ਜ਼ਿਆਦਾਤਰ ਲੋਕਾਂ ਨੂੰ ਕੱਦੂ ਦੀ ਸਬਜ਼ੀ ਖਾਣੀ ਬਿਲਕੁਲ ਵੀ ਪਸੰਦ ਨਹੀਂ ਹੁੰਦੀ, ਪਰ ਇਥੇ ਤੁਹਾਨੂੰ ਦੱਸ ਦੇਈਏ ਕਿ ਗੁਣਾਂ ਨਾਲ ਭਰਪੂਰ ਹੋਣ ਕਰ ਕੇ ਕੱਦੂ ਸਿਹਤ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਕੱਦੂ ਦੀ ਸਬਜ਼ੀ ਭਾਵੇਂ ਖਾਣ ‘ਚ ਸੁਆਦ ਨਾ ਵੀ ਲੱਗੇ, ਪਰ ਇਹ ਸਿਹਤ ਦੇ ਲਈ ਬੇਹੱਦ ਹੀ ਫ਼ਾਇਦੇਮੰਦ ਹੁੰਦੀ ਹੈ। ਕੱਦੂ ‘ਚ ਪਾਏ ਜਾਣ ਵਾਲੇ ਪੌਸ਼ਟਿਕ ਗੁਣ ਅਤੇ ਫ਼ਾਈਬਰ ਸਾਨੂੰ ਕਈ ਬੀਮਾਰੀਆਂ ਤੋਂ ਮੁਕਤੀ ਦਿਵਾਉਂਦੇ ਹਨ। ਕੱਦੂ ਦਾ ਜੂਸ ਪੀਣ ਨਾਲ ਵੀ ਸ਼ਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਰੋਜ਼ਾਨਾ ਇਸ ਦਾ ਜੂਸ ਬਣਾ ਕੇ ਪੀਣ ਨਾਲ ਭਾਰ ਘੱਟ ਹੋਣ ਲੱਗਦਾ ਹੈ ਜੇਕਰ ਇਸ ਦਾ ਸਵਾਦ ਕੌੜਾ ਹੈ ਤਾਂ ਇਹ ਪੇਟ ‘ਚ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਖ਼ਤਮ ਕਰ ਦੇਵੇਗਾ। ਇਸ ਹਫ਼ਤੇ ਅਸੀਂ ਤੁਹਾਨੂੰ ਕੱਦੂ ਦਾ ਜੂਸ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਕੱਦੂ ਦਾ ਜੂਸ ਬਣਾਉਣ ਦਾ ਤਰੀਕਾ – ਕੱਦੂ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਉਸ ਦੇ ਛਿਲਕੇ ਉਤਾਰ ਲਵੋ। ਹੁਣ ਗਰਾਈਂਡਰ ‘ਚ ਕੱਦੂ, ਪੁਦੀਨੇ ਦੀਆਂ ਪੱਤੀਆਂ ਪਾ ਕੇ ਪੀਸ ਲਓ। ਫ਼ਿਰ ਇਸ ਵਿੱਚ ਜ਼ੀਰਾ ਪਾਊਡਰ, ਲੂਣ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ ਤੁਹਾਡਾ ਕੱਦੂ ਦਾ ਜੂਸ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਕੱਦੂ ਦਾ ਜੂਸ ਦੇ ਫ਼ਾਇਦੇ
ਮੋਟਾਪਾ ਕਰੇ ਘੱਟ – ਕੱਦੂ ਨਾ ਸਿਰਫ਼ ਪਾਚਨ ਤੰਤਰ ਮਜਬੂਤ ਕਰਦਾ ਸਗੋਂ ਭਾਰ ਘਟਾਉਣ ‘ਚ ਵੀ ਬੇਹੱਦ ਫ਼ਾਇਦੇਮੰਦ ਸਾਬਤ ਹੁੰਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖ਼ਾਲੀ ਪੇਟ ਕੱਦੂ ਯਾਨੀ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ।
ਪਾਚਨ ਤੰਤਰ ਕਰੇ ਮਜ਼ਬੂਤ – ਕੱਦੂ ਦਾ ਜੂਸ ਪਾਚਨ ਤੰਤਰ ਮਜ਼ਬੂਤ ਕਰਦਾ ਹੈ। ਕੱਦੂ ਖਾਣ ਨਾਲ ਵੀ ਪਾਚਨ ਤੰਤਰ ਮਜਬੂਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼, ਗੈਸ ਅਤੇ ਪੇਟ ਨਾਲ ਸਬੰਧਤ ਹੋਰ ਸਮੱਸਿਆਵਾਂ ਹਨ ਉਨ੍ਹਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਹਫ਼ਤੇ ‘ਚ ਘੱਟ ਤੋਂ ਘੱਟ ਤਿੰਨ ਵਾਰ ਕੱਦੂ ਦਾ ਜੂਸ ਜ਼ਰੂਰੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਲਿਵਰ ਦੀ ਸੋਜ ਹੋਵੇਗੀ ਦੂਰ – ਤਲਿਆ ਭੋਜਣ ਖਾਣ ਅਤੇ ਵਧੇਰੇ ਸ਼ਰਾਬ ਪੀਣ ਨਾਲ ਕਈ ਵਾਰ ਲਿਵਰ ‘ਚ ਸੋਜ ਆ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕੱਦੂ ਦਾ ਜੂਸ ਪੀਣਾ ਚਾਹੀਦਾ ਹੈ। ਕੱਦੂ ਦੇ ਜੂਸ ‘ਚ ਥੋੜ੍ਹਾ ਜਿਹਾ ਅਦਰਕ ਦਾ ਜੂਸ ਵੀ ਮਿਲਾ ਲੈਣਾ ਚਾਹੀਦਾ ਹੈ। ਇਸ ਜੂਸ ਨੂੰ ਪੀਣ ਨਾਲ ਸੋਜ ਤੋਂ ਛੁਟਕਾਰਾ ਮਿਲੇਗਾ।
ਸ਼ਰੀਰ ਦੀ ਗਰਮੀ ਕਰੇ ਦੂਰ – ਗਰਮੀਆਂ ਦੇ ਮੌਸਮ ‘ਚ ਅਕਸਰ ਲੋਕਾਂ ਨੂੰ ਸਿਰ ਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਕੱਦੂ ਦਾ ਜੂਸ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਸਰੀਰ ‘ਚ ਪੈਦਾ ਹੋਈ ਗਰਮੀ ਤੋਂ ਨਿਜਾਤ ਮਿਲਦਾ ਹੈ।
ਹਾਈ ਬਲਡ ਪ੍ਰੈਸ਼ਰ ਕਰੇ ਘੱਟ – ਹਾਈ ਬਲਡ ਪ੍ਰੈਸ਼ਰ ਵਾਲੇ ਮਰੀਜ਼ਾਂ ਲਈ ਵੀ ਕੱਦੂ ਦਾ ਜੂਸ ਬਹੁਤ ਫ਼ਾਇਦੇਮੰਦ ਹੈ। ਇਸ ‘ਚ ਪਾਇਆ ਜਾਣਾ ਵਾਲਾ ਪੋਟੈਸ਼ੀਅਮ ਹਾਈ ਬਲਡ ਪ੍ਰੈਸ਼ਰ ਘੱਟ ਕਰਨ ‘ਚ ਮਦਦ ਕਰਦਾ ਹੈ। ਰੋਜ਼ਾਨਾ ਇੱਕ ਗਿਲਾਸ ਕੱਦੂ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ।
ਸੂਰਜਵੰਸ਼ੀ