ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਬੀਤੀ 5 ਅਗਸਤ ਨੂੰ ਕੇਂਦਰ ਸਰਕਾਰ ਵਲੋਂ ਧਾਰਾ-370 ਹਟਾਏ ਜਾਣ ਦੇ 66 ਦਿਨ ਬੀਤਣ ਮਗਰੋਂ ਸੈਲਾਨੀ ਕਸ਼ਮੀਰ ਘਾਟੀ ਦੀ ਸੈਰ ਕਰ ਸਕਣਗੇ। ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਸਰਕਾਰ ਨੇ ਧਾਰਾ-370 ਹਟਾਉਣ ਤੋਂ ਪਹਿਲਾਂ ਸੈਲਾਨੀਆਂ ਨੂੰ ਕਸ਼ਮੀਰ ਛੱਡਣ ਦੀ ਸਕਿਓਰਿਟੀ ਐਡਵਾਇਜਰੀ ਜਾਰੀ ਕੀਤੀ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ ਹੈ। ਐਡਵਾਇਜਰੀ ਵਾਪਸ ਲੈਣ ਦੇ ਨਾਲ ਹੀ ਸੂਬਾ ਸਰਕਾਰ ਵਲੋਂ ਸੈਲਾਨੀਆਂ ਨੂੰ ਸਾਰੀ ਜ਼ਰੂਰੀ ਸਹਾਇਤਾ ਵੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਧਾਰਾ-370 ਤਹਿਤ ਅਸਥਾਈ ਤੌਰ ‘ਤੇ ਮਿਲੇ ਵਿਸ਼ੇਸ਼ ਦਰਜੇ ਨੂੰ ਖਤਮ ਕੀਤੇ ਜਾਣ ਤੋਂ 3 ਦਿਨ ਪਹਿਲਾਂ ਯਾਨੀ ਕਿ 2 ਅਗਸਤ ਨੂੰ ਐਡਵਾਇਜਰੀ ਜਾਰੀ ਕਰ ਕੇ ਸੈਲਾਨੀਆਂ ਨੂੰ ਕਸ਼ਮੀਰ ਘਾਟੀ ਤੋਂ ਵਾਪਸ ਆਪਣੇ ਘਰਾਂ ਨੂੰ ਪਰਤਣ ਨੂੰ ਕਿਹਾ ਸੀ। ਅਜਿਹਾ ਅੱਤਵਾਦੀ ਖਤਰੇ ਦੇ ਖਦਸ਼ੇ ਨੂੰ ਲੈ ਕੇ ਕੀਤਾ ਗਿਆ ਸੀ। ਸੂਬਾ ਪ੍ਰਸ਼ਾਸਨ ਨੇ ਇਕ ਸਕਿਓਰਿਟੀ ਐਡਵਾਇਜਰੀ ਜਾਰੀ ਕਰ ਕੇ ਘਾਟੀ ‘ਚ ਅੱਤਵਾਦੀ ਖਤਰੇ ਦੇ ਮੱਦੇਨਜ਼ਰ ਅਮਰਨਾਥ ਯਾਤਰੀਆਂ ਅਤੇ ਹੋਰ ਸੈਲਾਨੀਆਂ ਨੂੰ ਕਸ਼ਮੀਰ ਛੱਡਣ ਦੀ ਸਲਾਹ ਦਿੱਤੀ ਸੀ। ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਸ਼ਮੀਰ ਘਾਟੀ ‘ਚ ਗ੍ਰਹਿ ਵਿਭਾਗ ਵਲੋਂ ਜਾਰੀ ਟਰੈਵਲ ਐਡਵਾਇਜਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ।