ਗਾਜ਼ੀਆਬਾਦ— ਭਾਰਤੀ ਹਵਾਈ ਫੌਜ ਦੇ 87ਵੇਂ ਸਥਾਪਨਾ ਦਿਵਸ ‘ਤੇ ਮੰਗਲਵਾਰ ਨੂੰ ਹਿੰਡਨ ਬੇਸ ‘ਤੇ ਹੋਏ ਪ੍ਰੋਗਰਾਮ ‘ਚ ਬਾਲਾਕੋਟ ਹਵਾਈ ਹਮਲੇ ‘ਚ ਸ਼ਾਮਲ 2 ਸਕੁਐਡਰਨ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ। ਹਵਾਈ ਫੌਜ ਮੁਖੀ ਆਰ.ਕੇ.ਐੱਸ. ਭਦੌਰੀਆ ਨੇ 51 ਸਕੁਐਡਰਨ ਨੂੰ ਫਰਵਰੀ ‘ਚ ਪਾਕਿਸਤਾਨ ਦੇ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲੇ ‘ਚ ਉਨ੍ਹਾਂ ਦੀ ਭੂਮਿਕਾ ਲਈ ਸਨਮਾਨਤ ਕੀਤਾ। ਬਾਲਾਕੋਟ ਮੁਹਿੰਮ ਦਾ ਹਿੱਸਾ ਰਹੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਅਤੇ ਹੋਰ ਲੜਾਕੂ ਜਹਾਜ਼ਾਂ ਨੇ ਫਲਾਈ ਪਾਸਟ ‘ਚ ਹਿੱਸਾ ਲਿਆ।
ਫਰਵਰੀ ‘ਚ ਪਾਕਿਸਤਾਨ ਨਾਲ ਆਸਮਾਨ ‘ਚ ਆਹਮਣਾ-ਸਾਹਮਣਾ ਹੋਣ ‘ਤੇ ਵਰਤਮਾਨ ਨੇ ਦੁਸ਼ਮਣ ਦੇ ਇਕ ਜਹਾਜ਼ ਨੂੰ ਮਾਰ ਸੁੱਟਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਨੇ ਤਿੰਨ ਦਿਨ ਤੱਕ ਬੰਧਕ ਬਣਾ ਕੇ ਰੱਖਿਆ ਸੀ। ਭਾਰਤੀ ਹਵਾਈ ਫੌਜ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ। ਹਰ ਸਾਲ ਇਸ ਦਿਨ ਹਿੰਡਨ ਬੇਸ ‘ਚ ਹਵਾਈ ਫੌਜ ਦਿਵਸ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ‘ਚ ਹਵਾਈ ਫੌਜ ਮੁਖੀ ਅਤੇ ਤਿੰਨ ਹਥਿਆਰਬੰਦ ਫੋਰਸਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿੰਦੇ ਹਨ। ਹਵਾਈ ਫੌਜ ਨੇ ਕਈ ਮਹੱਤਵਪੂਰਨ ਯੁੱਧਾਂ ਅਤੇ ਇਤਿਹਾਸਕ ਮਿਸ਼ਨਾਂ ‘ਚ ਅਹਿਮ ਭੂਮਿਕਾ ਨਿਭਾਈ ਹੈ।