ਆਯੂਸ਼ਮਾਨ ਖੁਰਾਣਾ ਆਪਣੀ ਹਾਲੀਆ ਰਿਲੀਜ਼ ਫ਼ਿਲਮ ਡਰੀਮ ਗਰਲ ਦੇ ਕਈ ਦ੍ਰਿਸ਼ਾਂ ਵਿੱਚ ਇੱਕ ਲੜਕੀ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਦੇਖਿਆ ਜਾਵੇ ਤਾਂ ਇਹ ਮਸਾਲਾ ਫ਼ਿਲਮਾਂ ਦਾ ਅਜਿਹਾ ਫ਼ਾਰਮੂਲਾ ਹੈ ਜੋ ਕਈ ਫ਼ਿਲਮਾਂ ਵਿੱਚ ਦੁਹਰਾਇਆ ਜਾ ਚੁੱਕਾ ਹੈ। ਆਯੂਸ਼ਮਾਨ ਕਹਿੰਦਾ ਹੈ, ”ਮੈਨੂੰ ਇਹ ਕਿਰਦਾਰ ਅਦਾ ਕਰਨ ਵਿੱਚ ਬਹੁਤ ਮਜ਼ਾ ਆਇਆ ਕਿਉਂਕਿ ਇਹ ਪਾਤਰ ਕਹਾਣੀ ਦਾ ਹਿੱਸਾ ਹੈ। ਮੈਨੂੰ ਅੱਗੇ ਤੋਂ ਵੀ ਲੜਕੀ ਬਣਨ ਵਿੱਚ ਕੋਈ ਗ਼ੁਰੇਜ਼ ਨਹੀਂ ਹੋਵੇਗਾ ਪਰ ਪਾਤਰ ਸਹੀ ਹੋਣਾ ਚਾਹੀਦਾ ਹੈ।” ਉਂਝ ਅਜਿਹੀਆਂ ਬਹੁਤ ਫ਼ਿਲਮਾਂ ਹਨ ਜਿਨ੍ਹਾਂ ਵਿੱਚ ਹੀਰੋ ਨੂੰ ਕਿਰਦਾਰ ਦੀ ਮੰਗ ਅਨੁਸਾਰ ਲੜਕੀ ਦਾ ਰੂਪ ਧਾਰਨ ਕਰਨਾ ਪਿਆ। ਫ਼ਿਲਮ ਹਮਸ਼ਕਲ ਵਿੱਚ ਸੈਫ਼ ਅਲੀ ਖ਼ਾਨ, ਰਿਤੇਸ਼ ਅਤੇ ਰਾਮ ਕਪੂਰ ਵੀ ਕੁੱਝ ਦੇਰ ਲਈ ਲੜਕੀ ਦੇ ਰੂਪ ਵਿੱਚ ਦਿਖਾਈ ਦਿੱਤੇ ਸਨ।
ਸੱਚ ਤਾਂ ਇਹ ਹੈ ਕਿ ਵਿਰੋਧੀ ਲਿੰਗ ਦੇ ਕਿਰਦਾਰ ਨਿਭਾਉਣ ਦੀ ਉਤਸੁਕਤਾ ਅਦਾਕਾਰ ਅਤੇ ਅਦਾਕਾਰਾ ਦੋਹਾਂ ਵਿੱਚ ਸਮਾਨ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ, ਪਰ ਇਸ ਮਾਮਲੇ ਵਿੱਚ ਨਾਇਕ ਜ਼ਿਆਦਾ ਕਿਸਮਤ ਵਾਲੇ ਸਾਬਿਤ ਹੋਏ ਹਨ। ਬਹੁਤ ਘੱਟ ਅਭਿਨੇਤਰੀਆਂ ਪਰਦੇ ‘ਤੇ ਮਰਦ ਪਾਤਰਾਂ ਨੂੰ ਜੀਵੰਤ ਕਰਦੀਆਂ ਹੋਈਆਂ ਨਜ਼ਰ ਆਈਆਂ ਹਨ ਜਦੋਂਕਿ ਜ਼ਿਆਦਾਤਰ ਨਾਇਕ ਹੀ ਔਰਤਾਂ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਏ ਹਨ। ਸੰਜੀਦਾ ਅਦਾਕਾਰ ਨਸੀਰੂਦੀਨ ਸ਼ਾਹ ਕਹਿੰਦਾ ਹੈ, ‘ਇਸ ਤਰ੍ਹਾਂ ਦੇ ਕਿਰਦਾਰ ਅਜੀਬ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੰਦੇ ਹਨ। ਦਰਸ਼ਕਾਂ ਨੂੰ ਮਜ਼ਾ ਆਉਂਦਾ ਹੈ, ਅਤੇ ਤੁਹਾਨੂੰ ਇਸ ਤਰ੍ਹਾਂ ਨਾਲ ਜੋਕਰ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਨਾ ਪੈਂਦਾ ਹੈ। ਇਸ ਤੋਂ ਬਚਣ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਅਜਿਹਾ ਪਾਤਰ ਸਾਡੀ ਅਦਾਕਾਰੀ ਦਾ ਇੱਕ ਹਿੱਸਾ ਹੁੰਦਾ ਹੈ।”
ਨਸੀਰ ਦੀ ਇਸ ਗੱਲ ਨਾਲ ਸੁਭਾਵਿਕ ਤੌਰ ‘ਤੇ ਅਨਿਲ ਸ਼ਰਮਾ ਦੀ ਫ਼ਿਲਮ ਤਹਿਲਕਾ ਦੀ ਯਾਦ ਆਉਣੀ ਲਾਜ਼ਮੀ ਹੈ। ਇਸ ਵਿੱਚ ਉਸ ਨੇ ਜਾਵੇਦ ਜਾਫ਼ਰੀ ਅਤੇ ਅਦਿਤਿਆ ਪੰਚੋਲੀ ਨਾਲ ਖ਼ੁਦ ਵੀ ਲੜਕੀ ਦਾ ਰੂਪ ਧਾਰਨ ਕਰ ਕੇ ਖ਼ਲਨਾਇਕ ਅਮਰੀਸ਼ ਪੁਰੀ ਦੇ ਅੱਡੇ ‘ਤੇ ਖ਼ੂਬ ਤਹਿਲਕਾ ਮਚਾਇਆ ਸੀ, ਪਰ ਇਹ ਪਾਤਰ ਦਰਸ਼ਕਾਂ ਦੀ ਨਜ਼ਰ ਵਿੱਚ ਯਾਦਗਾਰੀ ਨਹੀਂ ਬਣ ਸਕਿਆ। ਸ਼ੋਲਾ ਔਰ ਸ਼ਬਨਮ, ਆਂਟੀ ਨੰਬਰ ਵਨ, ਆਦਿ ਕੁੱਝ ਫ਼ਿਲਮਾਂ ਵਿੱਚ ਲੜਕੀ ਦਾ ਕਿਰਦਾਰ ਕਰ ਚੁੱਕਿਆ ਅਦਾਕਾਰ ਗੋਵਿੰਦਾ ਕਹਿੰਦਾ ਹੈ, ”ਇਸ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਇਸ ਤਰ੍ਹਾਂ ਦੇ ਕਿਰਦਾਰ ਅਕਸਰ ਹਾਸਾ ਪੈਦਾ ਕਰਨ ਲਈ ਪੇਸ਼ ਕੀਤੇ ਜਾਂਦੇ ਹਨ।” ਅਸ਼ੋਕ ਕੁਮਾਰ, ਪ੍ਰਾਣ ਤੋਂ ਲੈ ਕੇ ਸ਼ਾਹਰੁਖ਼ ਖ਼ਾਨ-ਅਕਸ਼ੇ ਕੁਮਾਰ ਤਕ ਅਜਿਹੇ ਅਦਾਕਾਰਾਂ ਦੀ ਇੱਕ ਲੰਬੀ ਸੂਚੀ ਹੈ ਜਿਨ੍ਹਾਂ ਨੇ ਕਦੇ ਨਾ ਕਦੇ ਲੜਕੀ ਦਾ ਰੂਪ ਧਾਰਨ ਕੀਤਾ ਹੈ।
