ਪੰਜਾਬੀ ਸਿਨਮਾ ਮੁੰਬਈਆ ਫ਼ਿਲਮਾਂ ਤੋਂ ਮੋੜਾ ਕੱਟ ਕੇ ਵਾਪਿਸ ਪੰਜਾਬ ਅਤੇ ਪੰਜਾਬੀ ਸਮਾਜ ਨਾਲ ਜੁੜੀਆਂ ਕਹਾਣੀਆਂ ਵੱਲ ਪਰਤ ਆਇਆ ਹੈ। ਇਸ ਵਰ੍ਹੇ ਵਿੱਚ ਰਿਲੀਜ਼ ਹੋਈਆਂ ਬਹੁਗਿਣਤੀ ਫ਼ਿਲਮਾਂ ਇਸ ਗੱਲ ਦੀ ਹਾਮੀ ਭਰਦੀਆਂ ਹਨ। ਪੰਜਾਬੀ ਸਭਿਆਚਾਰ, ਪੰਜਾਬ ਦੀਆਂ ਸਮਾਜਕ ਅਲਾਮਤਾਂ ਅਤੇ ਖ਼ਾਸੀਅਤਾਂ ਨੂੰ ਬਿਆਨ ਕਰਦੀਆਂ ਫ਼ਿਲਮਾਂ ਦੀ ਲੜੀ ਨੂੰ ਅੱਗੇ ਤੋਰਦੀ ਪੰਜਾਬੀ ਫ਼ਿਲਮ ਦੂਰਬੀਨ ਪਿੱਛੇ ਜਿਹੇ ਹੀ ਰਿਲੀਜ਼ ਹੋਈ ਹੈ। ਪੰਜਾਬ ਦੇ ਇੱਕ ਪਿੰਡ ਦੀ ਕਹਾਣੀ ਇਹ ਫ਼ਿਲਮ ਨਸ਼ੇ ਕਰਨ ਵਾਲਿਆਂ ਦੀ ਥਾਂ ਨਸ਼ੇ ਵੇਚਣ ਵਾਲਿਆਂ ‘ਤੇ ਉਂਗਲ ਚੁੱਕਦੀ ਹੋਈ ਉਨ੍ਹਾਂ ਦੇ ਪਿਛੋਕੜ ਅਤੇ ਇਸ ਕਾਲੇ ਧੰਦੇ ਨੂੰ ਚੁਣਨ ਪਿਛਲੇ ਕਾਰਨਾਂ ਨੂੰ ਉਜਾਗਰ ਕਰਦੀ ਹੈ। ਉਂਝ ਇਹ ਫ਼ਿਲਮ ਕੌਮੇਡੀ, ਰੁਮਾਂਸ ਅਤੇ ਡਰਾਮੇ ਦਾ ਸੁਮੇਲ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਫ਼ਿਲਮ ਦਾ ਸਿਰਲੇਖ ਦੂਰਬੀਨ ਇੱਕ ਬਿੰਬ ਵਾਂਗ ਹੈ। ਦੂਰਬੀਨ ਵਾਂਗ ਕਾਲੇ ਧੰਦੇ ਨਾਲ ਜੁੜੇ ਲੋਕ ਆਪਣੇ ਸੂਹੀਆਂ ਦੀ ਦੂਰਬੀਨ ਜ਼ਰੀਏ ਦੂਰੋਂ ਹੀ ਪੁਲੀਸ ਦੀਆਂ ਗਤੀਵਿਧੀਆਂ ਨੂੰ ਤੱਕ ਲੈਂਦੇ ਹਨ। ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਈ ਸੀ ਕਿਉਂਕਿ ਫ਼ਿਲਮ ਦੀ ਟੀਮ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਹੱਕ ‘ਚ ਖੜ੍ਹਦਿਆਂ ਫ਼ਿਲਮ ਦੀ ਕਮਾਈ ‘ਚੋਂ 20 ਫ਼ੀਸਦੀ ਹਿੱਸਾ ਇਨ੍ਹਾਂ ਲੋਕਾਂ ਦੇ ਨਾਂ ਲਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਹੀ ਬਾਕੀ ਕਲਾਕਾਰਾਂ ਨੇ ਵੀ ਇਸ ਵੱਲ ਹੰਭਲਾ ਮਾਰਿਆ।
