ਬੌਲੀਵੁਡ ਐਕਟਰ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁੱਖ, ਬੌਬੀ ਦਿਓਲ ਨਾਲ ਕ੍ਰਿਤੀ ਖਰਬੰਦਾ, ਪੂਜਾ ਹੇਗੜੇ ਅਤੇ ਕ੍ਰਿਤੀ ਸੈਨਨ ਦੀ ਫ਼ਿਲਮ ਹਾਉਸਫ਼ੁੱਲ 4 ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਸ਼ੇ ਨੇ ਫ਼ਿਲਮ ਦੇ ਕਈ ਪੋਸਟਰ ਰਿਲੀਜ਼ ਕਰ ਕੇ ਕਿਰਦਾਰਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ ਸੀ। ਇਸ ਫ਼ਿਲਮ ਦੀ ਕਹਾਣੀ ‘ਚ ਪੁਨਰਜਨਮ ਦਾ ਤੜਕਾ ਲੱਗਣ ਵਾਲਾ ਹੈ, ਜੋ ਕਹਾਣੀ ਨੂੰ ਇੰਟਰਸਟਿੰਗ ਬਣਾ ਦੇਵੇਗਾ। ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ‘ਚ 600 ਸਾਲ ਦੇ ਗੈਪ ਦੇ ਇਤਿਹਾਸ ਨੂੰ ਦੁਹਰਾਇਆ ਗਿਆ ਹੈ ਜਿਸ ਨੂੰ ਦੇਖਦੇ-ਦੇਖਦੇ ਤੁਸੀਂ ਲੋਟਪੋਟ ਹੋ ਜਾਓਗੇ।
ਹਾਉਸਫ਼ੁੱਲ 4 ‘ਚ ਇਨ੍ਹਾਂ ਸਟਾਰਜ਼ ਤੋਂ ਇਲਾਵਾ ਨਾਨਾ ਪਾਟੇਕਰ, ਜੌਨੀ ਲੀਵਰ, ਚੰਕੀ ਪਾਂਡੇ ਅਤੇ ਬੋਮਨ ਇਰਾਨੀ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੇ ਡਾਈਲਾਗ ਬੇਹੱਦ ਉਮਦਾ ਹਨ ਜਿਨ੍ਹਾਂ ‘ਤੇ ਅਕਸ਼ ਅਤੇ ਰਿਤੇਸ਼ ਦੀ ਡਿਲੀਵਰੀ ਅਤੇ ਐਕਸਪ੍ਰੈਸ਼ਨ ਕਮਾਲ ਦੇ ਹਨ। ਇਸ ਦੇ ਨਾਲ ਹੀ ਸਰਪ੍ਰਾਈਜ਼ ਦੇ ਤੌਰ ‘ਤੇ ਟਰੇਲਰ ‘ਚ ਹਨ ਨਵਾਜ਼ੂਦੀਨ ਸਿੱਦੀਕੀ, ਪਰ ਉਹ ਆਪ ਨਹੀਂ ਸਗੋਂ ਉਨ੍ਹਾਂ ਦੇ ਵੈੱਬ ਸੀਰੀਜ਼ ਸੇਕਰੇਡ ਗੇਮਜ਼ ਦਾ ਡਾਈਲਾਗ ਟਰੇਲਰ ‘ਚ ਇਸਤੇਮਾਲ ਕੀਤਾ ਗਿਆ ਹੈ। 3 ਮਿੰਟ 36 ਸੈਕਿੰਡ ਦੇ ਟਰੇਲਰ ‘ਚ ਫ਼ਿਲਮ ਦੀ ਥੀਮ ਅਤੇ ਸਬਜੈਕਟ ਸਾਫ਼ ਸਮਝ ਆ ਜਾਂਦਾ ਹੈ। ਟਰੇਲਰ ਨੂੰ ਅਕਸ਼ੇ ਕੁਮਾਰ ਨੇ ਵੀ ਟਵੀਟ ‘ਤੇ ਸ਼ੇਅਰ ਕੀਤਾ।
ਦੱਸ ਦਈਏ ਕਿ ਇਸ ਫ਼ਿਲਮ ਨੂੰ ਪਹਿਲਾਂ ਸਾਜਿਦ ਖ਼ਾਨ ਡਾਈਰੈਕਟ ਕਰ ਰਿਹਾ ਸੀ ਜਿਸ ਨੂੰ ਮੀਟੂ ਦੇ ਇਲਜ਼ਾਮਾਂ ਕਰ ਕੇ ਇਸ ਫ਼ਿਲਮ ਤੋਂ ਵੱਖ ਹੋਣਾ ਪਿਆ। ਇਸ ਦੇ ਨਾਲ ਹੀ ਇਹ ਹੁਣ ਤਕ ਦੀ ਸਭ ਤੋਂ ਮਹਿੰਗੀ ਕੌਮੇਡੀ ਫ਼ਿਲਮ ਹੈ ਜਿਸ ਦੇ ਸਪੈਸ਼ਲ ਇਫ਼ੈਕਟਸ ‘ਤੇ 75 ਕਰੋੜ ਰੁਪਏ ਦੇ ਕਰੀਬ ਖ਼ਰਚਾ ਕੀਤਾ ਗਿਆ ਹੈ। ਇਹ ਫ਼ਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ।