ਅਸੀਮ ਚਕਰਵਰਤੀ
ਬੌਲੀਵੁਡ ਸਿਤਾਰੇ ਹੀ ਨਹੀਂ, ਇਨ੍ਹਾਂ ਦੇ ਬੱਚੇ ਵੀ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਰਹਿੰਦੇ ਹਨ। ਇਨ੍ਹਾਂ ਨਾਲ ਜੁੜੀ ਹਰ ਗੱਲ ਸੁਰਖ਼ੀ ਬਣ ਜਾਂਦੀ ਹੈ। ਫ਼ਿਰ ਚਾਹੇ ਉਹ ਕੋਈ ਤਸਵੀਰ ਹੋਵੇ ਜਾਂ ਵੀਡੀਓ, ਕਿਸੇ ਨਾ ਕਿਸੇ ਸੋਸ਼ਲ ਮੀਡੀਆ ‘ਤੇ ਉਹ ਇਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੰਦੇ ਹਨ। ਸਿਤਾਰਿਆਂ ਦੇ ਬੱਚੇ ਹੋਣ ਦੇ ਨਾਤੇ ਉਨ੍ਹਾਂ ਨੂੰ ਅਹਿਮੀਅਤ ਵੀ ਜ਼ਿਆਦਾ ਮਿਲ ਜਾਂਦੀ ਹੈ। ਇਨ੍ਹਾਂ ਨੂੰ ਫ਼ੌਲੋ ਕਰਨ ਵਾਲੇ ਵੀ ਬਹੁਤ ਹਨ। ਕਈਆਂ ਨੇ ਤਾਂ ਵੱਡੀਆਂ ਫ਼ਿਲਮੀ ਹਸਤੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਂਝ ਵੀ ਜੇਕਰ ਉਹ ਆਪਣੀ ਕੋਈ ਵੀ ਸਰਗਰਮੀ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹਨ ਤਾਂ ਪ੍ਰਸ਼ੰਸਕਾਂ ਦੀ ਤੁਰੰਤ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਕੁੱਝ ਪੜ੍ਹਾਈ ਦੇ ਬਹਾਨੇ ਸਮਾਜਿਕ ਜੀਵਨ ਤੋਂ ਦੂਰ ਰਹਿੰਦੇ ਹਨ ਤਾਂ ਕੁੱਝ ਬੌਲੀਵੁਡ ਵਿੱਚ ਪ੍ਰਵੇਸ਼ ਤੋਂ ਪਹਿਲਾਂ ਹੀ ਚੰਗੀਆਂ ਸੁਰਖ਼ੀਆਂ ਬਟੋਰ ਲੈਂਦੇ ਹਨ।
ਸ਼ਾਹਰੁਖ਼ ਖ਼ਾਨ ਦੇ ਬੱਚੇ ਹੋਣ ਜਾਂ ਫ਼ਿਰ ਅਕਸ਼ੇ ਕੁਮਾਰ ਜਾਂ ਅਜੇ ਦੇਵਗਨ ਦੇ, ਸੋਸ਼ਲ ਮੀਡੀਆ ਦੀ ਮਿਹਰਬਾਨੀ ਨਾਲ ਇਨ੍ਹਾਂ ਦੀ ਹਰ ਗਤੀਵਿਧੀ ਆਮ ਲੋਕਾਂ ਤਕ ਪਹੁੰਚ ਜਾਂਦੀ ਹੈ। ਕਹਿਣ ਨੂੰ ਤਾਂ ਇਹ ਸਿਤਾਰਿਆਂ ਦੀ ਸੰਤਾਨ ਹਨ, ਪਰ ਉਨ੍ਹਾਂ ਦੀ ਆਪਣੀ ਇੱਕ ਅਲੱਗ ਹੋਂਦ ਹੈ। ਯਕੀਨ ਨਾ ਹੋਵੇ ਤਾਂ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਨੂੰ ਦੇਖੋ ਜਿੱਥੇ ਉਹ ਕਿਸੇ ਵੱਡੀ ਹਸਤੀ ਤੋਂ ਘੱਟ ਨਹੀਂ, ਅਤੇ ਉਹ ਵੀ ਆਪਣੀ ਨਿੱਜੀ ਸਮਰੱਥਾ ‘ਤੇ। ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਇਹ ਇੱਕ ਪੇਸ਼ੇਵਰ ਰੁਕਾਵਟ ਹੈ ਜਿਸ ਕਾਰਨ ਉਸ ਦਾ ਅਤੇ ਉਸ ਦੇ ਬੱਚਿਆਂ ਦਾ ਜੀਵਨ ਜਨਤਕ ਸੰਪਤੀ ਬਣ ਗਿਆ ਹੈ। ਫ਼ਿਰ ਵੀ ਉਸ ਨੇ ਮੀਡੀਆ ਨੂੰ ਕਿਹਾ ਹੈ ਕਿ ਉਹ ਉਸ ਦੀ ਬੇਟੀ ਸੁਹਾਨਾ ਦੀਆਂ ਤਸਵੀਰਾਂ ਨਾ ਛਾਪਣ। ਸ਼ਾਹਰੁਖ਼ ਦਾ ਕਹਿਣਾ ਹੈ ਕਿ ਸੁਹਾਨਾ ਨੇ ਕਈ ਅਜਿਹੇ ਦੋਸਤ ਬਣਾ ਲਏ ਹਨ ਜੋ ਉਸ ਦੀਆਂ ਤਸਵੀਰਾਂ ਨੂੰ ਅੱਗੇ ਪ੍ਰਚਾਰਿਤ ਕਰਦੇ ਰਹਿੰਦੇ ਹਨ। ਗੱਲ ਚਾਹੇ ਜੋ ਵੀ ਹੋਵੇ, ਸਿਤਾਰਿਆਂ ਦੀਆਂ ਸੰਤਾਨਾਂ ਦੀਆਂ ਤਸਵੀਰਾਂ ਕੌਣ ਨਹੀਂ ਦੇਖਣਾ ਚਾਹੁੰਦਾ? ਉਨ੍ਹਾਂ ਦਾ ਨਿੱਜੀ ਅਤੇ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਹੈ, ਪ੍ਰਸ਼ੰਸਕ ਇਹ ਜ਼ਰੂਰ ਜਾਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਫ਼ੌਲੋ ਵੀ ਕਰਨਾ ਚਾਹੁੰਦੇ ਹਨ, ਇਹੀ ਕਾਰਨ ਹੈ ਕਿ ਕਿਸੇ ਵੀ ਸਿਤਾਰੇ ਦੇ ਬੱਚੇ ‘ਤੇ ਹਰ ਇੱਕ ਦਾ ਧਿਆਨ ਜਾਂਦਾ ਹੈ।
ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਦੀ ਬੇਟੀ ਨਵਿਆ ਨਵੇਲੀ ਕੁੱਝ ਸਾਲ ਪਹਿਲਾਂ ਓਦੋਂ ਚਰਚਾ ਵਿੱਚ ਆਈ ਜਦੋਂ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਨਾਲ ਉਸ ਦੀ ਇੱਕ ਤਸਵੀਰ ਛਪੀ ਸੀ। ਇਸ ਤਸਵੀਰ ਵਿੱਚ ਉਨ੍ਹਾਂ ਦੇ ਕੁੱਝ ਦੋਸਤ ਵੀ ਸਨ, ਪਰ ਸੁਭਾਵਿਕ ਤੌਰ ‘ਤੇ ਲੋਕਾਂ ਦਾ ਧਿਆਨ ਇਨ੍ਹਾਂ ਦੋਹਾਂ ‘ਤੇ ਹੀ ਗਿਆ ਸੀ। ਬਸ! ਇਹ ਗੱਲ ਫ਼ੈਲ ਗਈ ਕਿ ਦੋਨੋਂ ਪਿਆਰ ਵਿੱਚ ਹਨ। ਇੱਥੋਂ ਤਕ ਸੋਚਿਆ ਜਾਣ ਲੱਗਿਆ ਕਿ ਨਵਿਆ ਅਤੇ ਆਰਿਅਨ ਦਾ ਪਿਆਰ ਅਮਿਤਾਭ ਅਤੇ ਸ਼ਾਹਰੁਖ਼ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗਾ, ਪਰ ਇਹ ਸਭ ਗੱਲਾਂ ਹੁਣ ਅਤੀਤ ਬਣ ਚੁੱਕੀਆਂ ਹਨ। ਦੋਹੇਂ ਹੀ ਵੱਡੇ ਹੋ ਚੁੱਕੇ ਹਨ। ਨਵਿਆ ਦੇ ਟਵਿਟਰ ਐਕਾਊਂਟ ਦੇ ਹਜ਼ਾਰਾਂ ਦੀ ਸੰਖਿਆ ਵਿੱਚ ਫ਼ੌਲੋਅਰਜ਼ ਹਨ। ਉਂਝ ਪਿੰਕ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਮਿਤਾਭ ਨੇ ਆਪਣੀ ਦੋਹਤੀ ਨੂੰ ਜੋ ਖੁੱਲ੍ਹੀ ਚਿੱਠੀ ਲਿਖੀ ਸੀ, ਉਹ ਵੀ ਬਹੁਤ ਵਾਇਰਲ ਹੋਈ ਸੀ। ਸਪੱਸ਼ਟ ਹੈ ਕਿ ਅਮਿਤਾਭ ਵੀ ਸੋਸ਼ਲ ਮੀਡੀਆ ਵਿੱਚ ਨਵਿਆ ਦੀ ਹਰਮਨਪਿਆਰਤਾ ਤੋਂ ਵਾਕਿਫ਼ ਹੈ।
ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਨੇ ਇੱਕ ਤੋਂ ਬਾਅਦ ਇੱਕ ਲੜਕੀਆਂ ਨਾਲ ਨਜ਼ਰ ਆ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਸਭ ਦਾ ਹਰਮਨਪਿਆਰਾ ਹੈ। ਉਂਝ ਖ਼ੁਦ ਸ਼ਾਹਰੁਖ਼ ਵੀ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਰਹਿੰਦਾ ਹੈ। ਇਸ ਨੇ ਆਰਿਅਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਦੇ ਸ਼ਾਹਰੁਖ਼ ਨੇ ਖ਼ੁਦ ਹੀ ਦੱਸਿਆ ਸੀ ਕਿ ਈਦ ਦੇ ਦਿਨ ਆਰਿਅਨ ਨੇ ਉਸ ਨਾਲ ਪ੍ਰਸ਼ੰਸਕਾਂ ਵਿਚਕਾਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਸਲ ਵਿੱਚ ਆਰਿਅਨ ਆਪਣੀ ਆਜ਼ਾਦ ਪਛਾਣ ਬਣਾਉਣਾ ਚਾਹੁੰਦਾ ਹੈ, ਪਰ ਖ਼ਾਨ ਪਰਿਵਾਰ ਦਾ ਜੋ ਮੈਂਬਰ ਸੋਸ਼ਲ ਮੀਡੀਆ ਦਾ ਦੁਲਾਰਾ ਹੈ, ਉਹ ਹੈ ਸ਼ਾਹਰੁਖ਼ ਦਾ ਛੋਟਾ ਬੇਟਾ ਐਬਰਾਮ। IPL ਦੇ ਮੈਦਾਨ ਤੋਂ ਲੈ ਕੇ ਸ਼ੂਟਿੰਗ ਤਕ ਉਹ ਪਾਪਾ ਦਾ ਹਰ ਸਮੇਂ ਦਾ ਸਾਥੀ ਹੈ। ਈਦ ਦੇ ਦਿਨ ਵੀ ਉਹ ਆਪਣੇ ਪਾਪਾ ਨਾਲ ਪ੍ਰਸੰਸਕਾਂ ਵਿਚਕਾਰ ਆਉਂਦਾ ਹੈ।
ਸੈਫ਼ ਅਲੀ ਤੇ ਅੰਮ੍ਰਿਤਾ ਦੀ ਬੇਟੀ ਸਾਰ੍ਹਾ ਵੀ ਹਮੇਸ਼ਾਂ ਤੋਂ ਸੋਸ਼ਲ ਮੀਡੀਆ ਦਾ ਵੱਡਾ ਆਕਰਸ਼ਣ ਰਹੀ ਹੈ। ਕੁੱਝ ਸਾਲ ਪਹਿਲਾਂ ਉਹ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀ ਸੀ ਤਾਂ ਸੈਫ਼ ਨੇ ਸਾਰ੍ਹਾ ਨਾਲ ਜੁੜੇ ਸਵਾਲ ‘ਤੇ ਉਸ ਦੇ ਫ਼ਿਲਮਾਂ ਵਿੱਚ ਕੰਮ ਕਰਨ ‘ਤੇ ਇਕਦਮ ਰੋਕ ਲਗਾ ਦਿੱਤੀ ਸੀ। ਓਦੋਂ ਉਸ ਦਾ ਕਹਿਣਾ ਸੀ – ਪਹਿਲਾਂ ਬੇਟੀ ਦੀ ਪੜ੍ਹਾਈ ਪੂਰੀ ਹੋ ਜਾਏ, ਉਸ ਤੋਂ ਬਾਅਦ ਦੂਜੀ ਗੱਲ। ਹੁਣ ਉਸ ਦੇ ਸਬੰਧਾਂ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਵਿੱਚ ਆਉਣ ਲੱਗੀਆਂ ਹਨ, ਅਤੇ ਲੱਖਾਂ ਲੋਕ ਉਸ ਨੂੰ ਫ਼ੌਲੋ ਕਰਦੇ ਹਨ।
ਇਸ ਦੌੜ ਵਿੱਚ ਸਾਰ੍ਹਾ ਅਲੀ ਖ਼ਾਨ ਤੋਂ ਬਾਅਦ ਬੋਨੀ ਕਪੂਰ – ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਵੀ ਰੱਖਿਆ ਜਾ ਸਕਦਾ ਹੈ। ਇਨਸਟਾਗ੍ਰੈਮ ‘ਤੇ ਉਸ ਦੇ ਕਾਫ਼ੀ ਫ਼ੌਲੋਅਰਜ਼ ਹਨ। ਸੁੰਦਰਤਾ ਦੇ ਮਾਮਲੇ ਵਿੱਚ ਬੇਟੀ ਮਾਂ ਨੂੰ ਟੱਕਰ ਦੇ ਸਕਦੀ ਹੈ। ਬੇਬਾਕ ਪਹਿਰਾਵਾ ਅਤੇ ਦੋਸਤਾਂ ਨਾਲ ਮਸਤੀ ਦੀਆਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿੱਚ ਤੁਰੰਤ ਹਿੱਟ ਹੋ ਜਾਂਦੀਆਂ ਹਨ, ਪਰ ਮਾਂ ਦੀ ਮੌਤ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਘੱਟ ਹੀ ਸਰਗਰਮ ਹੈ। ਉਂਝ ਉਸ ਦਾ ਕਰੀਅਰ ਵੀ ਧੜਕ ਤੋਂ ਬਾਅਦ ਬੰਦ ਹੀ ਪਿਆ ਹੈ। ਇਹੀ ਵਜ੍ਹਾ ਹੈ ਕਿ ਫ਼ਿਲਹਾਲ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਘੱਟ ਸਰਗਰਮ ਹੈ, ਪਰ ਇਸ ਦੇ ਬਾਵਜੂਦ ਉਸ ਦੇ ਪ੍ਰਸੰਸਕਾਂ ਦੀ ਸੰਖਿਆ ਕਾਫ਼ੀ ਵੱਡੀ ਹੈ।
ਉਂਝ ਜਾਹਨਵੀ ਦੀ ਛੋਟੀ ਭੈਣ ਖ਼ੁਸ਼ੀ ਸੋਸ਼ਲ ਮੀਡੀਆ ਦੀ ਇੱਕ ਉਭਰਦੀ ਹੋਈ ਸਟਾਰ ਹੈ। ਉਹ ਇੱਕ ਬਰੈਂਡ ਦਾ ਚਿਹਰਾ ਵੀ ਬਣ ਚੁੱਕੀ ਹੈ। ਇਸੀ ਬਰੈਂਡ ਦਾ ਇੱਕ ਹੋਰ ਚਿਹਰਾ ਹੈ ਅਨੁਰਾਗ ਕਸ਼ਿਅਪ ਦੀ ਬੇਟੀ ਆਲੀਆ ਕਸ਼ਿਅਪ। ਇਨਸਟਾਗ੍ਰੈਮ ‘ਤੇ ਆਲੀਆ ਆਪਣੀ ਸੁੰਦਰਤਾ ਨਾਲ ਸਬੰਧਤ ਤਸਵੀਰਾਂ ਸਾਂਝੀਆਂ ਕਰਦੀ ਹੈ ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ। ਫ਼ਿਲਮਾਂ ਵਿੱਚ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਆਲੀਆ ਨੂੰ ਪ੍ਰਸ਼ੰਸਕਾਂ ਦੀ ਚੰਗੀ ਸੰਖਿਆ ਮਿਲ ਗਈ। ਇੱਕ ਹੋਰ ਆਲੀਆ ਹੈ, ਪੂਜਾ ਬੇਦੀ ਦੀ ਧੀ ਆਲੀਆ ਫ਼ਰਨੀਚਰਵਾਲਾ। ਉਹ ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਉਹ ਵੀ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਹੀ ਚਰਚਾ ਵਿੱਚ ਆ ਗਈ ਹੈ।
ਸਮਾਜ, ਸਾਹਿਤ ਅਤੇ ਸਿਨਮਾ
ਸਾਹਿਤਕਾਰ, ਕਲਾਕਾਰ, ਫ਼ਿਲਮਸਾਜ਼ ਅਤੇ ਹੋਰ ਕਲਾਵਾਂ ਦੇ ਰਚਨਾਕਾਰ ਉਹੀ ਕੁੱਝ ਆਪਣੀਆਂ ਰਚਨਾਵਾਂ ਰਾਹੀਂ ਪੇਸ਼ ਕਰਦੇ ਹਨ ਜੋ ਉਨ੍ਹਾਂ ਦੇ ਆਲੇ ਦੁਆਲੇ ਸਮਾਜ ਵਿੱਚ ਵਾਪਰਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੋਈ ਵੀ ਸਮੁੱਚੀ ਰਚਨਾ ਹਵਾ ਵਿੱਚੋਂ ਨਹੀਂ ਫ਼ੜੀ ਜਾ ਸਕਦੀ। ਉਸ ਵਿੱਚ ਕੁੱਝ ਹਿੱਸਾ ਯਥਾਰਥ ਹੁੰਦਾ ਹੈ ਅਤੇ ਕੁੱਝ ਹਿੱਸਾ ਕਲਪਨਾ। ਦੋਹਾਂ ਦਾ ਸਹੀ ਸੁਮੇਲ ਹੀ ਵਧੀਆ ਰਚਨਾ ਬਣਦੀ ਹੈ। ਸ਼ਾਇਦ ਇਸੇ ਕਰ ਕੇ ਸਾਹਿਤ ਅਤੇ ਕਲਾ ਨੂੰ ਸਮਾਜ ਦਾ ਅਕਸ ਕਿਹਾ ਜਾਂਦਾ ਹੈ। ਉਨ੍ਹਾਂ ਵਿੱਚ ਉਹੀ ਕੁੱਝ ਝਲਕਦਾ ਹੈ ਜੋ ਉਸ ਸਮੇਂ ਵਾਪਰ ਰਿਹਾ ਹੁੰਦਾ ਹੈ।
ਜਿਵੇਂ ਹੀ ਸਮਾਜ ਵਿੱਚ ਕੁੱਝ ਹੁੰਦਾ ਹੈ। ਤਬਦੀਲੀ ਆਉਂਦੀ ਹੈ ਤਾਂ ਉਸ ਦਾ ਅਸਰ ਸਾਹਿਤ, ਸਿਨਮਾ ਅਤੇ ਰੰਗਮੰਚ ਵਰਗੀਆਂ ਕਲਾਵਾਂ ਉੱਪਰ ਵੀ ਪੈਂਦਾ ਹੈ। ਮੌਜੂਦਾ ਪੰਜਾਬ ਨਸ਼ੇ ਦੇ ਜਾਲ ਵਿੱਚ ਫ਼ਸਿਆ ਹੋਇਆ ਹੈ। ਰੋਜ਼ਾਨਾ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਬਾਰੇ ਖ਼ਬਰਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ। ਫ਼ਿਲਮ ਬਣਾਉਣ ਵਾਲਿਆਂ ਨੇ ਉੜਤਾ ਪੰਜਾਬ ਨਾਮਕ ਫ਼ਿਲਮ ਬਣਾਈ ਜਿਸ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਭਾਰਿਆ ਗਿਆ। ਪੰਜਾਬ ਦੀਆਂ ਕਿਸਾਨੀ ਸਮੱਸਿਆਵਾਂ ਨੂੰ ਲੈ ਕੇ ਕਿੰਨੀਆਂ ਕਹਾਣੀਆਂ ਅਤੇ ਨਾਵਲ ਲਿਖੇ ਗਏ ਹਨ। ਕਿੰਨੇ ਨਾਟਕ ਅਤੇ ਫ਼ਿਲਮਾਂ ਬਣੀਆਂ ਹਨ। ਗੁਰਦਿਆਲ ਸਿੰਘ ਦਾ ਮਸ਼ਹੂਰ ਨਾਵਲ ਮੜ੍ਹੀ ਦਾ ਦੀਵਾ ਅਤੇ ਅੰਨ੍ਹੇ ਘੋੜੇ ਦਾ ਦਾਨ ਵੀ ਪੰਜਾਬ ਦੀ ਕਿਸਾਨੀ ਅਤੇ ਜ਼ਾਤ-ਪਾਤ ਦੀ ਸਮੱਸਿਆ ਨੂੰ ਬਾਖ਼ੂਬੀ ਉਭਾਰਦਾ ਹੈ। ਬਾਅਦ ਵਿੱਚ ਫ਼ਿਲਮਸਾਜ਼ਾਂ ਨੇ ਇਨ੍ਹਾਂ ਦੋਹਾਂ ਨਾਵਲਾਂ ‘ਤੇ ਇਸੇ ਨਾਮ ਦੀਆਂ ਫ਼ਿਲਮਾਂ ਵੀ ਬਣਾਈਆਂ ਜੋ ਬਹੁਤ ਚਰਚਿਤ ਅਤੇ ਸਫ਼ਲ ਰਹੀਆਂ।
