ਲੁਧਿਆਣਾ : ਪੰਜਾਬ ਦੀਆਂ ਚਾਰ ਸੀਟਾਂ ‘ਤੇ ਹੋ ਰਹੀਆਂ ਉਪ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਕਾਂਗਰਸ ਦੇ ਹਰ ਛੋਟੇ-ਵੱਡੇ ਲੀਡਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਚੋਣਾਂ ‘ਤੇ ਧੜੇਬੰਦੀ ਦਾ ਸਾਇਆ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਕਈ ਕਾਂਗਰਸੀ ਲੀਡਰ ਨੇੜੇ ਦੀ ਬਜਾਏ ਬਾਹਰੀ ਇਲਾਕਿਆਂ ਵਿਚ ਡਿਊਟੀ ਦੇ ਰਹੇ ਹਨ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਉਪ ਚੋਣ ਦੌਰਾਨ ਟਿਕਟ ਹਾਸਲ ਕਰਨ ਲਈ ਸਾਰੇ ਹਲਕਿਆਂ ਵਿਚ ਕਈ ਕਾਂਗਰਸੀ ਆਗੂਆਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਸੀ, ਜਿਨ੍ਹਾਂ ਵਿਚ ਪਿਛਲੀ ਚੋਣ ਲੜਨ ਵਾਲਿਆਂ ਅਤੇ ਸਾਬਕਾ ਵਿਧਾਇਕਾਂ ਤੋਂ ਇਲਾਵਾ ਕਈ ਸੀਨੀਅਰ ਨੇਤਾ ਵੀ ਸ਼ਾਮਲ ਸਨ ਪਰ ਉਨ੍ਹਾਂ ਵਿਚੋਂ ਕਿਸੇ ਨੂੰ ਕਾਮਯਾਬੀ ਨਹੀਂ ਮਿਲੀ ਕਿਉਂਕਿ ਮੁੱਲਾਂਪੁਰ ਦਾਖਾ ਵਿਚ ਚੀਫ ਮਨਿਸਟਰ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਅਤੇ ਫਗਵਾੜਾ ਤੋਂ ਆਈ.ਏ.ਐੱਸ. ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ।
ਇਸ ਦਾ ਨਤੀਜਾ ਸ਼ੁਰੂਆਤੀ ਦੌਰ ਵਿਚ ਅਸੰਤੋਖ ਦੇ ਰੂਪ ਵਿਚ ਸਾਹਮਣੇ ਆਇਆ ਸੀ ਪਰ ਕਾਂਗਰਸ ਹਾਈਕਮਾਨ ਦੇ ਦਖਲ ਕਾਰਨ ਜ਼ਿਆਦਾਤਰ ਨੇਤਾਵਾਂ ਨੂੰ ਸ਼ਾਂਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਕੁਝ ਕੁ ਨੇਤਾ ਤਾਂ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਤਾਂ ਨਤੀਜਾ ਆਉਣ ‘ਤੇ ਹੀ ਪਤਾ ਲੱਗੇਗਾ ਕਿ ਇਨ੍ਹਾਂ ਨੇਤਾਵਾਂ ਨੇ ਕਿੰਨੀ ਈਮਾਨਦਾਰੀ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਟਿਕਟ ਨਾ ਮਿਲਣ ਤੋਂ ਨਾਰਾਜ਼ ਜਾਂ ਉਮੀਦਵਾਰ ਦੇ ਨਾਲ ਖਰਾਬ ਰਿਸ਼ਤਿਆਂ ਕਾਰਣ ਕਈ ਨੇਤਾਵਾਂ ਨੇ ਆਪਣੇ ਹਲਕਿਆਂ ਤੋਂ ਕਿਨਾਰਾ ਕਰ ਲਿਆ ਹੈ ਅਤੇ ਉਹ ਨੇੜੇ ਦੀ ਬਜਾਏ ਬਾਹਰੀ ਏਰੀਆ ਵਿਚ ਡਿਊਟੀ ਦੇ ਰਹੇ ਹਨ। ਉਦਾਹਰਣ ਵਜੋਂ ਜਲਾਲਾਬਾਦ ਨਾਲ ਲਗਦੇ ਕਈ ਇਲਾਕਿਆਂ ਦੇ ਲੀਡਰ ਮੁੱਲਾਂਪੁਰ ਦਾਖਾ ਵਿਚ ਕੰਮ ਕਰ ਰਹੇ ਹਨ ਅਤੇ ਮੁਕੇਰੀਆਂ ਦੇ ਆਲੇ-ਦੁਆਲੇ ਦੇ ਕਈ ਲੀਡਰ ਜਲਾਲਾਬਾਦ ਜਾਂ ਫਗਵਾੜਾ ਪੁੱਜੇ ਹੋਏ ਹਨ। ਅਜਿਹਾ ਨਹੀਂ ਕਿ ਕਾਂਗਰਸ ਹਾਈਕਮਾਨ ਇਨ੍ਹਾਂ ਹਾਲਾਤ ਤੋਂ ਵਾਕਿਫ ਨਹੀਂ, ਸਗੋਂ ਕਈ ਆਗੂਆਂ ਤੋਂ ਇਲਾਵਾ ਮੰਤਰੀਆਂ ਅਤੇ ਵਿਧਾਇਕਾਂ ਦੀ ਨਾਰਾਜ਼ਗੀ ਭਾਂਪਦੇ ਹੋਏ ਉਨ੍ਹਾਂ ਦੀ ਡਿਊਟੀ ਅਧਿਕਾਰਤ ਤੌਰ ‘ਤੇ ਨਜ਼ਦੀਕੀ ਦੀ ਬਜਾਏ ਬਾਹਰੀ ਇਲਾਕਿਆਂ ਵਿਚ ਲਾਈ ਗਈ ਹੈ।
ਹਾਈਕਮਾਨ ਤੋਂ ਇਲਾਵਾ ਪੰਜਾਬ ਦੇ ਵੱਡੇ ਆਗੂਆਂ ਦਾ ਵੀ ਹੈ ਇੰਤਜ਼ਾਰ
ਉਪ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਚੁੱਕਾ ਹੈ। ਇਥੋਂ ਤੱਕ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਫਗਵਾੜਾ ਵਿਚ ਪੱਕੇ ਤੌਰ ‘ਤੇ ਡੇਰਾ ਲਾਇਆ ਹੋਇਆ ਹੈ। ਉਧਰ, ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕੈਪਟਨ ਨੇ ਮੁੱਲਾਂਪੁਰ ਦਾਖਾ ਦੇ ਉਮੀਦਵਾਰ ਦੇ ਪੇਪਰ ਫਾਇਲ ਕਰਵਾਏ ਸਨ। ਇਸੇ ਤਰ੍ਹਾਂ ਜਲਾਲਾਬਾਦ ਵਿਚ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਜਲਾਲਾਬਾਦ ਵਿਚ ਸੁਨੀਲ ਜਾਖੜ ਮੌਜੂਦ ਰਹੇ ਸਨ ਪਰ ਉਸ ਤੋਂ ਬਾਅਦ ਕੈਪਟਨ ਅਤੇ ਆਸ਼ਾ ਕੁਮਾਰੀ ਦੇ ਦਰਸ਼ਨ ਨਹੀਂ ਹੋਏ ਅਤੇ ਜਾਖੜ ਵੀ ਸਿਰਫ ਜਲਾਲਾਬਾਦ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਹੁਣ ਕੈਪਟਨ ਵੱਲੋਂ ਆਉਂਦੇ ਦਿਨਾਂ ਵਿਚ ਰੋਡ ਸ਼ੋਅ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਪਰ ਹਾਈਕਮਾਨ ਵੱਲੋਂ ਕਿਸੇ ਵੱਡੇ ਨੇਤਾ ਦੇ ਆਉਣ ਦੀ ਹੁਣ ਤੱਕ ਕੋਈ ਸੂਚਨਾ ਨਹੀਂ ਹੈ।