ਪੰਜਾਬੀ ਫ਼ਿਲਮ ਪ੍ਰਾਹੁਣਾ ਅਤੇ ਭਲਵਾਨ ਸਿੰਘ ਨਾਲ ਉੱਭਰ ਕੇ ਸਾਹਮਣੇ ਆਏ ਲੇਖਕ ਸੁਖਰਾਜ ਸਿੰਘ ਨੇ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਅਤੇ ਸੰਵਾਦ ਲਿਖੇ ਹਨ। ਇਸ਼ਾਨ ਚੋਪੜਾ ਵਲੋਂ ਨਿਰਦੇਸ਼ਿਤ ਆਜ਼ਾਦ ਪਰਿੰਦੇ ਫ਼ਿਲਮਜ਼ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਨਿੰਜਾ, ਜੱਸ ਬਾਜਵਾ, ਵਾਮਿਕਾ ਗੱਬੀ, ਜੈਜ਼ਮੀਨ ਬਾਜਵਾ, ਯੋਗਰਾਜ ਸਿੰਘ, ਪ੍ਰਕਾਸ਼ ਗਾਧੂ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਹਰਬੀ ਸੰਘਾ, ਰੁਪਿੰਦਰ ਕੌਰ ਰੂਪੀ, ਗੁਰਪ੍ਰੀਤ ਕੌਰ ਭੰਗੂ ਅਤੇ ਗੁਰਿੰਦਰ ਮਕਨਾ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ। ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਬੱਲ ਅਤੇ ਯਾਦਵਿੰਦਰ ਵਿਰਕ ਦੀ ਇਹ ਫ਼ਿਲਮ ਚੰਡੀਗੜ੍ਹ ਦੇ ਆਸ ਪਾਸ ਫ਼ਿਲਮਾਈ ਗਈ ਹੈ। ਇਸ ਦੀ ਸੁਮੱਚੀ ਕਹਾਣੀ ਇੱਕ ਪਿੰਡ ਦੁਆਲੇ ਹੀ ਘੁੰਮਦੀ ਹੈ ਜਿੱਥੋਂ ਦੇ ਜ਼ਿਆਦਾਤਰ ਵਾਸੀ ਦੇਸੀ ਸ਼ਰਾਬ ਕੱਢ ਕੇ ਵੇਚਦੇ ਹਨ। ਉਹ ਸ਼ਰਾਬ ਕੱਢ ਕੇ ਕਿੱਥੇ ਅਤੇ ਕਿਵੇਂ ਵੇਚਦੇ ਹਨ? ਪੁਲੀਸ ਦੀਆਂ ਨਜ਼ਰਾਂ ‘ਚੋਂ ਕਿਵੇਂ ਬਚਦੇ ਹਨ? ਪੁਲੀਸ ਸਭ ਕੁੱਝ ਜਾਣਦੀ ਹੋਈ ਵੀ ਇਹ ਸ਼ਰਾਬ ਕਿਉਂ ਨਹੀਂ ਬਰਾਮਦ ਕਰ ਪਾਉਂਦੀ ਅਤੇ ਪਿੰਡ ਦੇ ਇਹ ਲੋਕ ਹੋਰ ਕੰਮ ਧੰਦਾਂ ਕਰਨ ਦੀ ਥਾਂ ਇਹ ਕਾਲਾ ਧੰਦਾ ਹੀ ਕਿਉਂ ਕਰਦੇ ਹਨ? ਇਹ ਫ਼ਿਲਮ ਇਨ੍ਹਾਂ ਸਾਰੇ ਸੁਆਲਾਂ ਦੁਆਲੇ ਘੁੰਮਦੀ ਹੈ ਅਤੇ ਅੰਤ ਵਿੱਚ ਇਨ੍ਹਾਂ ਦਾ ਜੁਆਬ ਦਿੰਦੀ ਹੈ। ਇਹ ਇਸ ਸਮਾਜਿਕ ਮੁੱਦੇ ‘ਤੇ ਵਿਅੰਗ ਕਰਦੀ ਹੋਈ ਦਰਸ਼ਕਾਂ ਦੇ ਢਿੱਡੀਂ ਪੀੜਾਂ ਵੀ ਪਾਉਂਦੀ ਹੈ। ਨਿਰੋਲ ਰੂਪ ਵਿੱਚ ਇਸ ਮਨੋਰੰਜਕ ਫ਼ਿਲਮ ਦੀ ਕਹਾਣੀ ‘ਚ ਦੋ ਖ਼ੂਬਸੂਰਤ ਪ੍ਰੇਮ ਕਹਾਣੀਆਂ ਵੀ ਪਨਪਦੀਆਂ ਹਨ। ਪੇਂਡੂ ਸਭਿਆਚਾਰ, ਪਿੰਡਾਂ ਦੀ ਆਪਸੀ ਅਪਣੱਤ, ਭਾਈਚਾਰਾ, ਪ੍ਰਾਹੁਣਚਾਰੀ ਅਤੇ ਸ਼ਰੀਕੇਬਾਜ਼ੀ ਨੂੰ ਦਿਖਾਉਂਦੀ ਇਸ ਫ਼ਿਲਮ ਦਾ ਸੰਗੀਤ ਗੋਲਡ ਬੌਇਏਜ਼, ਦਾ ਬੌਸ, ਗੈਗਜ਼ ਸਟੂਡੀਓ ਅਤੇ DJ ਫ਼ਲੋਅ ਵਲੋਂ ਸਾਂਝੇ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਗੀਤ ਵੀਤ ਬਲਜੀਤ, ਹੈਪੀ ਰਾਏਕੋਟੀ, ਜੱਸੀ ਲੋਕਾ, ਜੰਗ ਸੰਧੂ ਅਤੇ ਮਨਜਿੰਦਰ ਬਰਾੜ ਨੇ ਲਿਖੇ ਹਨ। ਇਨ੍ਹਾਂ ਨੂੰ ਆਵਾਜ਼ ਨਿੰਜਾ ਅਤੇ ਜੱਸ ਬਾਜਵਾ ਤੋਂ ਇਲਾਵਾ ਗੁਰਲੇਜ਼ ਅਖ਼ਤਰ ਨੇ ਦਿੱਤੀ ਹੈ।

