋਕਾਂ ਦਾ ਅਜਿਹਾ ਕਹਿਣਾ ਹੈ। ਪਰ ਉਨ੍ਹਾਂ ਨੇ ਤਾਂ ਸਾਨੂੰ ਇਹ ਵੀ ਆਖਿਆ ਸੀ ਕਿ ਅਸੀਂ ਕਦੇ ਹਵਾ ਵਿੱਚ ਉਡ ਨਹੀਂ ਸਕਾਂਗੇ ਜਾਂ ਚੰਦਰਮਾ ‘ਤੇ ਚੱਲ ਨਹੀਂ ਸਕਾਂਗੇ ਜਾਂ ਜੇਬ੍ਹ ‘ਚ ਪਏ ਇੱਕ ਛੋਟੇ ਜਿਹੇ ਯੰਤਰ ਦਾ ਇਸਤੇਮਾਲ ਕਰ ਕੇ ਕਿਸੇ ਨਾਲ ਅੱਠ ਹਜ਼ਾਰ ਮੀਲ ਦੂਰ ਗੱਲ ਨਹੀਂ ਕਰ ਸਕਾਂਗੇ। ਸੋ ਸ਼ਾਇਦ ਇੱਕ ਦਿਨ ਅਸੀਂ ਇੱਕ ਅਜਿਹੀ ਟਾਈਮ ਮਸ਼ੀਨ ਵੀ ਇਜਾਦ ਕਰ ਲਈਏ ਜਿਹੜੀ ਸਾਨੂੰ ਪਿੱਛੇ ਸਾਡੇ ਅਤੀਤ ਵਿੱਚ ਲੈ ਜਾ ਸਕੇ। ਇਸ ਦੌਰਾਨ, ਸਾਨੂੰ ਇਸ ਵਕਤ ਉਪਲਬਧ ਬਿਹਤਰੀਨ ਸ਼ੈਅ ਨਾਲ ਹੀ ਗੁਜ਼ਾਰਾ ਕਰਨਾ ਪੈਣੈ। ਉਹ ਹੈ ਆਪਣੀ ਕਲਪਨਾ ਰਾਹੀਂ ਇਤਿਹਾਸ ਨੂੰ ਮੁੜ ਲਿਖਣ ਦੀ ਕਾਬਲੀਅਤ। ਤੁਸੀਂ ਕਿਸੇ ਭਾਵਨਾਤਮਕ ਮਸਲੇ ਨੂੰ ਪਹਿਲਾਂ ਇੱਕ ਤਰ੍ਹਾਂ ਦੇਖਦੇ ਹੁੰਦੇ ਸੀ, ਪਰ ਹੁਣ ਤੁਸੀਂ ਉਸ ਨੂੰ ਬਿਲਕੁਲ ਹੀ ਵੱਖਰੀ ਰੌਸ਼ਨੀ ਵਿੱਚ ਦੇਖ ਰਹੇ ਹੋ।

ਜੇਕਰ ਤੁਸੀਂ ਵਿਸ਼ਵਾਸ ਦੀ ਵਿਸ਼ਾਲ ਪੁਲਾਂਘ ਪੁੱਟ ਸਕਦੇ ਹੋ ਤਾਂ ਫ਼ਿਰ ਛੋਟੇ ਮੋਟੇ ਖ਼ਤਰੇ ਮੁੱਲ ਲੈਣ ਦਾ ਕੀ ਫ਼ਾਇਦਾ? ਇੱਕ ਛੋਟੀ ਜਿਹੀ ਕਿਸ਼ਤੀ ਨੂੰ ਬਾਹਰ ਕੱਢਣ ਦਾ ਕੀ ਫ਼ਾਇਦਾ ਜਦੋਂ ਪੂਰੇ ਦਾ ਪੂਰਾ ਜਹਾਜ਼ੀ ਬੇੜਾ ਤੁਹਾਡੇ ਇੱਕ ਹੁਕਮ ‘ਤੇ ਲੰਬੀਆਂ ਖੋਜੀ ਮੁਹਿੰਮਾਂ ‘ਤੇ ਜਾਣ ਲਈ ਤਿਆਰ ਖੜ੍ਹੈ। ਮੈਨੂੰ ਪਤੈ ਕਿ ਤੁਹਾਨੂੰ ਕਿਉਂ ਲੱਗਦੈ ਕਿ ਤੁਹਾਨੂੰ ਆਪਣਾ ਹੱਥ ਥੋੜ੍ਹਾ ਖਿੱਚ ਕੇ ਰੱਖਣਾ ਚਾਹੀਦੈ। ਤੁਹਾਡੇ ਕੋਲ ਸੋਚਣ ਲਈ ਭਵਿੱਖ ਜੋ ਪਿਐ। ਨਿਵੇਸ਼ ਪਏ ਨੇ ਜਿਨ੍ਹਾਂ ਨੂੰ ਤੁਸੀਂ ਸੁਰੱਖਿਅਤ ਕਰਨੈ। ਅੱਜ ਜੈਮ ਖਾਣ ਦੇ ਮਜ਼ੇ ਲੈਣ ਦਾ ਕੀ ਫ਼ਾਇਦਾ ਜੇਕਰ ਇਸ ਦਾ ਅਰਥ ਹੈ ਕੱਲ੍ਹ ਲਈ ਸਾਡੇ ਕੋਲ ਕੋਈ ਬ੍ਰੈੱਡ ਹੀ ਨਾ ਬਚਣਾ। ਪਰ ਕੀ ਖ਼ਤਰਾ ਵਾਕਈ ਇੰਨਾ ਵੱਡੈ? ਤੁਹਾਡੇ ਕੋਲ ਅਜਿਹੇ ਦੋਸਤ ਮੌਜੂਦ ਹਨ ਜਿਹੜੇ ਤੁਹਾਨੂੰ ਉਸ ਤਰ੍ਹਾਂ ਦੀ ਦਲੇਰੀ ਅਤੇ ਬਹਾਦਰੀ ਦਿਖਾਉਂਦੇ ਹੋਏ ਦੇਖਣਾ ਚਾਹੁੰਦੇ ਹਨ ਜਿਹੋ ਜਿਹੀ ਕੇਵਲ ਤੁਸੀਂ ਹੀ ਦਿਖਾ ਸਕਦੇ ਹੋ। ਉਨ੍ਹਾਂ ਦੀ ਹਮਾਇਤ ਹਾਸਿਲ ਕਰੋ। ਉਨ੍ਹਾਂ ਨੂੰ ਦਿਖਾਓ ਕਿ ਤੁਸੀਂ ਕਿਸ ਮਿੱਟੀ ਦੇ ਬਣੇ ਹੋਏ ਹੋ।

ਆਪਣਾ ਧਿਆਨ ਰੱਖਿਓ, ਉਹ ਤੁਹਾਡੇ ਮਗਰ ਲੱਗੇ ਹੋਏ ਨੇ। ਉਨ੍ਹਾਂ ਨੂੰ ਇਹ ਵੀ ਪਤੈ ਕਿ ਤੁਸੀਂ ਕਿੱਥੇ ਰਹਿੰਦੇ ਹੋ। ਤੁਸੀਂ ਦੌੜ ਤਾਂ ਸਕਦੇ ਹੋ, ਪਰ ਤੁਸੀਂ ਉਨ੍ਹਾਂ ਤੋਂ ਛੁੱਪ ਨਹੀਂ ਸਕਦੇ। ਮੈਨੂੰ ਪਤੈ ਕਿ ਤੁਸੀਂ ਹੁਣ ਕੀ ਸੋਚ ਰਹੇ ਹੋ। ਤੁਸੀਂ ਸੋਚ ਰਹੇ ਹੋ, ”ਇਹ ਉਹੋ ਜਿਹੀ ਖ਼ੁਸ਼ਗਵਾਰ ਗੱਲਬਾਤ ਤਾਂ ਨਹੀਂ ਜਿਹੜੀ ਸੁਣਨ ਦੀ ਕਲਪਨਾ ਕਰ ਕੇ ਮੈਂ ਇੱਥੇ ਆਇਆ ਸਾਂ। ਇਹ ਬੰਦਾ ਕਿਆਮਤ ਅਤੇ ਨਿਰਾਸ਼ਾ ਦੀ ਤਸਵੀਰ ਕਿਉਂ ਪੇਸ਼ ਕਰ ਰਿਹੈ?” ਪਰ, ਜ਼ਰਾ ਠਹਿਰੋ – ਤੁਸੀਂ ਮੈਨੂੰ ਇਹ ਤਾਂ ਪੁੱਛਿਆ ਹੀ ਨਹੀਂ ਕਿ ਉਹ ਕੋਣ ਹਨ ਅਤੇ ਉਹ ਕੀ ਚਾਹੁੰਦੇ ਹਨ। ਉਹ ਤੁਹਾਡੇ ਦੋਸਤ, ਪ੍ਰਸ਼ੰਸਕ ਅਤੇ ਹਮਾਇਤੀ ਹਨ। ਤੁਹਾਡੇ ਰੱਖਿਅਕ ਦੂਤ ਅਤੇ ਤੁਹਾਡੇ ਦੁਨਿਆਵੀ ਸਹਾਇਕ। ਉਹ ਕਿਸੇ ਅਹਿਮ ਮਸਲੇ ਨੂੰ ਹੱਲ ਕਰ ਕੇ ਤੁਹਾਡੀ ਮਦਦ ਕਰਨ ਲਈ ਦ੍ਰਿੜ ਹਨ। ਮੇਰਾ ਵਿਸ਼ਵਾਸ ਕਰੋ। ਜਦੋਂ ਉਹ ਤੁਹਾਡੇ ‘ਤੇ ਉਸ ਨੂੰ ਹੱਲ ਕਰਨ ਦਾ ਦਬਾਅ ਪਾਉਣਗੇ ਤਾਂ ਤੁਸੀਂ ਖ਼ੁਸ਼ ਹੋਵੇਗੇ।