ਅੰਮ੍ਰਿਤਸਰ —ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸਾਰੇ ਅੱਤਵਾਦੀ 11 ਅਕਤੂਬਰ ਦੀ ਸਵੇਰ ਮੋਹਾਲੀ ਸਥਿਤ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਸਪੈਸ਼ਲ ਕੋਰਟ ‘ਚ ਪੇਸ਼ ਕੀਤੇ ਜਾਣਗੇ। ਅੱਜ ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗ੍ਰਿਫਤਾਰ ਕੀਤੇ ਗਏ ਸਾਰੇ ਅੱਤਵਾਦੀਆਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ‘ਤੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਐੱਨ. ਆਈ. ਏ. ਨੇ ਚੰਡੀਗੜ੍ਹ ਸਥਿਤ ਵਿਸ਼ੇਸ਼ ਅਦਾਲਤ ‘ਚ ਐੱਸ. ਐੱਸ. ਓ. ਸੀ. ਵਲੋਂ ਗ੍ਰਿਫਤਾਰ ਕੀਤੇ ਗਏ 9 ਅੱਤਵਾਦੀਆਂ ਨੂੰ ਹਿਰਾਸਤ ‘ਚ ਲੈ ਕੇ ਜਾਂਚ ਕਰਨ ਸਬੰਧੀ ਅਰਜ਼ੀ ਦੇ ਕੇ ਆਰਡਰ ਹਾਸਲ ਕੀਤੇ ਸਨ, ਜਿਸ ਦੇ ਬਾਅਦ ਹੁਣ ਸਾਰੇ ਅੱਤਵਾਦੀਆਂ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਿਜਾਇਆ ਜਾਵੇਗਾ, ਜਿੱਥੇ ਐੱਨ. ਆਈ. ਏ. ਇੰਟਰਪੋਲ ਦੀ ਮਦਦ ਨਾਲ ਵਿਦੇਸ਼ਾਂ ‘ਚ ਬੈਠੇ ਸਾਰੇ ਅੱਤਵਾਦੀਆਂ ਨਾਲ ਜੁੜੇ ਹਰ ਸੂਤਰ ਨੂੰ ਖੰਗਾਲਿਆ ਜਾਵੇਗਾ।

