ਫਗਵਾੜਾ,: ਪੰਜਾਬ ਸਰਕਾਰ ‘ਚ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ ਕਿ 77 ਸਾਲਾ ਦੇ ਕੈਪਟਨ ਅਮਰਿੰਦਰ ਸਿੰਘ ਦੀਆਂ ਆਦਤਾਂ ਬਦਲਣ ਵਾਲੀਆਂ ਨਹੀਂ ਹਨ। ਹਕੀਕਤ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਕਿਤੇ ਆਉਂਦੇ-ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮਿਲ ਸਕਦਾ ਹੈ ਕਿਉਂਕਿ ਉਹ ਕਿਸੇ ਨਾਲ ਮਿਲਣਾ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਫ੍ਰੀ ਮੋਬਾਇਲ ਫੋਨ ਦੇਣ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਤਾਂ ਹਕੀਕਤ ਵਿਚ ਆਪਣੀ ਪਤਨੀ ਦਾ ਫੋਨ ਹੀ ਨਹੀਂ ਚੁੱਕਦੇ, ਉਹ ਪੰਜਾਬ ਦੇ ਲੋਕਾਂ ਨੂੰ ਕੀ ਮੋਬਾਇਲ ਫੋਨ ਵੰਡਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਝੂਠਾ ਇਨਸਾਨ ਅੱਜ ਤਕ ਆਪਣੇ ਜੀਵਨ ਵਿਚ ਨਹੀਂ ਦੇਖਿਆ। ਜੋ ਇਨਸਾਨ ਪੰਜਾਬ ਵਿਚ ਨਸ਼ੇ ਖਤਮ ਕਰਨ ਸਣੇ ਹੋਰ ਸਮੱਸਿਆਵਾਂ ਸਬੰਧੀ ਜਨਤਾ ਦੇ ਦਰਬਾਰ ਵਿਚ ਗੁਰੂ ਗੋਬਿੰਦ ਸਿੰਘ ਜੀ ਅਤੇ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀਆਂ ਕਸਮਾਂ ਖਾ ਕੇ ਆਪਣੀਆਂ ਕਹੀਆਂ ਹੋਈਆਂ ਗੱਲਾਂ ਤੋਂ ਪਲਟ ਜਾਏ ਉਹ ਪੰਜਾਬ ਦੇ ਲੋਕਾਂ ਦਾ ਕੀ ਭਲਾ ਕਰੇਗਾ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਸਰਕਾਰ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ।
ਮਜੀਠੀਆ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਵਿਚ ਹੁਣ ਏ. ਕੇ.-74, ਸੈਟੇਲਾਈਟ ਫੋਨ, ਬੰਬ ਆਦਿ ਤਕ ਬਰਾਮਦ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਲਦੀ ਡਿਗਣ ਵਾਲੀ ਹੈ। ਇਸੇ ਮਨੋਰਥ ਨਾਲ ਮੁੱਖ ਮੰਤਰੀ ਕੈਪਟਨ ਵਲੋਂ ਇਕੱਠੇ 30 ਸਲਾਹਕਾਰ ਨਿਯੁਕਤ ਕੀਤੇ ਜਾ ਰਹੇ ਹਨ। ਮਜੀਠੀਆ ਨੇ ਕਿਹਾ ਕਿ ਜਦ ਕੈਪਟਨ ਨੇ ਕਿਸੇ ਨਾਲ ਮਿਲਣਾ ਹੀ ਨਹੀਂ ਤਾਂ ਫਿਰ ਇਹ ਸਲਾਹਕਾਰ ਸੀ. ਐੱਮ. ਨੂੰ ਕੀ ਸਲਾਹ ਦੇਣਗੇ। ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਭੁੰਗਰਾਨੀ, ਮੇਅਰ ਅਰੁਣ ਖੋਸਲਾ, ਅਨੁਰਾਗ ਮਨਖੰਡ ਤੇ ਹੋਰ ਮੌਜੂਦ ਸਨ।