ਅੰਮ੍ਰਿਤਸਰ -ਅਕਾਲੀ ਦਲ ਨੇ ਕਾਂਗਰਸ ‘ਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਅਤੇ ਸੂਬੇ ਦਾ ਮਾਹੌਲ ਖਰਾਬ ਕਰਦਿਆਂ ਅਸਥਿਰਤਾ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਏਜੰਡੇ ਬਾਰੇ ਕਿਹਾ ਕਿ ਬੀਤੇ ਸਮੇਂ ਦੌਰਾਨ ਰਾਜ ‘ਚ ਹੋਏ ਧਮਾਕਿਆਂ ‘ਚ ਸ਼ਾਮਿਲ ਗੈਰ-ਸਮਾਜਿਕ ਅਨਸਰਾਂ ਦੇ ਤਾਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ, ਮੰਤਰੀਆਂ ਤੇ ਵਿਧਾਇਕਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵੱਲੋਂ ਸਿਆਸੀ ਲਾਹਾ ਲੈਣ ਤੇ ਲੋਕਾਂ ‘ਚ ਦਹਿਸ਼ਤ ਪੈਦਾ ਕਰਨ ਲਈ ਗੈਰ-ਸਮਾਜਿਕ ਅਨਸਰਾਂ ਨੂੰ ਉਤਸ਼ਾਹਿਤ ਕਰਦਿਆਂ ਪੂਰੀ ਸ਼ਹਿ ਅਤੇ ਸਰਪ੍ਰਸਤੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸੱਚ ਦੀ ਲੜਾਈ ਹਿੱਕ ਠੋਕ ਕੇ ਲੜੀ ਜਾਵੇਗੀ। ਇਸ ਪੱਖੋਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਭਾਵੇਂ ਨਤੀਜਾ ਕੁਝ ਵੀ ਆਵੇ।
ਮਜੀਠੀਆ ਨੇ ਕਿਹਾ ਕਿ ਪੰਜਾਬ ‘ਚ ਹੋਏ ਵਿਸਫੋਟਕ ਮਾਮਲਿਆਂ ਦੀ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਕਰਵਾ ਕੇ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਇਨ੍ਹਾਂ ਗੈਰ-ਸਮਾਜਿਕ ਅਨਸਰਾਂ ਨੂੰ ਉਤਸ਼ਾਹਿਤ ਕਰਨ ਤੇ ਇਨ੍ਹਾਂ ਦੇ ਕੇਸ ਕਮਜ਼ੋਰ ਕਰਨ ਲਈ ਸਿਆਸੀ ਦਬਾਅ ਪਾਉਣ ਵਾਲੇ ਆਗੂਆਂ ਖਿਲਾਫ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ 4 ਸਤੰਬਰ 2019 ਦੀ ਰਾਤ ਦੌਰਾਨ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਇਕ ਬਾਰੂਦੀ ਧਮਾਕਾ ਹੋਇਆ, ਜਿਸ ਵਿਚ 2 ਵਿਅਕਤੀ ਹਰਪ੍ਰੀਤ ਸਿੰਘ ਹੈਪੀ ਵਾਸੀ ਬਚੜੇ ਤੇ ਵਿਕਰਮ ਸਿੰਘ ਵਿੱਕੀ ਵਾਸੀ ਕੱਦਗਿਲ ਦੀ ਮੌਤ ਹੋਈ ਅਤੇ ਬਚੜੇ ਵਾਸੀ ਗੁਰਜੰਟ ਸਿੰਘ ਗੰਭੀਰ ਜ਼ਖਮੀ ਹੋ ਗਿਆ। ਇਸ ਮਾਮਲੇ ‘ਚ ਗੁਰਜੰਟ ਸਿੰਘ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਬਚੜੇ ਤੇ ਹਰਜੀਤ ਸਿੰਘ ਪੰਡੋਰੀ ਗੋਲਾ ਵੀ ਸ਼ਾਮਿਲ ਸਨ, ਜਿਨ੍ਹਾਂ ‘ਤੇ 5 ਸਤੰਬਰ ਨੂੰ ਐੱਫ. ਆਈ. ਆਰ. ਨੰਬਰ 0280 ਥਾਣਾ ਸਦਰ ਤਰਨਤਾਰਨ ਵਿਖੇ ਆਈ. ਪੀ. ਸੀ. 1860 ਤੇ ਵਿਸਫੋਟਕ ਐਕਟ 1908 ਧਾਰਾ 304 ਤਹਿਤ ਪਰਚਾ ਦਰਜ ਕੀਤਾ ਗਿਆ, ਜਦਕਿ ਇਹ ਫਿਸਫੋਟ ਉਕਤ ਵਿਅਕਤੀਆਂ ਲਈ ਪਹਿਲਾ ਨਹੀਂ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ 2 ਜਨਵਰੀ 2019 ਦੌਰਾਨ ਵਿਸਫੋਟ ਕੀਤਾ ਗਿਆ ਸੀ। ਸਿਆਸੀ ਦਬਾਅ ਕਾਰਨ ਇਸ ਨੂੰ ਪੰਚਾਇਤੀ ਚੋਣਾਂ ‘ਚ 2 ਧਿਰਾਂ ਦੀ ਹੋਈ ਲੜਾਈ ਦਿਖਾਇਆ ਗਿਆ ਤੇ ਸੱਚ ਨੂੰ ਪ੍ਰੈੱਸ ਅਤੇ ਆਮ ਲੋਕਾਂ ਤੋਂ ਲੁਕਾ ਲਿਆ ਗਿਆ।
ਇਸ ਸਬੰਧੀ 3 ਜਨਵਰੀ ਨੂੰ ਥਾਣਾ ਸਿਟੀ ਤਰਨਤਾਰਨ ਵਿਖੇ ਐੱਫ. ਆਈ. ਆਰ. ਨੰਬਰ 0003 ਤਹਿਤ ਦਰਜ ਹੋਏ ਪਰਚੇ ਵਿਚ ਧਮਾਕੇ ਦਾ ਕੋਈ ਜ਼ਿਕਰ ਨਾ ਕਰਦਿਆਂ ਉਸ ਨੂੰ ਦਬਾ ਲਿਆ ਗਿਆ। ਇਹ ਸਭ ਅੰਮ੍ਰਿਤਸਰ ਦੇ ਕਾਂਗਰਸੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਗੁਰਜੰਟ ਸਿੰਘ ਤੇ ਗੁਰਭੇਜ ਸਿੰਘ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੋਣ ਕਾਰਨ ਕਰਵਾਇਆ। ਇੰਨਾ ਹੀ ਨਹੀਂ ਸਗੋਂ ਵਿਰੋਧੀ ਧਿਰ ‘ਤੇ ਝੂਠਾ ਪਰਚਾ ਵੀ ਦਰਜ ਕਰਵਾਇਆ ਗਿਆ, ਜੋ ਕਿ ਜਾਂਚ ਉਪਰੰਤ ਗਲਤ ਸਾਬਿਤ ਹੋਣ ‘ਤੇ ਖਾਰਿਜ ਕੀਤਾ ਗਿਆ। ਜੇਕਰ ਉਕਤ ਕੇਸ ਨੂੰ ਨਿਰਪੱਖ ਅਤੇ ਸਹੀ ਤਰੀਕੇ ਨਾਲ ਲਿਆ ਗਿਆ ਹੁੰਦਾ ਤਾਂ ਪਿੰਡ ਪੰਡੋਰੀ ਗੋਲਾ ਵਾਲਾ ਧਮਾਕਾ ਟਾਲਿਆ ਜਾ ਸਕਦਾ ਸੀ।
ਸ. ਮਜੀਠੀਆ ਨੇ ਦੱਸਿਆ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖਾਲਿਸਤਾਨੀ ਸਮਰਥਕ ਅਕਾਲ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਰਹੇ ਨਰਾਇਣ ਸਿੰਘ ਜੌੜਾ ਜਿਸ ‘ਤੇ ਰਾਜ ‘ਚ 35 ਤੋਂ ਵੱਧ ਕੇਸ ਦਰਜ ਹਨ, ਦੇ ਭਰਾ ਨਰਿੰਦਰ ਸਿੰਘ ਬਾਜਵਾ ਨੂੰ ਪਹਿਲਾਂ ਸਰਪੰਚ ਤੇ ਹੁਣ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਰੈਫਰੰਡਮ 2020 ਦੇ ਆਗੂ ਅਵਤਾਰ ਸਿੰਘ ਤਾਰੀ ਦੇ ਭਰਾ ਬਲਵਿੰਦਰ ਸਿੰਘ ਕੋਟਲਾ ਬਾਮਾ ਨੂੰ ਬਲਾਕ ਪ੍ਰਧਾਨ ਅਤੇ ਉਸ ਦੇ ਸਾਥੀ ਸਤਿੰਦਰ ਸਿੰਘ ਪਿੰਕਾ ਨੂੰ ਤਾਰੀ ਦੇ ਕਹਿਣ ‘ਤੇ ਬਲਾਕ ਸੰਮਤੀ ਫਤਿਹਗੜ੍ਹ ਚੂੜੀਆਂ ਦਾ ਚੇਅਰਮੈਨ ਬਣਾਇਆ ਹੋਇਆ ਹੈ।
ਇਸ ਸਮੇਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਜਥੇ. ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਡਾ. ਦਲਬੀਰ ਸਿੰਘ ਵੇਰਕਾ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿੱਕਾ, ਓ. ਐੱਸ. ਡੀ. ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਜੋਧ ਸਿੰਘ ਸਮਰਾ, ਪ੍ਰੋ. ਸਰਚਾਂਦ ਸਿੰਘ, ਜਸਪਾਲ ਸਿੰਘ ਸ਼ੰਟੂ ਤੇ ਹੋਰ ਹਾਜ਼ਰ ਸਨ।
ਔਜਲਾ ਨੇ ਦੋਸ਼ਾਂ ਨੂੰ ਨਕਾਰਿਆ
ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਗੁਰਜੰਟ ਸਿੰਘ ਤੇ ਗੁਰਭੇਜ ਸਿੰਘ ਨਾਲ ਮੇਰੀ ਦੂਰ ਦੀ ਰਿਸ਼ਤੇਦਾਰੀ ਜ਼ਰੂਰ ਹੈ ਪਰ ਮੈਂ ਕਦੇ ਵੀ ਉਨ੍ਹਾਂ ਨੂੰ ਸ਼ਰਨ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸੱਤਾ ‘ਚ ਹੁੰਦਿਆਂ ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ ਤੇ ਹਰਮੀਤ ਸਿੰਘ ਸੰਧੂ ‘ਤੇ ਨਸ਼ਿਆਂ ਸਮੇਤ ਪਤਾ ਨਹੀਂ ਹੋਰ ਕਿੰਨੇ ਦੋਸ਼ ਲੱਗਦੇ ਰਹੇ ਹਨ, ਇਨ੍ਹਾਂ ਨੂੰ ਮੇਰੇ ‘ਤੇ ਚਿੱਕੜ ਸੁੱਟਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਸ. ਔਜਲਾ ਨੇ ਕਿਹਾ ਕਿ ਮਜੀਠੀਆ ਅੱਜ ਮੇਰੇ ਖਿਲਾਫ ਇਵੇਂ ਪ੍ਰੈੱਸ ਕਾਨਫਰੰਸ ਕਰ ਰਿਹਾ ਸੀ, ਜਿਵੇਂ ਅਲਕਾਇਦਾ ਦਾ ਕੋਈ ਸਰਗਣਾ ਅਸਾਲਟ ‘ਤੇ ਮੋਮਬੱਤੀਆਂ ਜਗਾ ਕੇ ਸ਼ਾਂਤੀ ਮਾਰਚ ਕੱਢ ਰਿਹਾ ਹੋਵੇ।