ਨਵੀਂ ਦਿੱਲੀ – ਭਾਰਤ ਅਤੇ ਪਾਕਿਸਤਾਨ ਵਿਚਾਲੇ ਇਨ੍ਹੀਂ ਦਿਨੀ ਰਾਜਨੀਤੀ ਵਿੱਚ ਜ਼ਬਰਦਸਤ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ। ਜਦੋਂ ਤੋਂ ਇਸ ਸਾਲ ਫ਼ਰਵਰੀ ਵਿੱਚ ਅਤਿਵਾਦੀ ਹਮਲਾ ਹੋਇਆ ਹੈ ਉਸ ਤੋਂ ਬਾਅਦ ਤੋਂ ਹੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਨਾਅ ਕੁਝ ਜ਼ਿਆਦਾ ਹੀ ਬਣਿਆ ਹੋਇਆ ਹੈ। ਉਸ ਤੋਂ ਬਾਅਦ ਅਗਸਤ ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਤੋਂ ਤਲਖ਼ੀ ਵਿੱਚ ਹੋਰ ਵੀ ਵਾਧਾ ਹੋਇਆ।

ਭਾਰਤ-ਪਾਕਿਸਤਾਨ ਦੇ ਕ੍ਰਿਕਟ ਰਿਸ਼ਤਿਆਂ ‘ਚ ਸੁਧਾਰ ਮੁਸ਼ਕਿਲ

ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਨਾਅ ਦਾ ਸਿੱਧਾ ਅਸਰ ਦੋਹਾਂ ਦੇਸ਼ਾਂ ਦੇ ਕ੍ਰਿਕਟ ਰਿਸ਼ਤਿਆਂ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ। ਵੈਸੇ ਤਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ ਪੱਖੀ ਸੀਰੀਜ਼ ਹੋਏ ਸਾਲਾਂ ਬੀਤ ਗਏ ਹਨ, ਅਤੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਬਿਲਕੁਲ ਵੀ ਨਹੀਂ ਲੱਗ ਰਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਨ੍ਹਾਂ ਕ੍ਰਿਕਟ ਰਿਸ਼ਤਿਆਂ ਵਿੱਚ ਕੋਈ ਸੁਧਾਰ ਹੋਣ ਜਾ ਰਿਹਾ ਹੈ ਜਾਂ ਭਵਿੱਖ ਵਿੱਚ ਦੋਹੇਂ ਟੀਮਾਂ ਵਿਚਾਲੇ ਕੋਈ ਸੀਰੀਜ਼ ਨਜ਼ਰ ਆ ਰਹੀ ਹੈ। ਭਾਰਤ ਦੇ ਖੇਡ ਮੰਤਰੀ ਕੀਰੇਨ ਰਿਜਿਜੂ ਤੋਂ ਇੱਕ ਪ੍ਰੋਗਰਾਮ ਦੌਰਾਨ ਜਦੋਂ ਪਾਕਿਸਤਾਨ ਨਾਲ ਕ੍ਰਿਕਟ ਰਿਸ਼ਤਿਆਂ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਾਫ਼-ਸਾਫ਼ ਕਿਹਾ ਕਿ ਮੇਰੀ ਬਿਆਨਬਾਜ਼ੀ ਨਾਲ ਕੁਝ ਸਾਬਿਤ ਨਹੀਂ ਹੋਵੇਗਾ ਅਤੇ ਪਾਕਿਸਤਾਨ ਨੂੰ ਹਾਂ ਪੱਖੀ ਤਰੀਕੇ ਨਾਲ ਕੰਮ ਕਰਨਾ ਹੋਵੇਗਾ। ਤਾਂ ਹੀ ਪਾਕਿਸਤਾਨ ਦੇ ਨਾਲ ਰਿਸ਼ਤੇ ਫ਼ਿਰ ਤੋਂ ਸ਼ੁਰੂ ਹੋ ਸਕਦੇ ਹਨ।

ਨਾ ਸਿਰਫ਼ ਕ੍ਰਿਕਟ ਸਗੋਂ ਕੋਈ ਖੇਡ ਨਹੀਂ

ਇੰਨਾ ਹੀ ਨਹੀਂ ਭਾਰਤ ਸਰਕਾਰ ਦੇ ਖੇਡ ਮੰਤਰੀ ਕੀਰੇਨ ਰਿਜਿਜੂ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਮੌਜੂਦਾ ਹਾਲਾਤ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਵੀ ਖੇਡ ਦਾ ਮੁਕਾਬਲਾ ਨਹੀਂ ਹੋ ਸਕਦਾ। ਮਤਲਬ ਸਾਫ਼ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ਿਲਹਾਲ ਨਾ ਸਿਰਫ਼ ਸਿਆਸੀ ਰਿਸ਼ਤੇ ਸਗੋਂ ਖੇਡ ਰਿਸ਼ਤਿਆਂ ਵਿੱਚ ਵੀ ਸੁਧਾਰ ਦੀ ਉਮੀਦ ਨਜ਼ਰ ਨਹੀਂ ਆ ਰਹੀ।