ਨਵੀਂ ਦਿੱਲੀ – ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਰਿਸ਼ਤੇ ਬੇਹੱਦ ਤਲਖ਼ ਰਹਿੰਦੇ ਹਨ। ਵਰਲਡ ਕੱਪ ‘ਚ ਵੀ ਭਾਰਤ ‘ਚ ਪਾਕਿਸਤਾਨ ਦੇ ਬਾਈਕਾਟ ਦੀ ਮੰਗ ਉਠ ਰਹੀ ਸੀ, ਪਰ 16 ਜੂਨ ਦੋਹੇਂ ਆਪਸ ‘ਚ ਟਕਰਾਏ ਅਤੇ ਭਾਰਤ ਨੇ ਪਾਕਿਸਤਾਨ ਨੂੰ ਹਰਾਉਂਦੇ ਹੋਏ ਵਰਲਡ ਕੱਪ ‘ਚ ਪਾਕਿ ਖ਼ਿਲਾਫ਼ ਆਪਣੇ ਜਿੱਤ ਦੇ ਰਿਕਾਰਡ ਨੂੰ ਬਰਕਰਾਰ ਰਖਿਆ। ਮਾਮਲਾ ਸ਼ਾਂਤ ਜ਼ਰੂਰ ਹੋ ਚੁੱਕਾ ਹੈ ਪਰ ਹਾਲੇ ਖ਼ਤਮ ਨਹੀਂ ਹੋਇਆ।
ਕ੍ਰਿਕਟ ਪ੍ਰਸ਼ੰਸਕਾਂ ਦੇ ਮਨਾਂ ‘ਚ ਸਵਾਲ ਉੱਠ ਵੀ ਰਿਹਾ ਹੈ ਕਿ ਕੀ ਨੇੜੇ ਭਵਿੱਖ ‘ਚ ਭਾਰਤੀ ਕ੍ਰਿਕਟ ਟੀਮ ਕਦੀ ਪਾਕਿਸਤਾਨ ਦਾ ਦੌਰਾ ਕਰੇਗੀ? ਸੁਪਰੀਮ ਕੋਰਟ ਵਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ। COA ਚੀਫ਼ ਵਿਨੋਦ ਰਾਏ ਦੀ ਮੰਨੀਏ ਤਾਂ ਭਾਰਤ ਸਰਕਾਰ ਦੀ ਪਾਕਿਸਤਾਨ ਨਾਲ ਕ੍ਰਿਕਟ ਖੇਡਣ ‘ਤੇ ਆਪਣੀ ਨੀਤੀ ਹੈ, ਅਤੇ ਉਹ ਖੇਡਣ ਲਈ ਰਾਜ਼ੀ ਹੈ, ਪਰ ਅਜਿਹਾ ਨਿਰਪੱਖ ਜਗ੍ਹਾ ‘ਚ ਹੋਵੇਗਾ ਭਾਵ ਉਹ ਜ਼ਮੀਨ ਨਾ ਭਾਰਤ ਦੀ ਹੋਵੇਗੀ ਅਤੇ ਨਾ ਹੀ ਪਾਕਿਸਤਾਨ ਦੀ।
ਭਾਰਤੀ ਟੀਮ 2004 ‘ਚ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਪਾਕਿਸਤਾਨ ਗਈ ਸੀ, ਅਤੇ ਉਸ ਤੋਂ ਬਾਅਦ ਪਾਕਿਸਤਾਨੀ ਟੀਮ 2004-05 ‘ਚ ਭਾਰਤ ਦੌਰੇ ‘ਤੇ ਆਈ ਸੀ। ਸਾਲ 2005-06 ‘ਚ ਰਾਹੁਲ ਦ੍ਰਾਵਿੜ ਦੀ ਕਪਤਾਨੀ ‘ਚ ਟੀਮ ਇੰਡੀਆ ਪਾਕਿਸਤਾਨੀ ਦੌਰੇ ‘ਤੇ ਸੀ ਤਾਂ 2007-08 ‘ਚ ਭਾਰਤ ਆਉਣ ਦੀ ਵਾਰੀ ਪਾਕਿਤਾਨ ਦੀ ਸੀ। ਪਾਕਿਸਤਾਨ ਦੀ ਟੀਮ ਪਿਛਲੀ ਵਾਰ 2012-13 ‘ਚ ਵੀ ਵਨ-ਡੇ ਅਤੇ T-20 ਸੀਰੀਜ਼ ਖੇਡਣ ਭਾਰਤ ਆਈ ਸੀ, ਅਤੇ ਉਹ ਦੋਹਾਂ ਦੇਸ਼ਾਂ ਵਿਚਾਲੇ ਹੋਈ ਆਖ਼ਰੀ ਦੋ ਪੱਖੀ ਸੀਰੀਜ਼ ਸੀ।