ਬੈਂਗਲੂਰੂ – ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਭਾਰਤੀ ਟੀਮ ਦੇ ਸਪੈਸ਼ਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਿਸ਼ੇਸ਼ ਪ੍ਰਤਿਭਾ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਦਾ ਅਲੱਗ ਤਰ੍ਹਾਂ ਦਾ ਐਕਸ਼ਨ ਉਸ ਦੀ ਕਮਜ਼ੋਰੀ ਨਹੀਂ ਸਗੋਂ ਉਸ ਦਾ ਇੱਕ ਮਜਬੂਤ ਪੱਖ ਬਣ ਗਿਆ। ਜ਼ਹੀਰ ਨੇ ਕਿਹਾ, ”ਉਹ (ਬੁਮਰਾਹ) ਇੱਕ ਵਿਸ਼ੇਸ਼ ਪ੍ਰਤੀਭਾ ਹੈ। ਉਸ ਦਾ ਐਕਸ਼ਨ ਅਲੱਗ ਤਰ੍ਹਾਂ ਦਾ ਹੈ ਜਿਸ ਨਾਲ ਉਸ ਨੂੰ ਬੱਲੇਬਾਜ਼ਾਂ ‘ਤੇ ਹਾਵੀ ਹੋਣ ‘ਚ ਮਦਦ ਮਿਲੀ ਹੈ। ਉਹ ਸਿੱਖਣ ਲਈ ਅਤੇ ਚੰਗਾ ਪ੍ਰਦਰਸ਼ਨ ਕਰਨ ਲਈ ਬੇਤਾਬ ਰਹਿੰਦਾ ਹੈ। ਉਹ ਆਪਣੀ ਫ਼ਿਟਨੈੱਸ ‘ਤੇ ਕੰਮ ਕਰ ਰਿਹਾ ਹੈ, ਅਤੇ ਆਪਣੀ ਗੇਂਦਬਾਜ਼ੀ ‘ਚ ਨਵੀਂ ਚੀਜ਼ਾਂ ਜੋੜ ਰਿਹਾ ਹੈ। ਉਹ ਥੋੜ੍ਹੇ ਸਮੇਂ ‘ਚ ਹੀ ਇੱਕ ਗੇਂਦਬਾਜ਼ ਦੇ ਰੂਪ ‘ਚ ਤੇਜ਼ੀ ਨਾਲ ਉਭਰਿਆ ਹੈ ਅਤੇ ਇਹ ਸਫ਼ਲਤਾ ਦੀ ਕੁੰਜੀ ਹੁੰਦੀ ਹੈ।”
ਘੱਟ ਸਮੇਂ ‘ਚ ਬਿਹਤਰ ਗੇਂਦਬਾਜ਼ ਦੇ ਰੂਪ ‘ਚ ਨਿਖਰਿਆ ਬੁਮਰਾਹ
ਜ਼ਹੀਰ ਨੇ ਕਿਹਾ, ”ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਚੀਜ਼ਾਂ ਨੂੰ ਕਿਸ ਤਰ੍ਹਾਂ ਨਾਲ ਲੈਂਦੇ ਹੋ ਅਤੇ ਤੁਹਾਡਾ ਰਵੱਈਆ ਕਿਵੇਂ ਦਾ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਬੁਮਰਾਹ ਨੇ ਸਫ਼ਲਤਾ ਹਾਸਿਲ ਕਰਨ ਲਈ ਕੋਈ ਕਸਰ ਨਹੀਂ ਛੱਡੀ। ਜ਼ਹੀਰ ਨੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਵੀ ਭਾਰਤ ਦੇ ਵਰਤਮਾਨ ਦੌਰੇ ‘ਚ ਤੇਜ਼ੀ ਨਾਲ ਹਾਲਾਤ ਨਾਲ ਤਾਲਮੇਲ ਬਿਠਾਉਣ ਅਤੇ ਟੈੱਸਟ ਸੀਰੀਜ਼ ‘ਚ ਸਫ਼ਲ ਹੋਣ ਲਈ ਰਿਵਰਸ ਸਵਿੰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਟੈੱਸਟ ਸੀਰੀਜ਼ 2 ਅਕਤੂਬਰ ਤੋਂ ਵਿਸ਼ਾਖਾਪਟਨਮ ‘ਚ ਸ਼ੁਰੂ ਹੋ ਰਹੀ ਹੈ।
ਰਬਾਡਾ ਦੀ ਗੇਂਦਬਾਜ਼ੀ ਦੇਖਣ ਲਈ ਪਰੇਸ਼ਾਨ
ਜ਼ਹੀਰ ਨੇ ਕਿਹਾ, ”ਭਾਰਤ ‘ਚ ਸਾਨੂੰ ਦੇਖਣਾ ਹੋਵੇਗਾ ਕਿ ਉਹ (ਰਬਾਡਾ) ਹਾਲਾਤ ਨਾਲ ਕਿਵੇਂ ਤਾਲਮੇਲ ਬਿਠਾਉਂਦਾ ਹੈ। ਤੁਹਾਨੂੰ ਹਾਲਾਤ ਨਾਲ ਤਾਲਮੇਲ ਬਿਠਾਉਣਾ ਹੋਵੇਗਾ ਅਤੇ ਭਾਰਤ ‘ਚ ਸਫ਼ਲ ਹੋਣ ਲਈ ਕਿਸੇ ਵੀ ਤੇਜ਼ ਗੇਂਦਬਾਜ਼ ਲਈ ਇਹ ਜ਼ਰੂਰੀ ਹੈ ਕਿ ਉਹ ਪੁਰਾਣੀ ਗੇਂਦ ਦੀ ਚੰਗੀ ਵਰਤੋਂ ਕਰੇ, ਅਤੇ ਉਸ ਨੂੰ ਰਿਵਰਸ ਸਵਿੰਗ ਕਰਵਾਏ। ਮੈਂ ਇਸ ਸੀਰੀਜ਼ ‘ਚ ਰਬਾਡਾ ਦੀ ਗੇਂਦਬਾਜ਼ੀ ਦੇਖਣ ਲਈ ਬੇਤਾਬ ਹਾਂ।”