ਸ਼ਾਹਿਦ ਕਪੂਰ ਦੀ ‘ਕਬੀਰ ਸਿੰ ਸਾਲ 2019 ਦੀ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ‘ਚ ਇੱਕ ਹੈ। ਫ਼ਿਲਮ ਨੇ 278 ਕਰੋੜ ਤੋਂ ਜ਼ਿਆਦਾ ਦਾ ਕੋਲੈਕਸ਼ਨ ਕੀਤਾ, ਪਰ ਇਸ ਫ਼ਿਲਮ ਦੀ ਰਿਲੀਜ਼ ਤੋਂ ਹੀ ਸ਼ਾਹਿਦ ਕਪੂਰ ਨੂੰ ਆਪਣੇ ਰੋਲ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਇੱਕ ਪਾਸੇ ਸ਼ਾਹਿਦ ਦੇ ਫ਼ੈਨਜ਼ ਉਸ ਦੀ ਐਕਟਿੰਗ ਦੇ ਕਾਇਲ ਹੋ ਗਏ ਹਨ ਉਥੇ ਕੁੱਝ ਸਿਨਮਾਜਗਤ ਦੇ ਸਟਾਰਜ਼ ਨੇ ਸ਼ਾਹਿਦ ਦੇ ਕਿਰਦਾਰ ‘ਤੇ ਸਵਾਲ ਚੁੱਕੇ ਹਨ। ਸ਼ਾਹਿਦ ਕਪੂਰ ਨੇ ਇਸ ਨੂੰ ਲੈ ਕੇ ਤਨਜ਼ ਕੱਸਿਆ ਹੈ। ਇੱਕ ਇੰਟਰਵਿਊ ਦੌਰਾਨ ਸ਼ਾਹਿਦ ਕਪੂਰ ਕੋਲੋਂ ਸਵਾਲ ਕੀਤਾ ਗਿਆ ਕਿ ਕੀ ਕਬੀਰ ਸਿੰਘ ਵਿੱਚ ਬੋਲਡ ਸੀਨ ਅਤੇ ਕਰੈਕਟਰ ਨੂੰ ਨਿਭਾਉਂਦੇ ਹੋਏ ਉਹ ਅਸਹਿਜ ਮਹਿਸੂਸ ਕਰ ਰਿਹਾ ਸੀ?
ਇਸ ‘ਤੇ ਸ਼ਾਹਿਦ ਨੇ ਜਵਾਬ ਦਿੱਤਾ ਕਿ ਫ਼ਿਲਮ ਬਾਜ਼ੀਗਰ ‘ਚ ਸ਼ਾਹਰੁਖ਼ ਖ਼ਾਨ ਨੇ ਸ਼ਿਲਪਾ ਸ਼ੈੱਟੀ ਨੂੰ ਬਿਲਡਿੰਗ ਤੋਂ ਹੇਠਾਂ ਸੁੱਟ ਦਿੱਤਾ ਸੀ, ਪਰ ਇਸ ਨੂੰ ਦੇਖ ਕੇ ਲੋਕ ਖ਼ੁਸ਼ ਹੋ ਕੇ ਕਹਿ ਰਹੇ ਸਨ ਕਿ ਵਧੀਆ ਕੀਤਾ ਕਿ ਸ਼ਾਹਰੁਖ਼ ਨੇ ਬਦਲਾ ਲੈ ਲਿਆ। ਇਸ ਤੋਂ ਇਲਾਵਾ ਸੰਜੂ ‘ਚ ਜਦੋਂ ਰਣਬੀਰ ਕਪੂਰ ਨੇ ਸੋਨਮ ਦੇ ਗਲੇ ‘ਚ ਟੌਇਲੇਟ ਸੀਟ ਪਹਿਨਾਈ ਤਾਂ ਉਸ ਨੂੰ ਕਈ ਐਵਾਰਡ ਮਿਲ ਗਏ ਪਰ ਓਦੋਂ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਹੋਈ। ਸ਼ਾਹਿਦ ਨੇ ਅੱਗੇ ਕਿਹਾ, ”ਮੇਰੀ ਸਮਝ ‘ਚ ਨਹੀਂ ਆਉਂਦਾ ਕਿ ਜਦੋਂ ਇਸ ਦੌਰ ‘ਚ ਹਰ ਤਰ੍ਹਾਂ ਦੇ ਕਿਰਦਾਰ ਲਿਖੇ ਜਾ ਰਹੇ ਹਨ ਤਾਂ ਸਭ ਦੇ ਸਭ ਕਬੀਰ ਸਿੰਘ ਦੇ ਪਿੱਛੇ ਕਿਉਂ ਪਏ ਹੋਏ ਹਨ?”
ਦੱਸ ਦੇਈਏ ਕਿ ਬੌਲੀਵੁਡ ‘ਚ ਅਕਸਰ ਸਾਊਥ ਦੀ ਰੀਮੇਕ ਫ਼ਿਲਮਾਂ ਬਣਦੀਆਂ ਰਹਿੰਦੀਆਂ ਹਨ, ਪਰ ਜੋ ਕਮਾਲ ਕਬੀਰ ਸਿੰਘ ਨੇ ਕੀਤਾ ਉਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਸ਼ਾਹਿਦ ਕਪੂਰ ਅਤੇ ਕਿਆਰਾ ਆਡਵਾਨੀ ਸਟਾਰਰ ਫ਼ਿਲਮ ਕਬੀਰ ਸਿੰਘ 21 ਜੂਨ 2019 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਦਾ ਬਜਟ 60 ਕਰੋੜ ਰੁਪਏ ਸੀ, ਅਤੇ ਫ਼ਿਲਮ ਨੇ 278.24 ਕਰੋੜ ਰੁਪਏ ਦੀ ਕਮਾਈ ਕੀਤੀ। ਪਹਿਲਾਂ ਹਫ਼ਤੇ ਫ਼ਿਲਮ ਨੇ ਕਰੀਬ 135 ਕਰੋੜ ਰੁਪਏ, ਦੂਜੇ ਹਫ਼ਤੇ ਕਰੀਬ 80 ਕਰੋੜ ਅਤੇ ਤੀਜੇ ਹਫ਼ਤੇ ਕਰੀਬ 36 ਕਰੋੜ ਦੀ ਕਮਾਈ ਕਰਦੇ ਹੋਏ ਫ਼ਿਲਮ ਪੰਜਵੇਂ ਹਫ਼ਤੇ ਵੀ ਸਿਨੇਮਾਘਰ ‘ਚ ਟਿਕੀ ਰਹੀ।