ਜ਼ਾਤ-ਪਾਤ ਅਤੇ ਧਰਮ ਨੂੰ ਲੈ ਕੇ ਅਕਸਰ ਸਮਾਜ ਵਿੱਚ ਕੁੱਝ ਨਾ ਕੁੱਝ ਵਾਪਰਦਾ ਰਹਿੰਦਾ ਹੈ। ਹਾਲ ਹੀ ਵਿੱਚ ਆਈ ਹਿੰਦੀ ਫ਼ਿਲਮ ਆਰਟੀਕਲ 15 ਵੀ ਸਮਾਜ ਵਿੱਚ ਫ਼ੈਲੇ ਹੋਏ ਜ਼ਾਤ-ਪਾਤ ਦੇ ਕੋਹੜ ਅਤੇ ਔਰਤਾਂ ਨਾਲ ਹੋ ਰਹੀ ਜ਼ਿਆਦਾਦਤੀ ਬਾਰੇ ਗੱਲ ਕਰਦੀ ਹੈ। ਜ਼ਾਤ-ਪਾਤ ਅਤੇ ਲਿੰਗਭੇਦ ਨੂੰ ਆਧਾਰ ਬਣਾ ਕੇ ਆਮ ਲੋਕਾਂ ਨਾਲ ਕੀਤੇ ਜਾਂਦੇ ਭੇਦਭਾਵ ਅਤੇ ਵਿਤਕਰੇ ਦੀ ਗੱਲ ਕਰਦੀ ਹੈ। ਫ਼ਿਲਮ ਦੱਸਦੀ ਹੈ ਕਿ ਕਿਵੇਂ ਅਖੌਤੀ ਉੱਚੀ ਜਾਤੀ ਵਾਲੇ ਲੋਕ ਅਖੌਤੀ ਨੀਵੀਂ ਜ਼ਾਤ ਨਾਲ ਸਬੰਧਿਤ ਨਾਬਾਲਗ ਕੁੜੀਆਂ ਨਾਲ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਫ਼ਾਹੇ ਟੰਗ ਕੇ ਮਾਰ ਦਿੰਦੇ ਹਨ।
ਹਾਲ ਹੀ ਵਿੱਚ ਆਈ ਫ਼ਿਲਮ ਕਬੀਰ ਸਿੰਘ ਵਿੱਚ ਵੀ ਜ਼ਾਤ-ਪਾਤ ਅਤੇ ਧਰਮ ਨੂੰ ਲੈ ਕੇ ਸਮਾਜਕ ਸੋਚ ਦਾ ਖ਼ੁਲਾਸਾ ਕੀਤਾ ਗਿਆ ਹੈ। ਫ਼ਿਲਮ ਵਿੱਚ ਡਾਕਟਰ ਮੁੰਡੇ ਨਾਲ ਪਿਆਰ ਕਰਦੀ ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਿਤ ਇੱਕ ਡਾਕਟਰ ਕੁੜੀ ਦਾ ਪ੍ਰੇਮ ਵਿਆਹ ਉਸ ਦਾ ਪਰਿਵਾਰ ਇਸ ਕਰ ਕੇ ਨਾਮਨਜ਼ੂਰ ਕਰ ਦਿੰਦਾ ਹੈ ਕਿਉਂਕਿ ਮੁੰਡਾ ਦੂਸਰੇ ਧਰਮ ਦਾ ਹੈ। ਉਹ ਮੁੰਡਾ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਸਮਝਾਉਂਦਾ ਹੈ, ਵਾਸਤੇ ਪਾਉਂਦਾ ਹੈ, ਪਰ ਜ਼ਾਤ-ਪਾਤ ਅਤੇ ਧਰਮ ਦੀ ਦੀਵਾਰ ਇੰਨੀ ਤਾਕਤਵਰ ਸਾਬਿਤ ਹੁੰਦੀ ਹੈ ਕਿ ਉਨ੍ਹਾਂ ਦੋਹਾਂ ਪਿਆਰ ਕਰਨ ਵਾਲਿਆਂ ਦਾ ਮੇਲ ਨਹੀਂ ਹੋਣ ਦਿੰਦੀ। ਦੇਸ਼ ਵਿੱਚ ਫ਼ੈਲੇ ਵਿਦਿਆ ਮਾਫ਼ੀਆ ਨੂੰ ਮੁੱਦਾ ਬਣਾ ਕੇ ਹਾਲ ਹੀ ਵਿੱਚ ਹਿੰਦੀ ਫ਼ਿਲਮ ਸੁਪਰ 