ਮੁੰਬਈ – ਲੰਬੇ ਸਮੇਂ ਬਾਅਦ ਭਾਰਤੀ ਟੀਮ ‘ਚ ਵਾਪਸੀ ਕਰਨ ਵਾਲੇ ਤਜਰਬੇਕਾਰ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਵਿਸ਼ਾਖਾਪਟਨਮ ‘ਚ ਦੱਖਣੀ ਅਫ਼ਰੀਕਾ ਵਿਰੁੱਧ ਪਹਿਲੇ ਟੈੱਸਟ ‘ਚ ਕੁੱਲ ਅੱਠ ਵਿਕਟਾਂ ਲੈਣ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਾਰੀ ਤਾਜ਼ਾ ICC ਟੈੱਸਟ ਗੇਂਦਬਾਜ਼ੀ ਰੈਂਕਿੰਗ ‘ਚ ਟੌਪ-10 ‘ਚ ਵਾਪਸ ਪਰਤ ਆਇਆ ਹੈ ਜਦਕਿ ਇਸ ਮੈਚ ਦੀਆਂ ਦੋਹਾਂ ਪਾਰੀਆਂ ‘ਚ ਸੈਂਕੜੇ ਲਾਉਣ ਵਾਲਾ ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਰੈਂਕਿੰਗ ‘ਚ 36 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ ਆਪਣੀ ਟੈੱਸਟ ਰੈਂਕਿੰਗ ‘ਚ ਵੱਡਾ ਸੁਧਾਰ ਕੀਤਾ ਹੈ।
ਸ਼ਾਨਦਾਰ ਪ੍ਰਦਰਸ਼ਨ ਨਾਲ ਅਸ਼ਵਿਨ ਟੌਪ 10 ‘ਚ ਮੁੜ ਸ਼ਾਮਿਲ
ਅਸ਼ਵਿਨ ਦਾ 2019 ‘ਚ ਇਹ ਪਹਿਲਾ ਮੈਚ ਸੀ ਅਤੇ ਉਸ ਨੇ ਪਹਿਲੀ ਪਾਰੀ ‘ਚ ਸੱਤ ਵਿਕਟਾਂ ਲਈਆਂ ਅਤੇ ਦੂਜੀ ਪਾਰੀ ‘ਚ ਇੱਕ ਵਿਕਟ ਲਈ। ਅਸ਼ਵਿਨ ਨੇ ਇਸ ਦੇ ਨਾਲ ਹੀ 350 ਵਿਕਟਾਂ ਵੀ ਪੂਰੀਆਂ ਕੀਤੀਆਂ, ਅਤੇ ਉਹ ਸਭ ਤੋਂ ਤੇਜ਼ੀ ਨਾਲ 350 ਵਿਕਟਾਂ ਪੂਰੀਆਂ ਕਰਨ ‘ਚ ਸ਼੍ਰੀ ਲੰਕਾ ਦੇ ਸਾਬਕਾ ਓਫ਼ ਸਪਿਨਰ ਮੁਥੱਈਆ ਮੁਰਲੀਧਰਨ ਦੀ ਬਰਾਬਰੀ ‘ਤੇ ਪਹੁੰਚ ਗਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਅਸ਼ਵਿਨ 14ਵੇਂ ਸਥਾਨ ਤੋਂ 10ਵੇਂ ਸਥਾਨ ‘ਤੇ ਪਹੁੰਚ ਗਿਆ।
36 ਸਥਾਨਾਂ ਦੀ ਲਾਈ ਲੰਬੀ ਛਲਾਂਗ
ਪਹਿਲੇ ਟੈਸਟ ਦੀਆਂ ਦੋਹਾਂ ਪਾਰੀਆਂ ‘ਚ 176 ਤੇ 127 ਦੌੜਾਂ ਬਣਾਉਣ ਵਾਲੇ ਰੋਹਿਤ ਨੇ 36 ਸਥਾਨਾਂ ਦੀ ਲੰਬੀ ਛਲਾਂਗ ਲਾਈ ਹੈ ਅਤੇ ਉਹ ਹੁਣ ਕਰੀਅਰ ਦੇ ਸਰਵਸ੍ਰੇਸ਼ਠ 17ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਰੋਹਿਤ ਨੂੰ ਇਸ ਪ੍ਰਦਰਸ਼ਨ ਨਾਲ ਪਲੇਅਰ ਔਫ਼ ਦਾ ਮੈਚ ਦਾ ਐਵਾਰਡ ਵੀ ਮਿਲਿਆ।