ਜੈਜ਼ਮੀਨ ਬਾਜਵਾ ਦੀ ਫ਼ਿਲਮੀ ਉਡਾਰੀ
ਦਮਨਜੀਤ ਕੌਰ
ਪੰਜਾਬੀ ਫ਼ਿਲਮਾਂ ਵਿੱਚ ਹੁਣ ਅਭਿਨੇਤਰੀਆਂ ਨੂੰ ਵੀ ਅਹਿਮੀਅਤ ਮਿਲਣ ਲੱਗੀ ਹੈ। ਇਸ ਨਾਲ ਜਿੱਥੇ ਪਹਿਲਾਂ ਤੋਂ ਸਰਗਰਮ ਅਭਿਨੇਤਰੀਆਂ ਨੂੰ ਵਿਸ਼ੇਸ਼ ਤਵੱਜੋ ਮਿਲਣ ਲੱਗੀ ਹੈ ਉੱਥੇ ਨਵੇਂ ਚਿਹਰਿਆਂ ਨੂੰ ਵੀ ਆਪਣੀ ਪਛਾਣ ਬਣਾਉਣ ਦਾ ਮੌਕਾ ਮਿਲਣ ਲੱਗਿਆ ਹੈ। ਇਨ੍ਹਾਂ ਨਵੇਂ ਚਿਹਰਿਆਂ ‘ਚ ਹੀ ਸ਼ੁਮਾਰ ਜੈਜ਼ਮੀਨ ਬਾਜਵਾ ਨੂੰ ਵੀ ਬਤੌਰ ਅਭਿਨੇਤਰੀ ਵੱਡੇ ਪਰਦੇ ‘ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਬੇਸ਼ੱਕ ਉਹ ਦਿਲਜੀਤ ਦੁਸਾਂਝ ਨਾਲ ਹਿੰਦੀ ਫ਼ਿਲਮ ਸੂਰਮਾ ਵਿੱਚ ਕੰਮ ਕਰ ਚੁੱਕੀ ਹੈ, ਪਰ ਪੰਜਾਬੀ ਵਿੱਚ ਸੁਨਹਿਰੇ ਪਰਦੇ ‘ਤੇ ਉਸ ਦੀ ਸ਼ੁਰੂਆਤ ਹੁਣ ਦੂਰਬੀਨ ਫ਼ਿਲਮ ਨਾਲ ਹੋਈ ਹੈ।
ਪੰਜਾਬੀ ਮਨੋਰੰਜਨ ਜਗਤ ਦੀ ਹੁਣ ਤਕ ਦੀ ਸਭ ਤੋਂ ਚਰਚਿਤ ਅਤੇ ਦੇਖੀ ਜਾਣ ਵਾਲੀ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਵਿੱਚ ਡੇਜ਼ੀ ਦਾ ਕਿਰਦਾਰ ਨਿਭਾ ਕੇ ਸੁਰਖ਼ੀਆਂ ਵਿੱਚ ਆਈ ਜੈਜ਼ਮੀਨ ਲਈ ਉਸ ਦੀ ਇਹ ਫ਼ਿਲਮ ਖ਼ਾਸ ਹੈ। 27 ਸਤੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੀ ਜੈਜ਼ਮੀਨ ਦੱਸਦੀ ਹੈ ਕਿ ਉਹ ਲੁਧਿਆਣਾ ਸ਼ਹਿਰ ਦੀ ਜੰਮਪਲ ਹੈ। ਪੜ੍ਹਾਈ ਦੇ ਨਾਲ ਨਾਲ ਹੀ ਉਸ ਨੂੰ ਅਦਾਕਾਰੀ ਅਤੇ ਫ਼ੈਸ਼ਨ ਇੰਡਸਟਰੀ ਵਿੱਚ ਜਾਣ ਦਾ ਸ਼ੌਕ ਪੈ ਗਿਆ ਸੀ। ਉਸ ਨੇ ਸ਼ੁਰੂਆਤ ਵਿੱਚ ਕਈ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਵੀ ਲਿਆ, ਅਤੇ ਕੁੱਝ ਟਾਈਟਲ ਵੀ ਆਪਣੇ ਨਾਂ ਕੀਤੇ। ਹੌਲੀ ਹੌਲੀ ਉਸ ਦਾ ਇਹ ਸ਼ੌਕ ਜਨੂੰਨ ਬਣਦਾ ਗਿਆ।
ਪਰਿਵਾਰ ਅਤੇ ਦੋਸਤਾਂ ਦੀ ਸਲਾਹ ਨਾਲ ਉਸ ਨੇ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਅਦਾਕਾਰੀ ਦੀ ਬਾਕਾਇਦਾ ਤਾਲੀਮ ਲੈਣਾ ਵਾਜਬ ਸਮਝਿਆ। ਉਸ ਨੇ ਨਾਮਵਰ ਅਦਾਕਾਰਾ ਨਿਰਮਲ ਰਿਸ਼ੀ ਤੋਂ ਅਦਾਕਾਰੀ ਦੀ ਸਿਖਲਾਈ ਲਈ। ਇਸ ਦਰਮਿਆਨ ਹੀ ਉਸ ਨੂੰ ਕੌਮਾਂਤਰੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਬਣੀ ਬੌਲੀਵੁਡ ਫ਼ਿਲਮ ਸੂਰਮਾ ਵਿੱਚ ਸੈਕਿੰਡ ਲੀਡ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਚਰਚਿਤ ਵੈੱਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ ਨੇ ਉਸ ਨੂੰ ਚੰਗੀ ਪਛਾਣ ਦਿੱਤੀ। ਇਸੇ ਪਛਾਣ ਸਦਕਾ ਉਸ ਨੂੰ ਵੱਡੇ ਪਰਦੇ ‘ਤੇ ਕੰਮ ਕਰਨ ਦਾ ਮੌਕਾ ਮਿਲਿਆ। ਦੂਰਬੀਨ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਹੈ।
ਸੁਖਰਾਜ ਸਿੰਘ ਦੀ ਲਿਖੀ ਅਤੇ ਇਸ਼ਾਨ ਚੋਪੜਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਉਹ ਜੱਸ ਬਾਜਵਾ ਨਾਲ ਨਜ਼ਰ ਆਵੇਗੀ। ਉਹ ਇਸ ਵਿੱਚ ਸੋਹਣੀ ਨਾਂ ਦੀ ਅਜਿਹੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜਿਸ ਦੀ ਮਾਂ ਨਹੀਂ ਹੈ। ਮਾਸੂਮ ਅਤੇ ਇਸ ਪੇਂਡੂ ਕੁੜੀ ਦੇ ਬਹੁਤ ਸਾਰੇ ਚਾਅ ਹਨ ਜੋ ਮਜਬੂਰੀਆਂ ਹੇਠਾਂ ਦੱਬੇ ਹੋਏ ਹਨ। ਹੋਰਾਂ ਕੁੜੀਆਂ ਵਾਂਗ ਉਸ ਨੂੰ ਵੀ ਆਪਣੇ ਸੁਪਨਿਆਂ ਦੇ ਰਾਜ ਕੁਮਾਰ ਦਾ ਇੰਤਜ਼ਾਰ ਹੈ। ਜੈਜ਼ਮੀਨ ਮੁਤਾਬਕ ਇਹ ਇੱਕ ਪਰਿਵਾਰਕ ਫ਼ਿਲਮ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਣਗੇ। ਬੇਸ਼ੱਕ ਉਸ ਨੂੰ ਹੋਰ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ, ਪਰ ਉਹ ਕਾਹਲੀ ਨਹੀਂ ਕਰ ਰਹੀ। ਉਹ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਅਗਲੇ ਫ਼ੈਸਲੇ ਲਵੇਗੀ।