ਇਹ ਹਨ ਐੱਸ. ਐੱਸ. ਓ. ਸੀ. ਵਲੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ 22 ਸਤੰਬਰ ਨੂੰ ਰਾਜੋਕੇ ਸੈਕਟਰ ਤੋਂ ਕੇ. ਜ਼ੈੱਡ. ਐੱਫ. ਦੇ 4 ਅੱਤਵਾਦੀਆਂ ‘ਚ ਸ਼ਾਮਲ ਬਲਵੰਤ ਸਿੰਘ ਉਰਫ ਬਾਬਾ ਨਿਹੰਗ, ਅਰਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਨੂੰ ਭਾਰੀ ਮਾਤਰਾ ‘ਚ ਪਾਕਿਸਤਾਨ ਤੋਂ ਭੇਜੇ ਗਏ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਬਾਅਦ 23 ਸਤੰਬਰ ਨੂੰ ਜੇਲ ‘ਚ ਬੈਠ ਕੇ ਅੱਤਵਾਦੀਆਂ ਦੇ ਇਸ ਮੈਡਿਊਲ ਦੇ ਮਾਸਟਰ ਮਾਈਂਡ ਮਾਨ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਉਸਦਾ ਰਿਮਾਂਡ ਲਿਆ ਸੀ। ਐੱਸ. ਐੱਸ. ਓ. ਸੀ. ਵਲੋਂ ਪੰਜਾਂ ਅੱਤਵਾਦੀਆਂ ਤੋਂ ਹੋਈ ਪੁੱਛਗਿੱਛ ਦੇ ਬਾਅਦ 25 ਸਤੰਬਰ ਨੂੰ ਇਨ੍ਹਾਂ ਨਾਲ ਜੁੜੇ ਇਕ ਅੱਤਵਾਦੀ ਗੁਰਦੇਵ ਸਿੰਘ ਨੂੰ ਜਲੰਧਰ ਦੇ ਪੀ. ਏ. ਪੀ. ਚੌਕ ਤੋਂ 3 ਲੱਖ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਗੁਰਦੇਵ ਸਿੰਘ ਦਾ ਭਰਾ ਗੁਰਮੀਤ ਸਿੰਘ ਬਾਬਾ ਜਰਮਨ ‘ਚ ਬੈਠ ਕੇ ਇਨ੍ਹਾਂ ਅੱਤਵਾਦੀਆਂ ਨੂੰ ਫੰਡਿੰਗ ਕਰਦਾ ਸੀ ਅਤੇ ਪਾਕਿਸਤਾਨ ‘ਚ ਬੈਠੇ ਰਣਜੀਤ ਸਿੰਘ ਨੀਟਾ ਦੇ ਨਾਲ ਮਿਲ ਕੇ ਭਾਰਤ ‘ਚ ਕਿਸੇ ਵੱਡੇ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਐੱਸ. ਐੱਸ. ਓ. ਸੀ. ਨੇ ਇਨ੍ਹਾਂ ਸਾਰੇ 6 ਅੱਤਵਾਦੀਆਂ ਤੋਂ ਪੁੱਛਗਿਛ ਦੇ ਬਾਅਦ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਵੱਲੋਂ ਭੇਜੇ ਗਏ ਡਰੋਨ ਦੇ ਪੁਰਜ਼ਿਆਂ ਨੂੰ ਤਰਨਤਾਰਨ ‘ਚ ਬੰਦ ਪਏ ਇਕ ਸ਼ੈੱਲਰ ਅਤੇ ਪਿੰਡ ਮੁਹਾਵਾ ਤੋਂ ਬਰਾਮਦ ਕੀਤਾ ਸੀ। ਇਸ ਦੇ ਬਾਅਦ ਇਨ੍ਹਾਂ ਨਾਲ ਜੁੜੇ ਇਕ ਹੋਰ ਅੱਤਵਾਦੀ ਦਾ ਨਾਮ ਸ਼ੁਭਦੀਪ ਸਿੰਘ ਸਾਹਮਣੇ ਆਇਆ, ਜਿਸ ਨੂੰ ਐੱਸ.ਐੱਸ.ਓ.ਸੀ. ਨੇ ਗ੍ਰਿਫਤਾਰ ਕਰ ਲਿਆ, 7 ਅੱਤਵਾਦੀਆਂ ਦੀ ਜਾਂਚ ਤੋਂ ਬਾਅਦ ਐੱਸ.ਐੱਸ.ਓ.ਸੀ. ਨੇ ਸਾਜਨਦੀਪ ਸਿੰਘ ਅਤੇ ਰੋਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਇਸ ਤਰ੍ਹਾਂ ਅੱਤਵਾਦੀਆਂ ਦੇ ਇਸ ਮੈਡਿਊਲ ‘ਚ ਸ਼ਾਮਿਲ ਸਾਰੇ 9 ਅੱਤਵਾਦੀ ਗ੍ਰਿਫਤਾਰ ਕਰ ਲਏ ਗਏ ਸਨ। 22 ਸਤੰਬਰ ਨੂੰ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਦੀ ਜਾਂਚ ਐੱਨ.ਆਈ.ਏ. ਦੇ ਹਵਾਲੇ ਕਰਨ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ‘ਤੇ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸਦੀ ਜਾਂਚ ਐੱਨ.ਆਈ.ਏ. ਨੂੰ ਸੌਂਪ ਦਿੱਤੀ ਸੀ। ‘ਜਗ ਬਾਣੀ’ ਵਲੋਂ ਅੱਤਵਾਦੀਆਂ ਦੇ ਇਸ ਪੂਰੇ ਮਾਮਲੇ ਨੂੰ ਟੇਕਅੱਪ ਕਰਨ ਦੀ ਪ੍ਰਮਾਣਿਕਤਾ 30 ਸਤੰਬਰ ਨੂੰ ਇਕ ਸਮਾਚਾਰ ਦੇ ਜ਼ਰੀਏ ਆਪਣੇ ਪਾਠਕਾਂ ਤੱਕ ਪਹੁੰਚਾ ਦਿੱਤੀ ਸੀ, ਜਿਸ ‘ਤੇ 9 ਸਤੰਬਰ ਨੂੰ ਕਾਰਵਾਈ ਹੋਈ।

