ਕੋਲਕਾਤਾ— ਕਲਕੱਤਾ ਹਾਈ ਕੋਰਟ ਨੇ ਸਾਰਦਾ ਚਿਟ ਫੰਡ ਘਪਲੇ ਮਾਮਲੇ ‘ਚ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੇਸ਼ਗੀ ਜ਼ਮਾਨਤ ਦਿੱਤੀ ਹੈ। ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਕਰੋੜਾਂ ਰੁਪਏ ਦੇ ਸਾਰਦਾ ਚਿਟ ਫੰਡ ਮਾਮਲੇ ‘ਚ ਇਕ ਗਵਾਹ ਦੇ ਤੌਰ ‘ਤੇ ਪੁੱਛ-ਗਿੱਛ ਲਈ ਪੇਸ਼ ਹੋਣ ਨੂੰ ਲੈ ਕੇ ਕੁਮਾਰ ਨੂੰ ਕਈ ਨੋਟਿਸ ਭੇਜੇ ਸਨ ਪਰ ਉਹ ਨਹੀਂ ਪੁੱਜੇ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਕੋਰਟ ਦਾ ਦਰਵਾਜ਼ਾ ਖੜਕਾਇਆ।
ਰਾਜੀਵ ਕੁਮਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਖਾਸ ਮੰਨਿਆ ਜਾਂਦਾ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਘਪਲੇ ਦੀ ਜਾਂਚ ‘ਚ ਜ਼ਰੂਰੀ ਸਬੂਤ ਦੱਬਾ ਦਿੱਤੇ ਸਨ। ਪੱਛਮੀ ਬੰਗਾਲ ਪੁਲਸ ਨੇ ਸੀ.ਬੀ.ਆਈ. ਨੂੰ ਸੂਚਿਤ ਕੀਤਾ ਹੈ ਕਿ ਰਾਜੀਵ ਕੁਮਾਰ 9 ਸਤੰਬਰ ਤੋਂ 25 ਸਤੰਬਰ ਤੱਕ ਛੁੱਟੀ ‘ਤੇ ਸਨ। ਕੇਂਦਰੀ ਜਾਂਚ ਏਜੰਸੀ ਨੇ ਕਰੋੜਾਂ ਰੁਪਏ ਦੇ ਸਾਰਦਾ ਚਿਟਫੰਡ ਮਾਮਲੇ ‘ਚ ਇਕ ਗਵਾਹ ਦੇ ਤੌਰ ‘ਤੇ ਪੁੱਛ-ਗਿੱਛ ਲਈ ਪੇਸ਼ ਹੋਣ ਨੂੰ ਲੈ ਕੇ ਕੁਮਾਰ ਨੂੰ ਕਈ ਨੋਟਿਸ ਭੇਜੇ ਸਨ।
ਜ਼ਿਕਰਯੋਗ ਹੈ ਕਿ ਅਲੀਪੁਰ ਜ਼ਿਲਾ ਅਤੇ ਸੈਸ਼ਨ ਅਦਾਲਤ ਨੇ 21 ਸਤੰਬਰ ਨੂੰ ਕੁਮਾਰ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਮੌਜੂਦਾ ਸਮੇਂ ‘ਚ ਕੁਮਾਰ ਪੱਛਮੀ ਬੰਗਾਲ ਅਪਰਾਧ ਬਰਾਂਚ ਵਿਭਾਗ (ਸੀ.ਆਈ.ਡੀ.) ‘ਚ ਐਡੀਸ਼ਨਲ ਡਾਇਰੈਕਟਰ ਜਨਰਲ ਹਨ। ਸਾਰਦਾ ਚਿਟ ਫੰਡ ਘਪਲਾ ਦੱਖਣ 24 ਪਰਗਨਾ ਜ਼ਿਲੇ ‘ਚ ਅਲੀਪੁਰ ਅਦਾਲਤ ‘ਚ ਦਰਜ ਕੀਤਾ ਗਿਆ ਸੀ।