ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀ-40 ਜਲਵਾਯੂ ਸੰਮੇਲਨ ‘ਚ ਸ਼ਾਮਲ ਨਹੀਂ ਹੋਣਗੇ। ਮੰਗਲਵਾਰ ਨੂੰ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਇਸ ਦੌਰੇ ਲਈ ਕੇਜਰੀਵਾਲ ਨੂੰ ਸਿਆਸੀ ਮਨਜ਼ੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਦਿੱਲੀ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਮੰਗਲਵਾਰ ਨੂੰ ਦੁਪਹਿਰ 2 ਵਜੇ ਸੰਮੇਲਨ ਲਈ ਰਵਾਨਾ ਹੋਣ ਵਾਲੇ ਸਨ। ਕੇਜਰੀਵਾਲ ਸੰਮੇਲਨ ‘ਚ ਭਾਰਤ ਦੀ 8 ਮੈਂਬਰੀ ਵਫ਼ਦ ਦੀ ਅਗਵਾਈ ਕਰਨ ਵਾਲੇ ਸਨ। ਸੂਤਰਾਂ ਅਨੁਸਾਰ ਵਿਦੇਸ਼ ਮੰਤਰਾਲੇ ਨੇ ਪੱਛਮੀ ਬੰਗਾਲ ਦੇ ਸ਼ਹਿਰੀ ਵਿਕਾਸ ਮੰਤਰੀ ਫਰਹਾਦ ਹਕੀਮ ਨੂੰ ਸੰਮੇਲਨ ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੰਮੇਲਨ ‘ਚ ਕੇਜਰੀਵਾਲ ਦਿੱਲੀ ‘ਚ ‘ਆਪ’ ਸਰਕਾਰ ਵਲੋਂ ਪ੍ਰਦੂਸ਼ਣ ਕੰਟਰੋਲ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਸਮੇਤ ਕਈ ਹੋਰ ਮੁੱਦਿਆਂ ‘ਤੇ ਸੰਬੋਧਨ ਕਰਨ ਵਾਲੇ ਸਨ। ਪਿਛਲੇ ਹਫਤੇ ਕੇਜਰੀਵਾਲ ਨੇ ਡੈਨਮਾਰਕ ਦੌਰੇ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਾਰੀਆਂ ਸੂਚਨਾਵਾਂ ਨੂੰ ਧਿਆਨ ‘ਚ ਰੱਖ ਕੇ ਕੋਈ ਵੀ ਫੈਸਲਾ ਲਿਆ ਜਾਵੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ,”ਮੈਂ ਸਿਆਸੀ ਮਨਜ਼ੂਰੀ ਲਈ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਜੇਕਰ ਤੁਸੀਂ ਸਮਝਦਾਰ ਹੋ ਤਾਂ ਤੁਹਾਨੂੰ ਇਸ ਦੀ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਹੋਵੇਗੀ। ਸਾਨੂੰ ਹਰ ਮਹੀਨੇ ਮੰਤਰਾਲਿਆਂ, ਸਕੱਤਰਾਂ, ਨੌਕਰਸ਼ਾਹਾਂ ਤੋਂ ਸਿਆਸੀ ਮਨਜ਼ੂਰੀ ਲਈ ਸੈਂਕੜੇ ਅਪੀਲਾਂ ਮਿਲਦੀਆਂ ਹਨ। ਇਕ ਫੈਸਲਾ ਕਈ ਸੂਚਨਾਵਾਂ ‘ਤੇ ਆਧਾਰਤ ਹੁੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਸੰਮੇਲਨ ਦੀ ਵਿਸ਼ੇਸ਼ਤਾ ਦਾ ਵੀ ਧਿਆਨ ਰੱਖਿਆ ਜਾਂਦਾ ਹੈ, ਜਿੱਥੇ ਵਿਅਕਤੀ ਹਿੱਸਾ ਲੈਣ ਜਾ ਰਿਹਾ ਹੈ। ਹੋਰ ਦੇਸ਼ਾਂ ਦੀ ਹਿੱਸੇਦਾਰੀ ਦੇ ਪੱਧਰ ਨੂੰ ਵੀ ਧਿਆਨ ‘ਚ ਰੱਖ ਕੇ ਇਸ ਤਰ੍ਹਾਂ ਦੇ ਸੱਦੇ ਨੂੰ ਵੀ ਮਨਜ਼ੂਰੀ ਦਿੱਤੀ ਜਾਂਦੀ ਹੈ। 22 ਸਤੰਬਰ ਨੂੰ ਦਿੱਲੀ ਸਰਕਾਰ ਨੇ ਇਕ ਅਧਿਕਾਰਤ ਬਿਆਨ ‘ਚ ਕਿਹਾ ਸੀ ਕਿ ਮੁੱਖ ਮੰਤਰੀ ਵਲੋਂ ਦਿੱਲੀ ‘ਚ ਹਵਾ ਪ੍ਰਦੂਸ਼ਣ ਘੱਟ ਕਰਨ ਦੀਆਂ ‘ਆਪ’ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਅਨੁਭਵ ਨੂੰ ਸਿਖਰ ਸੰਮੇਲਨ ‘ਚ ਸਾਂਝਾ ਕਰਨ ਦੀ ਉਮੀਦ ਸੀ। ‘ਆਪ’ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਬਦੌਲਤ ਦਿੱਲੀ ‘ਚ ਹਵਾ ਪ੍ਰਦੂਸ਼ਣ ‘ਚ 25 ਫੀਸਦੀ ਤੱਕ ਦੀ ਕਮੀ ਆਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਦੱਸਦੇ ਹੋਏ ਕਿਹਾ,”ਇਸ ਨਾਲ ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਅਕਸ ਖਰਾਬ ਹੋਵੇਗੀ। ਕੇਂਦਰ ਸਰਕਾਰ ਸਾਡੇ ਵਿਰੁੱਧ ਕਿਉਂ ਹੈ?”