ਨਵੀਂ ਦਿੱਲੀ – ਵਰਲਡ ਕੱਪ ‘ਚ ਖ਼ਰਾਬ ਪ੍ਰਦਰਸ਼ਨ ਕਾਰਨ ਪਾਕਿਸਾਤਾਨੀ ਖਿਡਾਰੀ ਹਰ ਰੋਜ਼ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਜਿੱਥੇ ਪਾਕਿ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੂੰ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉੱਥੇ ਪਾਕਿਸਤਾਨ ਦੇ ਤਜਰਬੇਕਾਰ ਖਿਡਾਰੀ ਅਤੇ ਮੰਨੇ-ਪ੍ਰਮੰਨੇ ਆਲਰਾਊਂਡਰ ਮੁਹੰਮਦ ਹਫ਼ੀਜ਼ ਲਈ ਮੌਜੂਦਾ ਸਮਾਂ ਵੀ ਚੰਗਾ ਨਹੀਂ ਚੱਲ ਰਿਹਾ। ਵਰਲਡ ਕੱਪ ਵਿੱਚ ਹਫ਼ੀਜ਼ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਨਤੀਜਾ 2019-20 ਲਈ ਹੋਏ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਸੈਂਟ੍ਰਲ ਕਰਾਰ ਵਿੱਚ ਵੀ ਉਸ ਨੂੰ ਜਗ੍ਹਾ ਨਹੀਂ ਮਿਲੀ। ਫ਼ਿਰ ਸ਼੍ਰੀ ਲੰਕਾ ਖ਼ਿਲਾਫ਼ ਸੀਰੀਜ਼ ਲਈ ਚੁਣੀ ਗਈ ਟੀਮ ਵਿੱਚ ਉਸ ਦਾ ਨਾਂ ਸ਼ਾਮਿਲ ਨਹੀਂ ਸੀ, ਅਤੇ ਹੁਣ ਸੋਸ਼ਲ ਮੀਡੀਆ ‘ਤੇ ਮੌਜੂਦ ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਰੱਜ ਕੇ ਟ੍ਰੋਲ ਕੀਤਾ ਹੈ।
ਪਾਕਿਸਤਾਨੀ ਟੀਮ ‘ਚੋਂ ਬਾਹਰ ਹੋਣ ਤੋਂ ਬਾਅਦ ਮੁਹੰਮਦ ਹਫ਼ੀਜ਼ ਵੈੱਸਟ ਇੰਡੀਜ਼ ਵਿੱਚ ਕੈਰੇਬੀਆਈ ਪ੍ਰੀਮੀਅਰ ਲੀਗ ਦਾ ਹਿੱਸਾ ਹਨ। ਉਹ ਉੱਥੇ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਅਰਟਸ ਟੀਮ ਨਾਲ ਜੁੜੇ ਹੋਏ ਹਨ। ਕੈਰੇਬੀਅਨ ਲੀਗ ਵਿੱਚ ਖੇਡਣ ਦੌਰਾਨ 38 ਸਾਲਾ ਹਫ਼ੀਜ਼ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿੱਚ ਉਸ ਨੇ ਲਿਖਿਆ- ਖ਼ੂਬਸੂਰਤ ਸੈਂਟ ਲੂਸ਼ੀਆ ਵਿੱਚ ਸੂਰਜ ਡੁੱਬਣ ਦਾ ਨਜ਼ਾਰਾ। ਹਫ਼ੀਜ਼ ਦੀ ਇਸ ਪੋਸਟ ‘ਤੇ ਤਰੁੰਤ ਹੀ ਟਿੱਪਣੀਆਂ ਦਾ ਹੜ੍ਹ ਆ ਗਿਆ। ਜ਼ਿਆਦਾਤਰ ਕੌਮੈਂਟਸ ਵਿੱਚ ਤਸਵੀਰਾਂ ਦੀ ਸ਼ਲਾਘਾ ਕਰਨ ਦੀ ਬਜਾਏ ਹਫ਼ੀਜ਼ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ।