ਸੱਚ ਹਮੇਸ਼ਾ ਚੁੱਭਦੈ। ਜਾਂ ਫ਼ਿਰ ਲੋਕ ਇੰਝ ਕਹਿੰਦੇ ਨੇ। ਇਹ ਕਥਨ, ਪਰ, ਥੋੜ੍ਹਾ ਗੁੰਮਰਾਹਕੁੰਨ ਹੈ। ਇਸ ਦਾ ਅਰਥ ਇਹ ਵੀ ਲਿਆ ਜਾ ਸਕਦਾ ਹੈ ਕਿ ਬੇਈਮਾਨੀ ਸ਼ਾਇਦ ਤਕਲੀਫ਼ ਰਹਿਤ ਹੁੰਦੀ ਹੈ। ਵੈਸੇ ਧੋਖੇਬਾਜ਼ੀ, ਜਿਵੇਂ ਸਾਨੂੰ ਸਭ ਨੂੰ ਪਤਾ ਹੀ ਹੈ, ਜਦੋਂ ਫ਼ੜੀ ਜਾਵੇ ਤਾਂ ਅਤਿਅੰਤ ਦੁਖਦਾਈ ਸਾਬਿਤ ਹੁੰਦੀ ਹੈ, ਅਤੇ ਇਸ ਤਰ੍ਹਾਂ ਦੇ ਵਤੀਰੇ ਨੂੰ ਕਾਇਮ ਰੱਖਣਾ ਸਾਨੂੰ ਤਨਾਅਗ੍ਰਸਤ ਵੀ ਕਰ ਜਾਂਦਾ ਹੈ। ਇਸ ਦੁਨੀਆਂ ਦੀ ਕੋਈ ਵੀ ਪ੍ਰਕਿਰਿਆ ਸਾਨੂੰ ਜ਼ਿੰਦਗੀ ਦੀ ਸਮੇਂ ਸਮੇਂ ‘ਤੇ ਤਿੱਖੀ ਹੋਣ ਵਾਲੀ ਧਾਰ ਤੋਂ ਨਹੀਂ ਬਚਾ ਸਕਦੀ। ਸੱਚੀ ਗੱਲ ਤਾਂ ਇਹ ਹੈ ਕਿ ਸੱਚ ਜਦੋਂ ਕੱਟਦਾ ਹੈ ਤਾਂ, ਚੰਗੀ ਤਰ੍ਹਾਂ ਵੱਲ ਹੋਣ ਤੋਂ ਪਹਿਲਾਂ, ਉਹ ਥੋੜ੍ਹੇ ਚਿਰ ਲਈ ਬਹੁਤ ਚੁੱਭਦੈ। ਜਦੋਂਕਿ ਝੂਠ ਦਾ ਸ਼ੁਰੂ ਸ਼ੁਰੂ ਵਿੱਚ ਬਹੁਤ ਹੀ ਘੱਟ ਕੋਈ ਪ੍ਰਭਾਵ ਮਹਿਸੂਸ ਹੁੰਦੈ, ਪਰ ਆਹਿਸਤਾ ਆਹਿਸਤਾ ਉਹ ਇੱਕ ਰਿਸਦਾ ਹੋਇਆ ਫ਼ੋੜਾ, ਇੱਕ ਨਾਸੂਰ ਬਣ ਜਾਂਦੈ। ਤੁਹਾਨੂੰ ਤੱਥਾਂ ਦਾ ਸਾਹਮਣਾ ਕਰਨਾ ਹੀ ਪੈਣੈ, ਪਰ ਉਨ੍ਹਾਂ ਨੂੰ ਦੇਖੋ ਅਤੇ ਵਿਸਾਰ ਦਿਓ।

ਕੀ ਤੁਸੀਂ ਹਾਲ ਹੀ ਵਿੱਚ ਨਿਯਮਾਵਲੀ ਜਾਂ ਜ਼ਾਬਤਾ ਪੁਸਤਕ ‘ਤੇ ਇੱਕ ਨਜ਼ਰ ਮਾਰੀ ਹੈ? ਤੁਹਾਨੂੰ ਪਤਾ ਹੀ ਐ ਨਾ ਮੈਂ ਕਿਹੜੀ ਪੁਸਤਕ ਦੀ ਗੱਲ ਕਰ ਰਿਹਾਂ? ਉਹੀ ਜਿਹੜੀ ਦੱਸਦੀ ਹੈ ਕਿ ਕੀ ਹੋਣਾ ਜਾਂ ਨਹੀਂ ਹੋਣਾ ਚਾਹੀਦਾ। ਉਹੀ ਜਿਹੜੀ ਸਾਨੂੰ ਇਹ ਸਮਝਾਉਂਦੀ ਹੈ ਕਿ ਅਸੀਂ ਸਾਰੇ ਇੱਥੇ ਕੀ ਕਰ ਰਹੇ ਹਾਂ, ਅਤੇ ਰੀਤੀ ਸਹਿਤ ਸਾਨੂੰ ਇਹ ਹਿਦਾਇਤ ਵੀ ਦਿੰਦੀ ਹੈ ਕਿ ਅਸੀਂ ਇੱਥੋਂ ਅੱਗੇ ਕਿਵੇਂ ਵਧਣੈ। ਅਤੇ ਨਹੀਂ, ਮੇਰੀ ਮੁਰਾਦ ਉਸ ਜ਼ਾਬਤਾ ਕਿਤਾਬ ਤੋਂ ਨਹੀਂ। ਧਾਰਮਿਕ ਪਸਤਕਾਂ ਨਾਲ ਮਸਲਾ ਇਹ ਹੈ ਕਿ ਉਹ ਇੱਕ ਦੂਸਰੇ ਨਾਲ ਹਮੇਸ਼ਾ ਅਸਹਿਮਤ ਹੁੰਦੀਆਂ ਹਨ, ਅਤੇ ਉਨ੍ਹਾਂ ਲੋਕਾਂ ਦਰਮਿਆਨ ਵਿਵਾਦ ਨੂੰ ਹੋਰ ਵੀ ਵਧਾ ਦਿੰਦੀਆਂ ਹਨ ਜਿਹੜੇ ਉਨ੍ਹਾਂ ਦੇ ਮਤਭੇਦ ਭਰਪੂਰ ਉਪਦੇਸ਼ਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਕੀਕਤ ਇਹ ਹੈ, ਤੁਹਾਡੇ ਆਪਣੇ ਦਿਲ ਦੀ ਕਿਤਾਬ ਤੋਂ ਛੁੱਟ ਕੋਈ ਵੀ ਹੋਰ ਵਿਸ਼ਵ-ਵਿਆਪੀ ਪੁਸਤਕ ਹੈ ਹੀ ਨਹੀਂ। ਉਸ ਨੂੰ ਪਤੈ ਕੀ ਠੀਕ ਹੈ! ਇਹ ਵਕਤ ਹੈ ਕਿ ਤੁਸੀਂ ਉਸ ਵਿੱਚ ਵਿਸ਼ਵਾਸ ਰੱਖੋ।

”ਪਿਆਰ ਬਿਨਾ ਜ਼ਿੰਦਗੀ ਇੰਝ ਹੈ ਜਿਵੇਂ ਪੱਤਿਆਂ ਜਾਂ ਫ਼ਲਾਂ ਬਿਨਾਂ ਰੁਖ਼।” ਅਜਿਹਾ ਕਹਿਣਾ ਸੀ ਮਹਾਨ ਸ਼ਾਇਰ ਖ਼ਲੀਲ ਜਿਬਰਾਨ ਦਾ। ਪਰ ਕਈ ਅਜਿਹੇ ਲੋਕ ਵੀ ਹਨ ਜਿਹੜੇ ਇਸ ਕਥਨ ਨਾਲ ਅਸਹਿਮਤ ਹੋਣਗੇ। ਉਹ ਕਹਿਣਗੇ ਕਿ ਪਿਆਰ ਨਾਮ ਦੀ ਕੋਈ ਸ਼ੈਅ ਹੁੰਦੀ ਹੀ ਨਹੀਂ। ਇਹ ਤਾਂ ਇੱਕ ਤਰ੍ਹਾਂ ਦਾ ਤਰਕਹੀਣ ਮਨੋਵੇਗ ਹੈ। ਇੱਕ ਗ਼ੈਰਵਿਹਾਰਕ ਭਾਵਨਾ। ਇੱਕ ਕਾਲਪਨਿਕ ਤਜਰਬਾ। ਇਹ ਸੱਚ ਵਰਗਾ ਮਹਿਸੁਸ ਹੋ ਸਕਦੈ, ਪਰ ਇਸ ਦੀ ਹੋਂਦ ਦੀ ਪੁਸ਼ਟੀ ਕਰਨ ਵਾਲਾ ਕੋਈ ਵੀ ਵਿਗਿਆਨਕ ਸਬੂਤ ਮੌਜੂਦ ਨਹੀਂ। ਹਵਸ, ਤੁਸੀਂ ਸਾਬਿਤ ਕਰ ਸਕਦੇ ਹੋ। ਵਫ਼ਾਦਾਰੀ, ਤੁਸੀਂ ਸਮਝਾ ਸਕਦੇ ਹੋ। ਪਿਆਰ? ਖ਼ੈਰ, ਪਿਆਰ ਆਪਣੇ ਆਪ ਵਿੱਚ ਜ਼ਿੰਦਗੀ ਵਾਂਗ ਹੈ। ਕਿਸੇ ਨੂੰ ਨਹੀਂ ਪਤਾ ਕਿ ਇਸ ਦਾ ਮਕਸਦ ਕੀ ਹੈ! ਤੁਹਾਡੀ ਜ਼ਿੰਦਗੀ ਵਿੱਚ, ਪਰ, ਪਿਆਰ ਮੌਜੂਦ ਹੈ। ਅਤੇ ਤੁਹਾਡੇ ਪਿਆਰ ਵਿੱਚ ਜ਼ਿੰਦਗੀ ਹੈ।

ਛੋਟੀਆਂ ਚੀਜ਼ਾਂ ਦੀ ਅਹਿਮੀਅਤ ਹੁੰਦੀ ਹੈ। ਉਹ ਬਾਰੀਕੀਆਂ ਅਤੇ ਸੂਖਮਤਾਵਾਂ। ਉਹ ਰੰਗਤਾਂ ਅਤੇ ਪਰਛਾਵੇਂ। ਕਹਿੰਦੇ ਨੇ, ‘ਵਿਸਥਾਰ ਵਿੱਚ ਹੀ ਸ਼ੈਤਾਨ ਦਾ ਵਾਸਾ ਹੁੰਦੈ’ ਪਰ ਜੇਕਰ ਪਿਸ਼ਾਚ ਉੱਥੇ ਕਿਆਮ ਕਰਦੇ ਹਨ ਤਾਂ ਫ਼ਰਿਸ਼ਤੇ ਵੀ ਉੱਥੋਂ ਦੇ ਹੀ ਵਸਨੀਕ ਨੇ। ਛੋਟੀਆਂ ਚੀਜ਼ਾਂ ਸਾਨੂੰ ਪਰੇਸ਼ਾਨ ਕਰ ਸਕਦੀਆਂ ਹਨ, ਪਰ ਕਈ ਵਾਰ ਇਹ ਸਾਨੂੰ ਹੱਦੋਂ ਵੱਧ ਪ੍ਰੇਰਿਤ ਵੀ ਕਰ ਜਾਂਦੀਆਂ ਨੇ। ਇੰਝ ਨਾ ਸੋਚੋ ਕਿ ਤੁਸੀਂ ਕਿਸੇ ਛੋਟੇ ਜਿਹੇ ਦਿਖਣ ਵਾਲੇ ਮਾਮਲੇ ‘ਚ ਤੁਛਤਾ ਦਾ ਮੁਜ਼ਾਹਰਾ ਕਰ ਰਹੇ ਹੋ। ਤੁਹਾਨੂੰ ਪਤੈ ਕਿ ਕੀ ਅਹਿਮ ਅਤੇ ਕਿਉਂ। ਇੱਕ ਵਾਰ ਜਦੋਂ ਤੁਹਾਡੇ ਜੀਵਨ ਵਿਚਲਾ ਇੱਕ ਤੁੱਛ ਪਰ ਮਹੱਤਵਪੂਰਨ ਮੁੱਦਾ ਹੱਲ ਹੋ ਗਿਆ ਤਾਂ ਤੁਸੀਂ, ਉਸ ਤੋਂ ਵੀ ਕਿਤੇ ਵੱਧ ਮਹੱਤਵਪੂਰਣ, ਖ਼ੁਸ਼ ਹੋਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਜੋਗੇ ਹੋ ਜਾਓਗੇ।

ਤੁਸੀਂ ਕਮਜ਼ੋਰ ਮਹਿਸੂਸ ਕਰਦੇ ਹੋ ਸਕਦੇ ਹੋ। ਤੁਹਾਨੂੰ ਲਗਦਾ ਹੋ ਸਕਦੈ ਕਿ ਤੁਹਾਡੀ ਜ਼ਿੰਦਗੀ ਦੇ ਕੁੱਝ ਹਿੱਸਿਆਂ ਵਿੱਚ ਤੁਹਾਡੇ ਕੋਲ ਸੁਰੱਖਿਅਤ ਰੱਖਣ ਨੂੰ ਤਾਂ ਬਹੁਤ ਕੁੱਝ ਹੈ ਪਰ ਹਾਸਿਲ ਕਰਨ ਨੂੰ ਕੁੱਝ ਵੀ ਨਹੀਂ। ਤੁਸੀਂ ਆਪਣੇ ਮਸਲਿਆਂ ਪ੍ਰਤੀ ਸੁਚੇਤ ਹੋ, ਹੋਣਾ ਵੀ ਚਾਹੀਦੈ। ਦੂਸਰੇ, ਪਰ, ਤੁਹਾਡੀ ਸਥਿਤੀ ਨੂੰ ਦੂਰੋਂ ਦੇਖਦੇ ਹੋਣ ਕਾਰਨ ਵਧੇਰੇ ਸਪੱਸ਼ਟਤਾ ਨਾਲ ਦੇਖ ਸਕਦੇ ਹਨ। ਤੁਸੀਂ ਬਿਨਾ ਕਿਸੇ ਮੁਸ਼ਕਿਲ ਦੇ ਜਿੱਤ ਰਹੇ ਹੋ। ਤੁਹਾਡੇ ਹਾਲਾਤ ਤਾਂ ਈਰਖਾ ਕਰਨ ਵਾਲੇ ਨੇ। ਫ਼ਾਇਦਿਆਂ ਦਾ ਭਾਰ ਨੁਕਸਾਨਾਂ ਨਾਲੋਂ ਕਿਤੇ ਵੱਧ ਹੈ। ਇੱਕ ਤਰ੍ਹਾਂ ਨਾਲ, ਤੁਸੀਂ ਵੀ ਇਹ ਸਭ ਕੁੱਝ ਦੇਖ ਅਤੇ ਸਮਝ ਸਕਦੇ ਹੋ, ਪਰ ਤੁਸੀਂ ਕਿਸੇ ਖ਼ਾਸ ਮਾਮਲੇ ਬਾਰੇ ਇੰਨੇ ਕੁ ਨਾਰਾਜ਼ ਅਤੇ ਅਸੁਖਾਵੇਂ ਹੋ ਕਿ ਬਾਕੀ ਸਭ ਕੁੱਝ ਉਸ ਦੇ ਪਰਛਾਵੇਂ ਹੇਠਾਂ ਦੱਬਿਆ ਜਾ ਰਿਹੈ। ਉਸ ਨੂੰ ਭੁਲਾ ਦਿਓ। ਆਪਣੇ ਸਾਹਮਣੇ ਪਏ ਮੌਕੇ ‘ਤੇ ਗ਼ੌਰ ਫ਼ਰਮਾਓ। ਇਹ ਬਹੁਤ ਵੱਡਾ ਅਤੇ ਮੁਮਕਿਨ ਹੈ।