ਕਦੇ ਫ਼ਿਲਮ ਅਪਨਾ ਸਪਨਾ ਮਨੀ ਮਨੀ ਵਿੱਚ ਰਿਤੇਸ਼ ਦੇਸ਼ਮੁਖ ਨੇ ਇੱਕ ਲੜਕੀ ਦਾ ਰੂਪ ਧਾਰਿਆ ਸੀ। ਇਸ ਫ਼ਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਉਸ ਦੇ ਇਸ ਰੂਪ ਦੀ ਜਿੰਨੀ ਚਰਚਾ ਹੋਈ ਸੀ, ਫ਼ਿਲਮ ਦੇ ਆਉਣ ਤੋਂ ਬਾਅਦ ਦਰਸ਼ਕਾਂ ਲਈ ਇਹ ਕਿਰਦਾਰ ਧੋਖਾ ਸਾਬਿਤ ਹੋਇਆ। ਰਿਤੇਸ਼ ਕਹਿੰਦਾ ਹੈ, ”ਅਜਿਹੇ ਕਿਰਦਾਰ ਓਦੋਂ ਹੀ ਵਿਸ਼ੇਸ਼ ਬਣਦੇ ਹਨ ਜਦੋਂ ਉਹ ਫ਼ਿਲਮ ਦੀ ਕਹਾਣੀ ਦਾ ਅਟੁੱਟ ਹਿੱਸਾ ਹੋਣ। ਮੇਰਾ ਖ਼ਿਆਲ ਹੈ ਅਪਨਾ ਸਪਨਾ ਮਨੀ ਮਨੀ ਜਾਂ ਹਮਸ਼ਕਲ ਵਿੱਚ ਮੇਰੇ ਵਲੋਂ ਨਿਭਾਏ ਗਏ ਕਿਰਦਾਰ ਵਿੱਚ ਕੋਈ ਕਮੀ ਜ਼ਰੂਰ ਰਹਿ ਗਈ ਸੀ।” ਕਈ ਫ਼ਿਲਮਾਂ ਵਿੱਚ ਇਸ ਤਰ੍ਹਾਂ ਦੀ ਦਿੱਖ ਧਾਰਨ ਕਰ ਚੁੱਕਿਆ ਅਭਿਨੇਤਾ ਜੌਨੀ ਲੀਵਰ ਇਸ ਕਿਰਦਾਰ ਨੂੰ ਵੀ ਇੱਕ ਚੁਣੌਤੀ ਦੀ ਤਰ੍ਹਾਂ ਲੈਂਦਾ ਹੈ। ਉਹ ਕਹਿੰਦਾ ਹੈ, ”ਮੈਂ ਕੋਈ ਉਦਾਹਰਣ ਨਹੀਂ ਦੇਣਾ ਚਾਹੁੰਦਾ, ਪਰ ਇੱਕ ਚੰਗਾ ਅਭਿਨੇਤਾ ਮਹਿਲਾਵਾਂ ਦੇ ਪਾਤਰਾਂ ਨੂੰ ਵੀ ਯਾਦਗਾਰ ਬਣਾਉਣ ਦੀ ਸਮਰੱਥਾ ਰੱਖਦਾ ਹੈ।”
ਕਮਲ ਹਾਸਨ ਅਤੇ ਆਮਿਰ ਖ਼ਾਨ ਵਰਗੇ ਦੋ ਅਦਾਕਾਰਾਂ ਦੇ ਸੰਦਰਭ ਵਿੱਚ ਦੇਖੀਏ ਤਾਂ ਇਨ੍ਹਾਂ ਵਿੱਚ ਇੱਕ ਗੱਲ ਸਾਂਝੀ ਨਜ਼ਰ ਆਉਂਦੀ ਹੈ ਕਿ ਪਰਦੇ ‘ਤੇ ਕੁੱਝ ਨਵਾਂ ਕਰਨ ਦਾ ਅੰਦਾਜ਼ ਉਨ੍ਹਾਂ ‘ਤੇ ਠੋਸਿਆ ਹੋਇਆ ਨਹੀਂ ਲੱਗਦਾ। ਸ਼ਾਇਦ ਇਹੀ ਕਾਰਨ ਹੈ ਕਿ ਟਾਟਾ ਸਕਾਈ ਦੇ ਇੱਕ ਇਸ਼ਤਿਹਾਰ ਵਿੱਚ ਔਰਤ ਬਣੇ ਆਮਿਰ ਦੀ ਅਦਾਕਾਰੀ ਦਰਸ਼ਕਾਂ ਨੂੰ ਲੁਭਾ ਗਈ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 1996 ਵਿੱਚ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ਬਾਜ਼ੀ ਵਿੱਚ ਵੀ ਉਸ ਨੇ ਇੱਕ ਕੈਬਰੇ ਡਾਂਸਰ ਜੂਲੀ ਬਰਗੈਂਜ਼ਾ ਦੇ ਕਿਰਦਾਰ ਵਿੱਚ ਦਰਸ਼ਕਾਂ ਨੂੰ ਕਾਫ਼ੀ ਆਕਰਸ਼ਿਤ ਕੀਤਾ ਸੀ, ਪਰ ਉਸ ਦਾ ਇਹ ਕਿਰਦਾਰ ਫ਼ਿਲਮ ਦੀ ਕਹਾਣੀ ਦਾ ਇੱਕ ਛੋਟਾ ਜਿਹਾ ਹਿੱਸਾ ਸੀ। ਆਮਿਰ ਕਹਿੰਦਾ ਹੈ, ”ਮੈਂ ਆਪਣੀ ਦਿਖ ਨੂੰ ਲੈ ਕੇ ਸ਼ੁਰੂ ਤੋਂ ਹੀ ਬਹੁਤ ਗੰਭੀਰ ਰਿਹਾ ਹਾਂ। ਸਿਰਫ਼ ਕੁੱਝ ਨਵਾਂ ਕਰਨ ਲਈ ਤੁਸੀਂ ਇੱਕ ਰੂਪ ਅਪਨਾ ਲੈਂਦੇ ਹੋ, ਇਹ ਗੱਲ ਮੈਨੂੰ ਪਚਦੀ ਨਹੀਂ। ਮੈਂ ਬਹੁਤ ਸੋਚ ਸਮਝ ਕੇ ਹੀ ਆਪਣੀ ਇੱਕ ਫ਼ਿਲਮ ਬਾਜ਼ੀ ਵਿੱਚ ਔਰਤ ਬਣਨਾ ਮਨਜ਼ੂਰ ਕੀਤਾ ਸੀ ਅਤੇ ਇਹ ਜ਼ਿੰਮੇਵਾਰੀ ਮੈਂ ਆਪਣੇ ਮੇਕਅਪ ਮੈਨ ‘ਤੇ ਨਹੀਂ ਸੀ ਛੱਡੀ। ਮੈਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਕਿਰਦਾਰ ਨੂੰ ਪਰਦੇ ‘ਤੇ ਮੈਂ ਪੇਸ਼ ਕਰਨਾ ਹੈ, ਇਸ ਲਈ ਇਸ ਦੀ ਦਿਖ ਨੂੰ ਲੈ ਕੇ ਮੇਰਾ ਸੰਤੁਸ਼ਟ ਹੋਣਾ ਜ਼ਰੂਰੀ ਸੀ।”
ਨੌਜਵਾਨ ਡਿਜ਼ਾਇਨਰ ਉਮੈਰ ਜਾਫ਼ਰ ਨੇ ਹਾਲ ਹੀ ਵਿੱਚ ਇੱਕ ਨਵੀਂ ਫ਼ਿਲਮ ਦੇ ਕੁੱਝ ਪਾਤਰਾਂ ਲਈ ਅਜਿਹੀ ਡਰੈੱਸ ਡਿਜ਼ਾਇਨ ਕੀਤੀ ਹੈ। ਉਹ ਦੱਸਦਾ ਹੈ, ”ਜੇਕਰ ਤੁਸੀਂ ਸੰਜੀਦਾ ਢੰਗ ਨਾਲ ਕੁੱਝ ਕਰਨਾ ਚਾਹੁੰਦੇ ਹੋ ਤਾਂ ਅਜਿਹੇ ਪਾਤਰਾਂ ਲਈ ਡਿਜ਼ਾਇਨ ਕਰਨਾ ਅਸਲ ਵਿੱਚ ਬਹੁਤ ਮੁਸ਼ਕਿਲ ਹੁੰਦਾ ਹੈ। ਸਾਨੂੰ ਪਹਿਲਾਂ ਤੋਂ ਪਤਾ ਹੁੰਦਾ ਹੈ ਕਿ ਇਹ ਕੱਪੜੇ ਇੱਕ ਪੁਰਸ਼ ਪਾਤਰ ਵਲੋਂ ਪਹਿਨੇ ਜਾਣਗੇ, ਇਸ ਲਈ ਆਪਣੇ ਵਲੋਂ ਸਾਨੂੰ ਇਸ ਗੱਲ ‘ਤੇ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਕਿ ਉਕਤ ਕੱਪੜੇ ਪਹਿਨ ਕੇ ਉਹ ਬਿਲਕੁਲ ਜ਼ਨਾਨਾ ਲੱਗੇ।” ਕਦੇ ਰਫ਼ੂਚੱਕਰ ਫ਼ਿਲਮ ਵਿੱਚ ਇੱਕ ਲੜਕੀ ਦਾ ਕਿਰਦਾਰ ਅਦਾ ਕਰ ਚੁੱਕਿਆ ਅਭਿਨੇਤਾ ਰਿਸ਼ੀ ਕਪੂਰ ਆਪਣੀ ਇਸ ਪੁਰਾਣੀ ਫ਼ਿਲਮ ਨੂੰ ਰੋਚਕ ਅਨੁਭਵ ਦੱਸਦਾ ਹੈ, ”ਜੇਕਰ ਇਸ ਤਰ੍ਹਾਂ ਦਾ ਪਾਤਰ ਕਹਾਣੀ ਦਾ ਮੁੱਖ ਹਿੱਸਾ ਹੋਵੇ ਤਾਂ ਇਹ ਅਸਲ ਵਿੱਚ ਉਹ ਬਹੁਤ ਮੁਸ਼ਕਿਲ ਹੁੰਦਾ ਹੈ। ਮੈਂ ਰਫ਼ੂਚੱਕਰ ਦੇ ਆਪਣੇ ਕਿਰਦਾਰ ਬਾਰੇ ਕਿਸੇ ਵੀ ਚਰਚਾ ਨੂੰ ਅਪ੍ਰਸੰਗਿਕ ਮੰਨਦਾ ਹਾਂ, ਪਰ ਚਾਚੀ 420 ਵਿੱਚ ਕਮਲ ਨੂੰ ਚਾਚੀ ਦੇ ਕਿਰਦਾਰ ਵਿੱਚ ਦੇਖ ਕੇ ਦੰਗ ਰਹਿ ਗਿਆ ਸੀ। ਇਸ ਤਰ੍ਹਾਂ ਆਪਣੇ ਆਪ ਨੂੰ ਬਦਲ ਕੇ ਸਾਬਿਤ ਕਰਨਾ ਸਾਰੇ ਅਭਿਨੇਤਾਵਾਂ ਦੇ ਵਸ ਵਿੱਚ ਨਹੀਂ।
ਫ਼ਿਲਮ ਲਾਵਿਰਸ ਦੇ ਇੱਕ ਗੀਤ ਮੇਰੇ ਅੰਗਨੇ ਮੇਂ ਲਈ ਅਮਿਤਾਭ ਬੱਚਨ ਨੇ ਔਰਤ ਵਾਲਾ ਕਿਰਦਾਰ ਨਿਭਾਇਆ ਸੀ। ਉਸ ਨੇ ਇਸ ਗੀਤ ਵਿੱਚ ਕਈ ਵਾਰ ਕੱਪੜੇ ਬਦਲ ਕੇ ਅਲੱਗ ਅਲੱਗ ਔਰਤਾਂ ਦਾ ਕਿਰਦਾਰ ਨਿਭਾਇਆ ਸੀ। ਸੰਜੇ ਦੱਤ ਫ਼ਿਲਮ ਮੇਰਾ ਫ਼ੈਸਲਾ ਵਿੱਚ ਔਰਤ ਦੇ ਕਿਰਦਾਰ ਵਿੱਚ ਨਜ਼ਰ ਆਇਆ ਸੀ। ਰਿਸ਼ੀ ਕਪੂਰ ਨੇ ਫ਼ਿਲਮ ਰਫ਼ੂਚੱਕਰ ਵਿੱਚ ਦੱਸ ਦਿੱਤਾ ਸੀ ਕਿ ਉਹ ਖ਼ੂਬਸੂਰਤ ਅਭਿਨੇਤਰੀ ਵੀ ਬਣ ਸਕਦਾ ਹੈ। ਸੈਫ਼ ਅਲੀ ਖ਼ਾਨ ਅਤੇ ਰਾਮ ਕਪੂਰ ਦੋਹਾਂ ਨੇ ਫ਼ਿਲਮ ਹਮਸ਼ਕਲ ਵਿੱਚ ਸਾਨੂੰ ਔਰਤ ਵਾਲੇ ਕਿਰਦਾਰ ਨਾਲ ਹਸਾਇਆ ਸੀ। ਇਨ੍ਹਾਂ ਤੋਂ ਇਲਾਵਾ ਅਸ਼ੋਕ ਕੁਮਾਰ, ਕਿਸ਼ੋਰ ਕੁਮਾਰ, ਵਿਸ਼ਵਜੀਤ, ਜੌਇ ਮੁਖਰਜੀ, ਸ਼ਮੀ ਕਪੂਰ, ਮਹਿਮੂਦ, ਸ਼ਸ਼ੀ ਕਪੂਰ, ਪੇਂਟਲ, ਵਿਨੋਦ ਮਹਿਰਾ, ਅਨਿਲ ਕਪੂਰ, ਸ਼ਾਹਰੁਖ਼ ਖ਼ਾਨ ਆਦਿ ਤਕ ਇਹ ਸੂਚੀ ਬਹੁਤ ਲੰਬੀ ਹੈ।