ਅੱਜਕੱਲ੍ਹ ਦੇ ਦੌਰ ਵਿੱਚ ਨਾ ਸੰਗੀਤ ਵਿੱਚ ਕੋਈ ਦਮ ਹੈ ਅਤੇ ਨਾ ਹੀ ਗੀਤ ਹਿੱਟ ਹੁੰਦਾ ਹੈ। ਸੰਗੀਤਕਾਰ ਸਥਿਤੀ ਵਿੱਚ ਨਹੀਂ ਡੁਬਦੇ। ਬੌਲੀਵੁਡ ਵਿੱਚ ਅੱਜ ਦੇ ਦੌਰ ਦੇ ਵਿਵੇਕ ਓਬਰਾਏ, ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਬੌਬੀ ਦਿਓਲ, ਇਮਰਾਨ ਹਾਸ਼ਮੀ, ਇਮਰਾਨ ਖ਼ਾਨ ਸਮੇਤ ਕਈ ਅਜਿਹੇ ਨਾਇਕ ਹਨ ਜਿਨ੍ਹਾਂ ਨੂੰ ਨਾਂਮਾਤਰ ਸੰਗੀਤ ਦਾ ਸਾਥ ਮਿਲਿਆ ਹੈ। ਨਹੀਂ ਤਾਂ ਉਹ ਦੌਰ ਵੀ ਸੀ ਜਦੋਂ ਰਜਿੰਦਰ ਕੁਮਾਰ, ਜਤਿੰਦਰ, ਜੌਇ ਮੁਖਰਜੀ, ਵਿਸ਼ਵਜੀਤ ਵਰਗੇ ਕਈ ਹੀਰੋ ਸਿਰਫ਼ ਐੱਸ. ਡੀ. ਬਰਮਨ, ਸੀ. ਰਾਮਚੰਦਰ, ਸ਼ੰਕਰ-ਜੈਕਿਸ਼ਨ, ਓ. ਪੀ. ਨਈਅਰ, ਚਿਤਰਗੁਪਤ, ਊਸ਼ਾ ਖੰਨਾ, ਸੋਨਿਕ ਓਮੀ ਵਰਗੇ ਮਹਾਨ ਸੰਗੀਤਕਾਰਾਂ ਦੀ ਸ਼ਰਨ ਵਿੱਚ ਰਹਿ ਕੇ ਬੇਹੱਦ ਚਰਚਿਤ ਨਾਇਕ ਬਣ ਗਏ ਸਨ। ਅਸਲ ਵਿੱਚ ਇਹ ਉਹ ਦੌਰ ਸੀ ਜਦੋਂ ਇੱਕ ਫ਼ਿਲਮ ਦੇ ਘੱਟ ਤੋਂ ਘੱਟ ਚਾਰ ਪੰਜ ਗੀਤ ਬੇਹੱਦ ਹਰਮਨ ਪਿਆਰੇ ਹੁੰਦੇ ਸਨ।
ਕਦੇ ਪੰਚਮ ਦਾ ਨੇ ਸੰਗੀਤਮਈ ਫ਼ਿਲਮਾਂ ਬਾਰੇ ਕਿਹਾ ਸੀ, ”ਅਜਿਹੀਆਂ ਫ਼ਿਲਮਾਂ ਦੀ ਸੁਰ ਰਚਨਾ ਵਿੱਚ ਬਹੁਤ ਸਬਰ ਦੀ ਲੋੜ ਪੈਂਦੀ ਹੈ। ਜਦੋਂ ਤਕ ਤੁਸੀਂ ਫ਼ਿਲਮ ਦੀ ਹਰ ਸਥਿਤੀ ਵਿੱਚ ਨਹੀਂ ਡੁੱਬਦੇ, ਬਿਹਤਰੀਨ ਸੁਰ ਰਚਨਾ ਦੀ ਗੱਲ ਭੁੱਲ ਜਾਓ। ਮੁਸ਼ਕਿਲ ਇਹ ਹੈ ਕਿ ਕਈ ਵਾਰ ਸਥਿਤੀ ਮੁਤਾਬਿਕ ਗੀਤਾਂ ਦੀ ਸਿਰਜਣਾ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ। ਤਾਂ ਹੀ ਤਾਂ ਸਬਰ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਮੈਂ ਕਿਸੇ ਫ਼ਿਲਮ ਦੇ ਸਾਰੇ ਗੀਤ ਕੁੱਝ ਹੀ ਸਮੇਂ ਵਿੱਚ ਬਣਾ ਦਿੱਤੇ, ਪਰ ਕਿਸੇ ਇੱਕ ਗੀਤ ਵਿੱਚ ਵੀ ਮੈਂ ਅਟਕ ਗਿਆ। ਫ਼ਿਰ ਕਈ ਦਿਨਾਂ ਦੀ ਸਿਰਜਣਾ ਤੋਂ ਬਾਅਦ ਹੀ ਉਹ ਗੀਤ ਮੇਰੇ ਮੁਤਾਬਿਕ ਬਣ ਸਕਿਆ।”
ਇਸ ਪ੍ਰਸੰਗ ਵਿੱਚ ਫ਼ਿਲਮਸਾਜ਼ ਮਹੇਸ਼ ਭੱਟ ਨੇ ਹਾਲ ਹੀ ਵਿੱਚ ਬੇਹੱਦ ਜ਼ਹੀਨ ਸੰਗੀਤਕਾਰ ਨਦੀਮ-ਸ਼੍ਰਵਣ ਬਾਰੇ ਬਹੁਤ ਦਿਲਚਸਪ ਗੱਲ ਦੱਸੀ। ਅੱਜਕੱਲ੍ਹ ਆਪਣੀ ਸੁਪਰਹਿੱਟ ਫ਼ਿਲਮ ਸੜਕ ਦਾ ਰੀਮੇਕ ਸੜਕ 2 ਬਣਾ ਰਹੇ ਮਹੇਸ਼ ਦੱਸਦੇ ਹਨ, ”ਉਹ ਬਹੁਤ ਸੰਜੀਦਾ ਹੋ ਕੇ ਆਪਣੀਆਂ ਤਿਆਰ ਧੁਨਾਂ ਨੂੰ ਬਾਰ ਬਾਰ ਸੁਣਦੇ ਸਨ। ਦਿਲ ਹੈ ਕੇ ਮਾਨਤਾ ਨਹੀਂ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਸੀ। ਨਦੀਮ ਨੂੰ ਅਸੀਂ ਟਾਈਟਲ ਗੀਤ ਜਲਦੀ ਦੇਣ ਲਈ ਕਿਹਾ। ਉਸ ਦਾ ਕਹਿਣਾ ਸੀ ਕਿ ਉਹ ਅਜੇ ਇਸ ਗੀਤ ਦੀ ਧੁਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ। ਉਸ ਨੂੰ ਇਸ ਵਿੱਚੋਂ ਸੁਪਰਹਿੱਟ ਵਾਲੀ ਅਜੇ ਕੋਈ ਗੱਲ ਨਜ਼ਰ ਨਹੀਂ ਆਉਂਦੀ। ਬਾਅਦ ਵਿੱਚ ਇਸ ਜੋੜੀ ਨੇ ਇਸ ਫ਼ਿਲਮ ਦਾ ਜੋ ਹਿੱਟ ਟਾਈਟਲ ਗੀਤ ਦਿੱਤਾ, ਉਸ ਬਾਰੇ ਦੱਸਣ ਦੀ ਲੋੜ ਨਹੀਂ।”
ਫ਼ਿਲਮਸਾਜ਼ ਸੱਤਿਆਜੀਤ ਰੇਅ, ਰਾਜ ਕਪੂਰ ਸਮੇਤ ਕਈ ਨਿਰਦੇਸ਼ਕਾਂ ਨੂੰ ਸੰਗੀਤ ਦੀ ਚੰਗੀ ਸਮਝ ਸੀ। ਇਸ ਮਾਮਲੇ ਵਿੱਚ ਭੰਸਾਲੀ ਨਵੇਂ ਦੌਰ ਦੀ ਇੱਕ ਸ਼੍ਰੇਸ਼ਠ ਉਦਾਹਰਣ ਦੇ ਤੌਰ ‘ਤੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਖ਼ਾਮੋਸ਼ੀ ਤੋਂ ਲੈ ਕੇ ਪਦਮਾਵਤ ਤਕ ਹਰ ਫ਼ਿਲਮ ਨੂੰ ਸੰਗੀਤਕ ਬਣਾਇਆ। ਸੰਗੀਤ ਨੂੰ ਲੈ ਕੇ ਉਸ ਦਾ ਆਤਮਵਿਸ਼ਵਾਸ ਇਸ ਕਦਰ ਹੈ ਕਿ ਗੋਲਿਓਂ ਕੀ ਰਾਸਲੀਲਾ-ਰਾਮਲੀਲਾ ਤੋਂ ਉਸ ਨੇ ਖ਼ੁਦ ਆਪਣੀਆਂ ਫ਼ਿਲਮਾਂ ਦਾ ਸੰਗੀਤ ਦੇਣਾ ਸ਼ੁਰੂ ਕੀਤਾ ਹੈ। ਉਸ ਦੀਆਂ ਪਿਛਲੀਆਂ ਦੋਹੇਂ ਫ਼ਿਲਮਾਂ ਗੋਲਿਓਂ ਕੀ ਰਾਸਲੀਲਾ-ਰਾਮਲੀਲਾ ਅਤੇ ਬਾਜੀਰਾਵ ਮਸਤਾਨੀ ਦੇ ਸੰਗੀਤ ਦੀ ਕਾਫ਼ੀ ਤਾਰੀਫ਼ ਹੋਈ। ਉਹ ਅੱਜ ਵੀ ਸੰਗੀਤਕ ਫ਼ਿਲਮਾਂ ਬਣਾ ਕੇ ਟਿਕਿਆ ਹੋਇਆ ਹੈ। ਉਸ ਦੀ ਪਿਛਲੀ ਫ਼ਿਲਮ ਪਦਮਾਵਤ ਦਾ ਸੰਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹੈ।
ਟੀ ਸੀਰੀਜ਼ ਦੀ ਨਵੀਂ ਫ਼ਿਲਮ ਮੁਗ਼ਲ ਗੁਲਸ਼ਨ ਕੁਮਾਰ ‘ਤੇ ਕੇਂਦਰਿਤ ਹੋਵੇਗੀ। ਗੁਲਸ਼ਨ ਕੁਮਾਰ ਦੇ ਯੋਗਦਾਨ ਬਾਰੇ ਕੁੱਝ ਵੀ ਦੱਸਣ ਦੀ ਲੋੜ ਨਹੀਂ ਹੈ। 90 ਦੇ ਦਹਾਕੇ ਵਿੱਚ ਉਸ ਨੇ ਮੈਲੋਡੀ ਨੂੰ ਨਵੀਂ ਪਰਿਭਾਸ਼ਾ ਦਿੱਤੀ ਸੀ। ਉਸ ਦੌਰ ਵਿੱਚ ਬਹਾਰ ਆਨੇ ਤਕ, ਆਸ਼ਿਕੀ, ਸਾਜਨ, ਸੜਕ, ਦੀਵਾਨਾ, ਦਿਲ ਹੈ ਕੇ ਮਾਨਤਾ ਨਹੀਂ, ਹਮ ਹੈਂ ਰਾਹੀ ਪਿਆਰ ਕੇ, ਆਦਿ ਬਹੁਤ ਸਾਰੀਆਂ ਸੰਗੀਤਕ ਫ਼ਿਲਮਾਂ ਦਿੱਤੀਆਂ। ਕਈ ਫ਼ਿਲਮਾਂ ਦਾ ਨਿਰਮਾਣ ਤਾਂ ਉਸ ਨੇ ਸਿਰਫ਼ ਸੰਗੀਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ, ਪਰ ਉਸ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਦੋ ਬੇਟੇ ਇਸ ਮਾਮਲੇ ਵਿੱਚ ਬਹੁਤ ਪਿੱਛੇ ਰਹਿ ਗਏ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮੈਲੋਡੀ ਨੂੰ ਲੈ ਕੇ ਗੁਲਸ਼ਨ ਕੁਮਾਰ ਵਰਗੀ ਸੋਚ ਉਹ ਨਹੀਂ ਬਣਾ ਸਕੇ। ਇਹੀ ਵਜ੍ਹਾ ਹੈ ਕਿ ਗੁਲਸ਼ਨ ਕੁਮਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੈਨਰ ਦੀ ਹੁਣ ਤਕ ਕੋਈ ਅਜਿਹੀ ਫ਼ਿਲਮ ਨਹੀਂ ਆਈ ਜਿਸ ਨੂੰ ਸੰਗੀਤਮਈ ਕਿਹਾ ਜਾ ਸਕੇ। ਹੁਣ ਸੁਣਨ ਨੂੰ ਮਿਲਿਆ ਹੈ ਕਿ ਮੁਗ਼ਲ ਨੂੰ ਪੂਰੀ ਤਰ੍ਹਾਂ ਨਾਲ ਸੰਗੀਤਮਈ ਬਣਾਇਆ ਜਾ ਰਿਹਾ ਹੈ। ਟੀ ਸੀਰੀਜ਼ ਵਲੋਂ ਦੂਜੀ ਵਾਰ ਬਣਾਈ ਗਈ ਆਸ਼ਿਕੀ ਦਾ ਸੰਗੀਤ ਬਹੁਤ ਹਰਮਨਪਿਆਰਾ ਹੋਇਆ ਸੀ, ਪਰ ਉਸ ਨੂੰ ਸ਼੍ਰੇਸ਼ਠ ਕਹਿਣਾ ਸਹੀ ਨਹੀਂ ਹੋਵੇਗਾ ਕਿਉਂਕਿ ਅੱਜ ਵੀ ਮਹੇਸ਼ ਭੱਟ ਵਲੋਂ ਨਿਰਦੇਸ਼ਿਤ ਆਸ਼ਿਕੀ ਦੇ ਗੀਤਾਂ ਦੀ ਹੀ ਚਰਚਾ ਹੁੰਦੀ ਹੈ।
ਦਰਅਸਲ, ਅੱਜ ਦੇ ਨਵੇਂ ਦੌਰ ਦੇ ਸੰਗੀਤਕਾਰ ਅੰਦਰ ਉਹ ਸਿਰਜਣ ਸਮਰਥਾ ਹੀ ਨਹੀਂ। ਇੱਧਰ ਨਵੇਂ ਦੌਰ ਦੇ ਸੰਗੀਤਕਾਰਾਂ ਨੇ ਸੰਗੀਤ ਵਿੱਚ ਨਵਾਂ ਰੁਝਾਨ ਸ਼ੁਰੂ ਕੀਤਾ ਹੈ। ਖ਼ੁਦ ਦੀ ਕਾਬਲੀਅਤ ‘ਤੇ ਭਰੋਸਾ ਨਾ ਕਰ ਕੇ ਉਹ ਦੂਜਿਆਂ ਦੀ ਕਾਬਲੀਅਤ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਲਈ ਕਾਫ਼ੀ ਵਿਵਾਦ ਵੀ ਹੋ ਰਹੇ ਹਨ। ਹੋ ਇਹ ਰਿਹਾ ਹੈ ਕਿ ਕਿਸੇ ਪੁਰਾਣੇ ਹਿੱਟ ਗੀਤ ਦੀ ਮੁੜ ਸਿਰਜਣਾ ਦੇ ਨਾਂ ‘ਤੇ ਕਬਾੜਾ ਕੀਤਾ ਜਾ ਰਿਹਾ ਹੈ। ਇਸ ਦਾ ਵਿਰੋਧ ਲਤਾ ਮੰਗੇਸ਼ਕਰ ਤੋਂ ਲੈ ਕੇ ਅਨੁ ਮਲਿਕ ਤਕ ਕਈ ਸੰਗੀਤਕ ਹਸਤੀਆਂ ਕਰ ਚੁੱਕੀਆਂ ਹਨ। ਲਤਾ ਜੀ ਕਹਿੰਦੇ ਹਨ, ”ਆਪਣੀ ਖ਼ੁਦ ਦੀ ਸਿਰਜਣਾ ਵਿੱਚ ਫ਼ੇਲ੍ਹ ਹੋ ਕੇ ਹੁਣ ਦੂਜਿਆਂ ਦੇ ਗੀਤ ਵਿਗਾੜ ਰਹੇ ਹਨ। ਇਸ ‘ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।”
ਦਿਲ ਤੋ ਪਾਗਲ ਹੈ, ਦੁਸ਼ਮਨ ਅਤੇ ਮਦਰ ਵਰਗੀਆਂ ਕਈ ਫ਼ਿਲਮਾਂ ਵਿੱਚ ਬੇਹੱਦ ਸੁਰੀਲਾ ਸੰਗੀਤ ਦੇ ਚੁੱਕੇ ਸੰਗੀਤਕਾਰ ਉੱਤਮ ਸਿੰਘ ਕਹਿੰਦੇ ਹਨ, ”ਮੈਲੋਡੀ ਕਦੇ ਬਣਾਵਟੀ ਨਹੀਂ ਹੁੰਦੀ। ਇਸ ਲਈ ਤਾਂ ਤੁਹਾਨੂੰ ਜੋੜ ਤੋੜ ਦੀ ਬਜਾਏ ਪੂਰੀ ਤਰ੍ਹਾਂ ਨਾਲ ਸੁਰ ਰਚਨਾ ਵਿੱਚ ਡੁੱਬਣਾ ਪਏਗਾ। ਹਰ ਸਾਜ਼ ਜਾਂ ਵਾਦ ਯੰਤਰ ਦੀ ਸਮਝ ਰੱਖਣੀ ਪਏਗੀ। ਅੱਜ ਦੇ ਸੰਗੀਤਕਾਰਾਂ ਨੂੰ ਇਨ੍ਹਾਂ ਦੀ ਕੋਈ ਸਮਝ ਨਹੀਂ ਕਿਉਂਕਿ ਹੁਣ ਇੱਕ ਮਸ਼ੀਨ ਹੀ ਸਾਰੀਆਂ ਧੁਨਾਂ ਕੱਢ ਰਹੀ ਹੈ। ਅਜਿਹੇ ਮਾਹੌਲ ਵਿੱਚ ਮੈਲੋਡੀ ਕਿੱਥੇ ਰਹੇਗੀ?” ਬਜ਼ੁਰਗ ਸੰਗੀਤਕਾਰ ਖ਼ਯਾਮ ਪੁਰਾਣੇ ਦੌਰ ਨੂੰ ਯਾਦ ਕਰਦੇ ਹੋਏ ਕਹਿੰਦੇ ਸਨ, ”ਸੰਗੀਤ ਸਿਰਜਣਾ ਬਿਨਾ ਸਬਰ ਸੰਭਵ ਨਹੀਂ ਹੋ ਸਕਦੀ। ਸਾਡੇ ਦੌਰ ਵਿੱਚ ਜ਼ਿਆਦਾਤਰ ਨਿਰਮਾਤਾ-ਨਿਰਦੇਸ਼ਕ ਸੰਗੀਤਕ ਬੈਠਕ ਵਿੱਚ ਹੁੰਦੇ ਸਨ। ਫ਼ਿਲਮ ਦੀ ਪੂਰੀ ਪਟਕਥਾ ਅਤੇ ਇੱਕ ਇੱਕ ਸਥਿਤੀ ਸਾਨੂੰ ਬਹੁਤ ਪਹਿਲਾਂ ਸਮਝਾ ਦਿੱਤੀ ਜਾਂਦੀ ਸੀ। ਅਕਸਰ ਅਜਿਹਾ ਹੁੰਦਾ ਸੀ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਫ਼ਿਲਮ ਦੇ ਸਾਰੇ ਗੀਤ ਬਣ ਜਾਂਦੇ ਸਨ। ਇਸ ਨਾਲ ਕੋਈ ਵੀ ਤਬਦੀਲੀ ਕਰਨ ਲਈ ਕਾਫ਼ੀ ਸਮਾਂ ਹੁੰਦਾ ਸੀ।”
ਰੈਡੀਮੇਡ ਅਤੇ ਝਟਪਟ ਤਿਆਰ ਹੋਈਆਂ ਧੁਨਾਂ ਨੇ ਹੀ ਹਾਲ ਹੀ ਦੇ ਸਾਲਾਂ ਵਿੱਚ ਫ਼ਿਲਮ ਸੰਗੀਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਸੰਗੀਤਕਾਰ ਅਨੁ ਮਲਿਕ ਦਾ ਕਹਿਣਾ ਹੈ, ”ਮੈਨੂੰ ਯਾਦ ਹੈ ਕਿ ਦੱਤ ਸਾਹਬ ਨੇ ਆਪਣੀਆਂ ਫ਼ਿਲਮਾਂ ਬਾਰਡਰ, ਰੈਫ਼ਿਊਜੀ, LOC, ਉਮਰਾਵ ਜਾਨ ਲਈ ਮੇਰੇ ਤੋਂ ਕਿੰਨੀ ਮਿਹਨਤ ਕਰਵਾਈ ਸੀ। ਮੈਂ ਚਾਹੁੰਦਾ ਹਾਂ ਕਿ ਮੇਰਾ ਹਰ ਨਿਰਮਾਤਾ ਇੰਨਾ ਧੀਰਜ ਅਤੇ ਸਮਾਂ ਲੈ ਕੇ ਮੇਰੇ ਤੋਂ ਹਰ ਗੀਤ ਬਣਵਾਏ। ਫ਼ਿਰ ਦੇਖਾਂਗੇ ਕਿ ਗੀਤ ਕਿਵੇਂ ਹਿੱਟ ਗੀਤ ਨਹੀਂ ਆਉਂਦੇ।”