ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਸੰਜੇ ਨਿਰੂਪਮ ਨੇ ਕਾਂਗਰਸ ਹਾਈਕਮਾਂਡ ‘ਤੇ ਕੀਤੇ ਤਿੱਖੇ ਹਮਲੇ

ਮੁੰਬਈ/ਬਿਊਰੋ ਨਿਊਜ਼ :ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਤੋਂ ਨਰਾਜ਼ ਹੋਏ ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਸੰਜੇ ਨਿਰੂਪਮ ਨੇ ਪਾਰਟੀ ਹਾਈਕਮਾਂਡ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਪ੍ਰੈਸ ਕਾਨਫਰੰਸ ਦੌਰਾਨ ਸੰਜੇ ਨਿਰੂਪਮ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਨੇੜਲੇ ਵਿਅਕਤੀ ਸਾਜਿਸ਼ਾਂ ਰਚ ਰਹੇ ਹਨ ਅਤੇ ਕਾਂਗਰਸ ਨੂੰ ਚਾਪਲੂਸਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਅਜਿਹੇ ਵਿਅਕਤੀਆਂ ਨੂੰ ਅਹਿਮੀਅਤ ਦਿੰਦੀ ਰਹੀ ਤਾਂ ਪਾਰਟੀ ਦੀ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ। ਉਸ ਨੇ ਕਿਹਾ ਕਿ ਜੇਕਰ ਪਾਰਟੀ ਦਾ ਅਜਿਹਾ ਹੀ ਵਿਵਹਾਰ ਰਿਹਾ ਤਾਂ ਉਹ ਚੋਣ ਪ੍ਰਚਾਰ ਵਿਚ ਬਿਲਕੁਲ ਵੀ ਸ਼ਾਮਲ ਨਹੀਂ ਹੋਣਗੇ। ਨਿਰੂਪਮ ਨੇ ਇਹ ਵੀ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਵਿਚ ਦਰਦ ਸਹਿਣ ਦੀ ਸ਼ਕਤੀ ਹੈ, ਓਨਾ ਚਿਰ ਉਹ ਕਾਂਗਰਸ ਵਿਚ ਹੀ ਰਹਿਣਗੇ। ਧਿਆਨ ਰਹੇ ਕਿ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਵੀ ਪਾਰਟੀ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ।