ਸੁਲਤਾਨਪੁਰ ਲੋਧੀ — ਐੱਨ. ਜੀ. ਟੀ.ਵੱਲੋਂ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿਚਲੇ ਪ੍ਰਦੂਸ਼ਣ ਨੂੰ ਰੋਕਣ ਲਈ ਬਣਾਈ ਨਿਗਰਾਨ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਸੇਵਾਮੁਕਤ ਜਸਟਿਸ ਜਸਬੀਰ ਸਿੰਘ ਨੇ ਪਵਿੱਤਰ ਵੇਈਂ ਦਾ ਦੌਰਾ ਕੀਤਾ। ਇਸ ਵੇਈਂ ‘ਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਕਿ ਕਪੂਰਥਲਾ ਦੇ ਪਵਿੱਤਰ ਵੇਈਂ ‘ਚ ਪੈ ਰਹੇ ਗੰਦੇ ਪਾਣੀਆਂ ਬਾਰੇ ਤਿੰਨ ਦਿਨਾਂ ‘ਚ ਐਕਸ਼ਨ ਟੇਕਣ ਰਿਪੋਰਟ ਦੇਣ। ਉਨ੍ਹਾਂ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੀਟਿੰਗ ਕਰਕੇ ਪਵਿੱਤਰ ਵੇਈਂ ‘ਚ ਪੈ ਰਹੇ ਗੰਦੇ ਪਾਣੀਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਸੰਤ ਸੀਚੇਵਾਲ ਨੇ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੂੰ ਦੱਸਿਆ ਕਿ ਕਪੂਰਥਲਾ ਦਾ ਐੱਸ. ਟੀ. ਪੀ. ਲੰਮੇ ਸਮੇਂ ਤੋਂ ਬੰਦ ਪਿਆ ਹੈ, ਜਿਸ ਕਾਰਨ ਸ਼ਹਿਰ ਦਾ ਸਾਰਾ ਗੰਦਾ ਪਾਣੀ ਪਵਿੱਤਰ ਵੇਈਂ ਵਿਚ ਪੈ ਰਿਹਾ ਹੈ। ਇਸ ਤੋਂ ਇਲਾਵਾ ਖੈੜਾ ਦੋਨਾ ਅਤੇ ਸੈਦੋ ਭਲਾਣਾ ਦੀਆਂ ਕਾਲੋਨੀਆਂ ਦਾ ਪਾਣੀ ਵੀ ਵੇਈਂ ‘ਚ ਪੈ ਰਿਹਾ ਹੈ। ਜਸਟਿਸ ਜਸਬੀਰ ਸਿੰਘ ਨੂੰ ਐੱਨ. ਜੀ. ਟੀ. ਨੇ 1 ਅਕਤੂਬਰ ਨੂੰ ਨਿਗਰਾਨ ਕਮੇਟੀ ਦਾ ਨਵਾਂ ਮੁਖੀ ਲਾਇਆ ਸੀ ਇਸ ਤੋਂ ਪਹਿਲਾਂ ਇਸ ਕਮੇਟੀ ਦੇ ਚੇਅਰਮੈਨ ਜਸਟਿਸ ਪ੍ਰੀਤਮ ਪਾਲ ਸਨ।
ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿਹਾ ਉਹ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਮੁੱਖ ਮੰਤਰੀ ਪੰਜਾਬ ਨੂੰ ਵੇਈਂ ‘ਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਕਹਿਣਗੇ। ਉਨ੍ਹਾਂ ਦੱਸਿਆ ਕਿ ਕਪੂਰਥਲਾ ਦੇ ਟਰੀਟਮੈਂਟ ਪਲਾਂਟ ਨੂੰ ਚਲਾਉਣ ਲਈ ਡੇਢ ਕਰੋੜ ਰੁਪਏ ਦੀ ਲੋੜ ਪਵੇਗੀ। ਜਸਟਿਸ ਜਸਬੀਰ ਸਿੰਘ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਵੇਈਂ ਵਿਚ ਪੈ ਰਹੇ ਗੰਦੇ ਪਾਣੀਆਂ ਬਾਰੇ 15 ਅਕਤੂਬਰ ਤੱਕ ਮੀਟਿੰਗ ਕਰ ਕੇ ਐਕਸ਼ਨ ਟੇਕਨ ਰਿਪੋਰਟ ਭੇਜਣ। ਉਨ੍ਹਾਂ ਇਹ ਹਦਾਇਤਾਂ ਵੀ ਕੀਤੀਆਂ ਕਿ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤੇ ਜਾਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਉਹ ਦੋ ਵਾਰ ਸੁਲਤਾਨਪੁਰ ਲੋਧੀ ਆਉਣਗੇ ਤਾਂ ਪਵਿੱਤਰ ਵੇਈਂ ਵਿਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਦੇ ਕੰਮ ਦਾ ਜਾਇਜ਼ਾ ਲੈ ਸਕਣ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਹ ਸੰਘਰਸ਼ ਕਰ ਰਹੇ ਹਨ ਕਿ ਪਵਿੱਤਰ ਕਾਲੀ ਵੇਈਂ ‘ਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਿਆ ਜਾਵੇ ਕਿਉਂਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 10 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ ਆਏ ਸਨ ਤਾਂ ਵੀ ਉਨ੍ਹਾਂ ਕੋਲੋਂ ਵੇਈਂ ‘ਚ 500 ਕਿਊਸਿਕ ਪਾਣੀ ਛੱਡਣ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਇਸ ‘ਤੇ ਅਮਲ ਨਹੀਂ ਹੋਇਆ। ਇਸ ਮੌਕੇ ਨਿਗਰਾਨ ਕਮੇਟੀ ਦੇ ਮੈਂਬਰ ਬਾਬੂ ਰਾਮ, ਪੀ. ਪੀ. ਸੀ. ਬੀ. ਦੇ ਨਿਗਰਾਨ ਇੰਜੀ. ਹਰਬੀਰ ਸਿੰਘ, ਸੀਵਰੇਜ ਬੋਰਡ ਤੇ ਹੋਰ ਅਧਿਕਾਰੀ ਹਾਜ਼ਰ ਸਨ।