ਨਵੀਂ ਦਿੱਲੀ— ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਨੇ 87ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਹੋਏ ਏਅਰ ਸ਼ੇਅ ‘ਚ ਆਕਾਸ਼ ਗੰਗਾ, ਅਪਾਚੇ, ਚਿਨਕੂ, ਡਕੋਟਾ, ਸੂਰੀਆ ਕਿਰਨ ਅਤੇ ਤੇਜਸ ਵਰਗੇ ਲੜਾਕੂ ਜਹਾਜ਼ਾਂ ਨੇ ਆਪਣੇ ਕਰਤੱਵ ਦਿਖਾਈ। ਉੱਥੇ ਹੀ ਇਸ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਵੀ ਮਿਗ-21 ਉੱਡਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਜਿਵੇਂ ਹੀ ਅਭਿਨੰਦਨ ਦੇ ਫਲਾਈ ਪਾਸਟ ਦਾ ਐਲਾਨ ਹੋਇਆ ਪੂਰਾ ਏਅਰਬੇਸ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਅਭਿਨੰਦਨ ਦੇ ਨਾਲ 3 ਮਿਗ-21 ਜਹਾਜ਼ ਉਡਾਣ ਭਰ ਰਹੇ ਸਨ। ਉਨ੍ਹਾਂ ਦੀ ਅਗਵਾਈ ਵੀਰ ਚੱਕਰ ਜੇਤੂ ਅਭਿਨੰਦਨ ਕਰ ਰਹੇ ਸਨ। ਦੱਸਣਯੋਗ ਹੈ ਕਿ ਵਿੰਗ ਕਮਾਂਡਰ ਏਅਰਫੋਰਸ ਦੇ ਉਹੀ ਬਹਾਦਰ ਜਵਾਨ ਹਨ, ਜਿਨ੍ਹਾਂ ਨੇ ਪਾਕਿਸਤਾਨ ਦੇ ਐੱਫ-16 ਨੂੰ ਮਾਰ ਸੁੱਟਿਆ ਸੀ।
ਜ਼ਿਕਰਯੋਗ ਹੈ ਕਿ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਏਅਰਸਪੇਸ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨ ਦੇ ਇਕ ਐੱਫ-16 ਨੂੰ ਦੌੜਾਉਂਦੇ ਹੋਏ ਅਭਿਨੰਦਨ ਨੇ ਉਸ ਨੂੰ ਮਾਰ ਸੁੱਟਿਆ ਸੀ। ਪੂਰੀ ਦੁਨੀਆ ‘ਚ ਅਭਿਨੰਦਨ ਦੀ ਇਸ ਵੀਰਤਾ ਦੀ ਤਾਰੀਫ਼ ਹੋਈ ਸੀ। ਐੱਫ-16 ਦੇ ਸਾਹਮਣੇ ਮਿਗ-21 ਬਾਈਸੇਨ ਕਾਫੀ ਪੁਰਾਣਾ ਜਹਾਜ਼ ਮੰਨਿਆ ਜਾਂਦਾ ਹੈ। ਇਸ ਦੌਰਾਨ ਅਭਿਨੰਦਨ ਦਾ ਜਹਾਜ਼ ਵੀ ਕ੍ਰੈਸ਼ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ। ਬਾਅਦ ‘ਚ ਭਾਰਤ ਦੇ ਜ਼ਬਰਦਸਤ ਦਬਾਅ ਤੋਂ ਬਾਅਦ ਅਭਿਨੰਦਨ ਨੂੰ ਛੱਡ ਦਿੱਤਾ ਗਿਆ ਸੀ। ਇਸ ਵੀਰਤਾ ਲਈ ਅਭਿਨੰਦਨ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।