ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਪਾਰੀ ਵਿੱਚ ਵੱਧ ਘਾਤਕ ਹੋ ਜਾਂਦਾ ਹੈ, ਅਤੇ ਇਸ ਗੱਲ ਨੂੰ ਉਸ ਨੇ ਇੱਕ ਵਾਰ ਫ਼ਿਰ ਸਾਬਿਤ ਕਰ ਦਿੱਤਾ ਹੈ। ਸ਼ਮੀ ਨੇ ਵਿਸ਼ਾਖਾਪਨਟਮ ‘ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈੱਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ 35 ਦੌੜਾਂ ‘ਤੇ 5 ਵਿਕਟਾਂ ਲੈ ਕੇ ਭਾਰਤ ਨੂੰ 203 ਦੌੜਾਂ ਨਾਲ ਜਿੱਤ ਦਿਵਾਈ। ਸ਼ਮੀ ਨੂੰ ਪਹਿਲੀ ਪਾਰੀ ‘ਚ ਕੋਈ ਵਿਕਟ ਹਾਸਿਲ ਨਹੀਂ ਸੀ ਹੋਈ, ਪਰ ਸ਼ਮੀ ਦੀ ਦੂਜੀ ਪਾਰੀ ਦੀ ਘਾਤਕ ਗੇਂਦਬਾਜ਼ੀ ਕਾਰਣ ਦੱਖਣੀ ਅਫ਼ਰੀਕੀ ਟੀਮ ਦੂਜੀ ਪਾਰੀ ‘ਚ ਸਿਰਫ਼ 191 ਦੌੜਾਂ ‘ਤੇ ਹੀ ਸਿਮਿਟ ਗਈ।
ਸ਼੍ਰੀਨਾਥ ਨੇ ਲਈਆਂ ਸਨ ਦੂਜੀ ਪਾਰੀ ‘ਚ ਪੰਜ ਵਿਕਟਾਂ
ਪਿਛਲੇ 23 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਘਰੇਲੂ ਟੈੱਸਟ ਦੀ ਚੌਥੀ ਪਾਰੀ ਵਿੱਚ ਪੰਜ ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਤੋਂ ਪਹਿਲਾਂ 1996 ਵਿੱਚ ਜਵਾਗਲ ਸ਼੍ਰੀਨਾਥ ਨੇ ਅਹਿਮਦਾਬਾਦ ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਚੌਥੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਸਨ। ਇਸ ਸੂਚੀ ‘ਚ ਹੋਰ ਭਾਰਤੀ ਤੇਜ਼ ਗੇਂਦਬਾਜ਼ ਹਨ ਕਰਸਨ ਘਾਵਰੀ, ਕਪਿਲ ਦੇਵ ਅਤੇ ਮਦਨ ਲਾਲ।
ਦੂਜੀ ਪਾਰੀ ‘ਚ 3 ਵਾਰ 5 ਵਿਕਟਾਂ
ਸਾਲ 2018 ਤੋਂ ਬਾਅਦ ਸ਼ਮੀ ਦੂਜੀ ਪਾਰੀ ‘ਚ 3 ਵਾਰ 5 ਵਿਕਟਾਂ ਲੈ ਚੁੱਕਾ ਹੈ ਜਿਹੜਾ ਕਿਸੇ ਗੇਂਦਬਾਜ਼ ਲਈ ਸਭ ਤੋਂ ਵੱਧ ਹੈ। ਉਹ 15 ਦੂਜੀ ਪਾਰੀਆਂ ‘ਚ 17.70 ਦੀ ਔਸਤ ਨਾਲ 40 ਵਿਕਟਾਂ ਹਾਸਿਲ ਕਰ ਚੁੱਕਿਆ ਹੈ। ਇਸ ਦੇ ਮੁਕਾਬਲੇ 16 ਪਹਿਲੀ ਪਾਰੀਆਂ ‘ਚ ਉਸ ਨੇ 37.56 ਦੀ ਔਸਤ ਨਾਲ ਸਿਰਫ਼ 23 ਵਿਕਟਾਂ ਲਈਆਂ ਹਨ ਅਤੇ ਪਹਿਲੀ ਪਾਰੀ ‘ਚ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 64 ਦੌੜਾਂ ‘ਤੇ 3 ਵਿਕਟਾਂ ਰਿਹਾ ਹੈ।
ਕੋਹਲੀ ਨੇ ਸ਼ਮੀ ਬਾਰੇ ਕਿਹਾ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਮੀ ਦੀ ਸ਼ਲਾਘਾ ਕਰਦਿਆਂ ਕਿਹਾ, ”ਸ਼ਮੀ ਸਾਡੇ ਲਈ ਦੂਜੀ ਪਾਰੀ ਵਿੱਚ ਲਗਾਤਾਰ ਸਟ੍ਰਾਈਕ ਗੇਂਦਬਾਜ਼ ਰਿਹਾ ਹੈ। ਜੇਕਰ ਤੁਸੀਂ ਉਸ ਦੇ ਚਾਰ-ਪੰਜ ਵਿਕਟਾਂ ਦੇ ਪ੍ਰਦਰਸ਼ਨ ਨੂੰ ਦੇਖੋ ਤਾਂ ਉਹ ਸਾਰੀਆਂ ਦੂਜੀ ਪਾਰੀ ਵਿੱਚ ਆਈਆਂ ਹਨ ਜਦੋਂ ਟੀਮ ਨੂੰ ਵਿਕਟਾਂ ਦੀ ਸਖ਼ਤ ਲੋੜ ਸੀ। ਜੇਕਰ ਗੇਂਦ ਥੋੜ੍ਹੀ ਜਿਹੀ ਵੀ ਰਿਵਰਸ ਹੋ ਰਹੀ ਹੋਵੇ ਤਾਂ ਸ਼ਮੀ ਘਾਤਕ ਹੋ ਜਾਂਦਾ ਹੈ।
ਸ਼ਮੀ ਨੇ ਕਪਤਾਨ ਕੋਹਲੀ ਦੀ ਕੀਤੀ ਸ਼ਲਾਘਾ
ਸ਼ਮੀ ਨੇ ਆਪਣੇ ਕਪਤਾਨ ਕੋਹਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਟ ਗੇਂਦਬਾਜ਼ਾਂ ਨੂੰ ਇਸ ਗੱਲ ਦੀ ਆਜ਼ਾਦੀ ਦਿੰਦਾ ਹੈ ਕਿ ਉਸ ਦਾ ਸਪੈੱਲ ਕਿੰਨਾ ਲੰਬਾ ਰਹੇਗਾ। ਸ਼ਮੀ ਨੇ ਕਿਹਾ, ”ਵਿਰਾਟ ਕਪਤਾਨ ਦੇ ਤੌਰ ‘ਤੇ ਹਮੇਸ਼ਾ ਸਾਡੀਆਂ ਗੱਲਾਂ ਸੁੱਣਦਾ ਹੈ ਅਤੇ ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦੀ ਆਜ਼ਾਦੀ ਦਿੰਦਾ ਹੈ ਕਿ ਅਸੀਂ ਆਪਣੀ ਰਣਨੀਤੀ ‘ਤੇ ਕੰਮ ਕਰੀਏ। ਉਹ ਸਾਨੂੰ ਇਸ ਗੱਲ ਦੀ ਵੀ ਆਜ਼ਾਦੀ ਦਿੰਦਾ ਹੈ ਕਿ ਅਸੀਂ ਆਪਣੇ ਸਪੈੱਲ ‘ਚ 5,7 ਜਾਂ ਇਸ ਤੋਂ ਵੱਧ ਓਵਰਾਂ ਦੀ ਗੇਂਦਬਾਜ਼ੀ ਕਰਨਾ ਚਾਹੁੰਦੇ ਹਾਂ। ਉਹ ਸਾਡੇ ਉੱਪਰ ਭਰੋਸਾ ਕਰਦਾ ਹੈ ਅਤੇ ਸਾਨੂੰ ਉਸ ‘ਤੇ ਪੂਰਾ ਭਰੋਸਾ ਹੈ।”