ਕਿਸੇ ਵੱਡੇ ਸ਼ਹਿਰ ‘ਚ ਹੋਣੇ ਸੀ ਸੀਰੀਅਲ ਬਲਾਸਟ

ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਕਬਜ਼ੇ ਤੋਂ 5 ਏ. ਕੇ.-47, 16 ਮੈਗਜੀਨ, 472 ਗੋਲੀਆਂ, 4 ਪਿਸਤੌਲਾਂ 30 ਬੋਰ ਦੀਆਂ, 8 ਮੈਗਜ਼ੀਨ, 72 ਗੋਲੀਆਂ, 9 ਹੈਂਡ ਗਰਨੇਡ, 5 ਸੈਟੇਲਾਈਟ ਫੋਨ, 2 ਮੋਬਾਇਲ, 2 ਵਾਇਰਲੈੱਸ ਸਿਸਟਮ ਅਤੇ ਇਸਦੇ ਇਲਾਵਾ 10 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਸੀ, ਜਿਸ ਦੇ ਬਾਅਦ ਗ੍ਰਿਫਤਾਰ ਕੀਤੇ ਗਏ ਇਕ ਅੱਤਵਾਦੀ ਤੋਂ 3 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ 3 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਸੀ। ਸੂਤਰਾਂ ਅਨੁਸਾਰ ਬਰਾਮਦ ਕੀਤੇ ਗਏ ਇਹ ਸਾਰੇ ਹਥਿਆਰ ਗ੍ਰਿਫਤਾਰ ਅੱਤਵਾਦੀਆਂ ਵੱਲੋਂ ਅੱਗੇ ਸਪਲਾਈ ਕਰਨੇ ਸਨ ਜਿਨ੍ਹਾਂ ਨੂੰ ਕਿਸੇ ਵੱਡੇ ਸ਼ਹਿਰ ‘ਚ ਸੀਰੀਅਲ ਬਲਾਸਟ ਅਤੇ ਜਨਤਕ ਸਥਾਨਾਂ ‘ਤੇ ਫਾਇਰਿੰਗ ਕਰਨ ਦੇ ਨਿਰਦੇਸ਼ ਸਨ।

ਹੁਣ ਐੱਨ.ਆਈ.ਏ. ਤਿਆਰ ਕਰੇਗੀ ਪੂਰੀ ਰਿਪੋਰਟ

11 ਅਕਤੂਬਰ ਨੂੰ ਅੰਮ੍ਰਿਤਸਰ ਦੀ ਜੇਲ ‘ਚ ਭੇਜੇ ਗਏ 9 ਅੱਤਵਾਦੀਆਂ ਨੂੰ ਚੰਡੀਗੜ੍ਹ ਲਿਜਾਇਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਮੋਹਾਲੀ ਸਥਿਤ ਐੱਨ.ਆਈ.ਏ. ਦੀ ਸਪੈਸ਼ਲ ਕੋਰਟ ‘ਚ ਪੇਸ਼ ਕਰਨ ਦੇ ਬਾਅਦ ਜਾਂਚ ਲਈ ਰਿਮਾਂਡ ‘ਤੇ ਲਿਆ ਜਾਵੇਗਾ। ਰਿਮਾਂਡ ਦੌਰਾਨ ਐੱਨ.ਆਈ.ਏ. ਪੂਰੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੇਗੀ, ਜਿਸ ‘ਚ ਅੱਤਵਾਦੀਆਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ, ਇਨ੍ਹਾਂ ਦੇ ਸੰਚਾਰ ਸਾਧਨਾਂ, ਬਰਾਮਦ ਹੋਏ ਪਾਕਿਸਤਾਨੀ ਸਿਮ ਦੇ ਇਲਾਵਾ ਵਿਦੇਸ਼ਾਂ ਤੋਂ ਹੋਈ ਫੌਰਨ ਫੰਡਿੰਗ ਦਾ ਪੂਰਾ ਹਾਲ ਤਿਆਰ ਕੀਤਾ ਜਾਵੇਗਾ। ਐੱਨ.ਆਈ.ਏ. ਇਸ ਅੱਤਵਾਦੀਆਂ ਤੋਂ ਹਾਸਲ ਹੋਣ ਵਾਲੀ ਹਰ ਇਨਫਰਮੇਸ਼ਨ ਨੂੰ ਰਿਕਾਰਡ ਕਰਨ ਦੇ ਬਾਅਦ ਕੇਂਦਰ ਦੇ ਗ੍ਰਹਿ ਵਿਭਾਗ ਨੂੰ ਭੇਜੇਗੀ।