ਫ਼ਲਾਹਾਰੀ ਭੋਜਨ ਖਾਣ ਨਾਲ ਕਈ ਲੋਕਾਂ ਦਾ ਭਾਰ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਆਪਣੇ ਭਾਰ ਦੀ ਚਿੰਤਾ ਹੋ ਰਹੀ ਹੈ ਕਿ ਕਿਤੇ ਆਲੂ ਖਾ ਕੇ ਤੁਹਾਡਾ ਭਾਰ ਨਾ ਵੱਧ ਜਾਵੇ ਤਾਂ ਤੁਸੀਂ ਪਨੀਰ ਖਾ ਸਕਦੇ ਹੋ। ਫ਼ਲਾਹਾਰੀ ਕੜ੍ਹਾਈ ਪਨੀਰ ਟਮਾਟਰ ਨੂੰ ਮਿਕਸ ਕਰ ਕੇ ਬਣਾਇਆ ਜਾਂਦਾ ਹੈ ਜਿਹੜਾ ਕਿ ਸੁਆਦ ‘ਚ ਵੀ ਬਹੁਤ ਹੀ ਵਧੀਆ ਹੁੰਦਾ ਹੈ। ਫ਼ਲਾਹਾਰੀ ਕੜ੍ਹਾਈ ਪਨੀਰ ਬਣਾਉਣ ‘ਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਜਾਣੋ ਫ਼ਲਾਹਾਰੀ ਕੜਾਈ ਪਨੀਰ ਬਣਾਉਣ ਦੀ ਵਿਧੀ।
ਸਮੱਗਰੀ
ਪਨੀਰ 500 ਗ੍ਰਾਮ, ਟਮਾਟਰ ਚਾਰ ਮੈਸ਼ ਕੀਤੇ ਅਤੇ ਦੋ ਕੱਟੇ ਹੋਏ, ਲੌਂਗ ਪੰਜ, ਦਾਲਚੀਨੀ ਦੋ, ਜ਼ੀਰਾ ਇੱਕ ਛੋਟਾ ਚੱਮਚ, ਇਲਾਇਚੀਆਂ ਚਾਰ, ਕਾਲੀ ਮਿਰਚ ਤਿੰਨ ਛੋਟੇ ਚੱਮਚ, ਅਦਰਕ ਇੱਕ ਛੋਟਾ ਚੱਮਚਾ, ਹਰੀਆਂ ਮਿਰਚਾਂ ਦੋ, ਘਿਓ ਇੱਕ ਚੱਮਚ, ਲੂਣ ਸੁਆਦ ਅਨੁਸਾਰ।
ਵਿਧੀ
ਘੱਟ ਅੱਗ ‘ਤੇ ਇੱਕ ਪੈਨ ‘ਚ ਘਿਓ ਗਰਮ ਕਰੋ, ਅਤੇ ਫ਼ਿਰ ਉਸ ‘ਚ ਲੌਂਗ, ਦਾਲਚੀਨੀ, ਜ਼ੀਰਾ, ਕਾਲੀ ਮਿਰਚ, ਅਤੇ ਇਲਾਇਚੀ ਪਾਓ। ਇਸ ਨੂੰ ਘੱਟ ਅੱਗ ‘ਤੇ ਗਰਮ ਕਰੋ। ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਨੂੰ ਕਿਸੇ ਦੂਜੀ ਕਟੋਰੀ ‘ਚ ਕੱਢ ਲਵੋ ਅਤੇ ਜਦੋਂ ਇਹ ਮਸਾਲੇ ਠੰਡੇ ਹੋ ਜਾਣ ਤਾਂ ਇਨ੍ਹਾਂ ਨੂੰ ਮਿਕਸੀ ‘ਚ ਪੀਸ ਲਓ। ਹੁਣ ਉਸੇ ਪੈਨ ‘ਚ ਘਿਓ ਪਾ ਕੇ ਗਰਮ ਕਰੋ। ਫ਼ਿਰ ਇਸ ‘ਚ ਅਦਰਕ ਪੇਸਟ ਪਾਓ, ਮੈਸ਼ ਕੀਤੇ ਟਮਾਟਰ ਪਾ ਕੇ ਹਲਕਾ ਜਿਹਾ ਉਬਾਲੋ। ਹੁਣ ਇਸ ‘ਚ ਪੀਸੇ ਹੋਏ ਮਸਾਲੇ ਪਾਓ ਅਤੇ ਇੱਕ ਕੱਪ ਪਾਣੀ ਪਾਓ। ਜਦੋਂ ਮਿਸ਼ਰਣ ਪੈਨ ਦੇ ਕਿਨਾਰੇ ਨੂੰ ਛੱਡਣ ਲੱਗੇ ਅਤੇ ਉਸ ‘ਚੋਂ ਮਹਿਕ ਆਉਣ ਲੱਗ ਪਵੇ ਤਾਂ ਉਸ ‘ਚ ਪਨੀਰ ਦੇ ਛੋਟੇ-ਛੋਟੇ ਟੁਕੜੇ ਪਾਓ। ਪਨੀਰ ‘ਚ ਲੂਣ ਅਤੇ ਹਰੀ ਮਿਰਚ ਮਿਲਾਓ ਅਤੇ ਇਸ ਨੂੰ ਪਕਣ ਦਿਓ ਅਤੇ ਫ਼ਿਰ ਸਰਵ ਕਰੋ।