ਕੋਲਕਾਤਾ – ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਧਾਕੜ ਬੱਲੇਬਾਜ਼ ਰਹਿ ਚੁੱਕੇ ਸੌਰਵ ਗਾਂਗੁਲੀ ਨੇ ਇਨ੍ਹੀ ਦਿਨੀ ਖ਼ਰਾਬ ਫ਼ੌਰਮ ਕਾਰਨ ਆਲੋਚਕਾਂ ਦੇ ਨਿਸ਼ਾਨੇ ‘ਤੇ ਆਏ ਰਿਸ਼ਭ ਪੰਤ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਸੌਰਵ ਗਾਂਗੁਲੀ ਨੇ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਖਿਡਾਰੀ ਭਵਿੱਖ ਵਿੱਚ ਟੀਮ ਇੰਡੀਆ ਦਾ ਐੱਕਸ ਫ਼ੈਕਟਰ ਬਣੇਗਾ। ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ, ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਵੀ ਇਸ ਬੱਲੇਬਾਜ਼ ਨੂੰ ਆਪਣੀ ਬੱਲੇਬਾਜ਼ੀ ਸੁਧਾਰਨ ਲਈ ਅਲਟੀਮੇਟਮ ਦੇ ਚੁੱਕੇ ਹਨ। ਗਾਂਗੁਲੀ ਨੇ ਕਿਹਾ ਕਿ ਰਿਸ਼ਭ ਪੰਤ ਮੈਚ ਵਿਨਰ ਹੈ।
ਰਿਸ਼ਭ ਪੰਤ ਨੂੰ ਅਜੇ ਖੇਡਣ ਦੇਣਾ ਚਾਹੀਦਾ ਹੈ ਨਾ ਕਿ ਉਸ ਦੀ ਹਰ ਇੱਕ ਮੈਚ ਤੋਂ ਬਾਅਦ ਆਲੋਚਨਾ ਕਰਨੀ ਚਾਹੀਦੀ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਰਿਸ਼ਭ ਪੰਤ ਭਾਰਤੀ ਟੀਮ ਦੇ ਭਵਿੱਖ ਵਿੱਚ ਐੱਕਸ ਫ਼ੈਕਟਰ ਸਾਬਿਤ ਹੋਣਗੇ। ਸਾਬਕਾ ਕਪਤਾਨ ਨੇ ਇੱਕ ਕ੍ਰਿਕਟ ਵੈੱਬਸਾਈਟ ਨਾਲ ਗੱਲ ਕਰਦਿਆਂ ਕਿਹਾ, ”ਮੇਰਾ ਮੰਨਣਾ ਹੈ ਕਿ ਭਾਰਤੀ ਟੀਮ ਮਜ਼ਬੂਤ ਅਤੇ ਸ਼ਕਤੀਸ਼ਾਲੀ ਹੈ। ਮੈਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਟੀਮ ਇੰਡੀਆ ਦਾ ਐੱਕਸ ਫ਼ੈਕਟਰ ਨਹੀਂ ਦੱਸਾਂਗਾ ਕਿਉਂਕਿ ਉਹ ਪਹਿਲਾਂ ਤੋਂ ਹੀ ਦਮਦਾਰ ਖਿਡਾਰੀ ਹਨ। ਮੈਂ ਭਵਿੱਖ ਬਾਰੇ ਸੋਚ ਰਿਹਾ ਹਾਂ ਜੋ ਅੱਗੇ ਚੱਲ ਕੇ ਟੀਮ ਇੰਡੀਆ ਦਾ ਐੱਕਸ ਫ਼ੈਕਟਰ ਹੋਵੇਗਾ, ਅਤੇ ਉਹ ਰਿਸ਼ਭ ਪੰਤ ਹੈ।”