30 ਆਈ ਸੀ ਜਿਸ ਦੀ ਕਹਾਣੀ ਬਿਹਾਰ ਦੇ ਸਾਧਾਰਨ ਪਰਿਵਾਰ ਦੇ ਨੌਜਵਾਨ ਆਨੰਦ ਕੁਮਾਰ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਉਹ ਆਰਥਿਕ ਪੱਖੋਂ ਕਮਜ਼ੋਰ ਹੋਣ ਕਰ ਕੇ ਵਿਦੇਸ਼ ਵਿੱਚ ਪੜ੍ਹਾਈ ਕਰਨ ਨਹੀਂ ਜਾ ਸਕਿਆ। ਪਹਿਲਾਂ ਉਹ ਆਪ ਉਸੇ ਵਿਦਿਆ ਮਾਫ਼ੀਆ ਦਾ ਹਿੱਸਾ ਬਣ ਕੇ ਅਮੀਰ ਲੋਕਾਂ ਕੋਲੋਂ ਮੋਟਾ ਪੈਸਾ ਲੈ ਕੇ ਉਨ੍ਹਾਂ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਹੈ। ਉਨ੍ਹਾਂ ਨੂੰ ਦੇਸ਼ ਦੀਆਂ ਪ੍ਰਸਿੱਧ ਸੰਸਥਾਵਾਂ ਵਿੱਚ ਦਾਖ਼ਲ ਹੋਣ ਦੇ ਕਾਬਲ ਬਣਾਉਂਦਾ ਹੈ। ਫ਼ਿਰ ਅਚਾਨਕ ਉਸ ਦੀ ਜ਼ਮੀਰ ਜਾਗਦੀ ਹੈ। ਉਹ ਆਪਣੀ ਜ਼ਿੰਦਗੀ ਜਿਉਣ ਦਾ ਮਕਸਦ ਅਤੇ ਉਦੇਸ਼ ਬਦਲ ਲੈਂਦਾ ਹੈ। ਉਹ ਆਪਣਾ ਨਿੱਜੀ ਕੋਚਿੰਗ ਸੈਂਟਰ ਚਲਾਉਂਦਾ ਹੈ। ਤੀਹ ਗ਼ਰੀਬ ਬੱਚਿਆਂ ਨੂੰ ਮੁਫ਼ਤ ਵਿੱਚ ਟਿਊਸ਼ਨ ਪੜ੍ਹਾ ਕੇ ਦੇਸ਼ ਦੀ ਨਾਮਵਰ ਸੰਸਥਾ IIT ਵਿੱਚ ਦਾਖ਼ਲ ਕਰਾਉਣ ਵਿੱਚ ਸਫ਼ਲ ਹੁੰਦਾ ਹੈ। ਇਸੇ ਤਰ੍ਹਾਂ ਹੋਰ ਵੀ ਫ਼ਿਲਮਾਂ, ਨਾਵਲ, ਕਹਾਣੀਆਂ, ਨਾਟਕ, ਆਦਿ ਆਪਣੇ ਸਮੇਂ ਦੇ ਸਮਾਜਕ ਤਾਣੇ ਬਾਣੇ ਅਤੇ ਵਰਤਾਰੇ ਨੂੰ ਦਰਸਾਉਣ ਲਈ ਸ਼ੀਸ਼ੇ ਦਾ ਕਿਰਦਾਰ ਨਿਭਾਉਂਦੇ ਹਨ। ਇਨ੍ਹਾਂ ਮਾਧਿਅਮਾਂ ਰਾਹੀਂ ਸਾਨੂੰ ਦੁਨੀਆਂ ਭਰ ਦੇ ਸਮਾਜਕ, ਸਿਆਸੀ, ਅਪਰਾਧਕ, ਆਰਥਿਕ, ਧਾਰਮਿਕ, ਬੌਧਿਕ, ਆਦਿ ਵਰਤਾਰਿਆਂ ਨੂੰ ਦੇਖਣ ਦੇ ਮੌਕੇ ਮਿਲਦੇ ਰਹਿੰਦੇ ਹਨ। ਸਾਹਿਤ, ਕਲਾ ਅਤੇ ਸਿਨਮਾ ਅਜਿਹਾ ਤਾਕਤਵਰ ਮਾਧਿਅਮ ਹੈ ਜੋ ਅਜੋਕੇ ਸਮਾਜ ਨੂੰ ਉਸ ਦਾ ਅਕਸ ਵਿਖਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ॥