ਨਵੀਂ ਦਿੱਲੀ – ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਵਿਸ਼ਾਖਾਪਟਨਮ ਦੇ ਰਾਜਸ਼ੇਖਰ ਰੈੱਡੀ ਸਟੇਡੀਅਮ ਵਿੱਚ ਦੱਖਣੀ ਅਫ਼ਰੀਕਾ ਨੂੰ ਪਹਿਲੇ ਟੈੱਸਟ ਵਿੱਚ 203 ਦੌੜਾਂ ਨਾਲ ਹਰਾ ਕੇ ਟੈੱਸਟ ਚੈਂਪੀਅਨਸ਼ਿਪ ਦੀ ਟੌਪ ਰੈਂਕਿੰਗ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਨੇ ਟੈੱਸਟ ਚੈਂਪੀਅਨਸ਼ਿਪ ਵਿੱਚ ਅਜੇ ਤਕ ਆਪਣੇ ਸਾਰੇ ਤਿੰਨ ਮੈਚ ਜਿੱਤੇ ਹਨ ਅਤੇ ਉਹ ਆਪਣੇ ਸਾਰੇ ਮੈਚ ਜਿੱਤਣ ਵਾਲੀ ਇਕਲੌਤੀ ਟੀਮ ਹੈ। ਇਹ ਟੈੱਸਟ ਜਿੱਤ ਕੇ ਟੀਮ ਇੰਡੀਆ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਵਿੱਚ 160 ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਰਕਰਾਰ ਹੈ ਜਦਕਿ ਦੂਜੇ ਸਥਾਨ ‘ਤੇ ਨਿਊ ਜ਼ੀਲੈਂਡ, ਤੀਜੇ ‘ਤੇ ਸ਼੍ਰੀ ਲੰਕਾ, ਚੌਥੇ ‘ਤੇ ਆਸਟਰੇਲੀਆ ਅਤੇ ਪੰਜਵੇਂ ‘ਤੇ ਇੰਗਲੈਂਡ ਦੀ ਟੀਮ ਹੈ।
ਭਾਰਤ ਨੇ ਇਸ ਤੋਂ ਪਹਿਲਾਂ ਵੈੱਸਟ ਇੰਡੀਜ਼ ਨੂੰ ਉਸੇ ਦੇ ਘਰ ਵਿੱਚ ਦੋ ਮੈਚਾਂ ਦੀ ਟੈੱਸਟ ਸੀਰੀਜ਼ ਵਿੱਚ 2-0 ਨਾਲ ਹਰਾ ਦਿੱਤਾ ਸੀ। ਹੁਣ ਤਕ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਤਹਿਤ ਜਿਹੜੀਆਂ ਤਿੰਨ ਟੈੱਸਟ ਸੀਰੀਜ਼ ਖੇਡੀਆਂ ਗਈਆਂ ਹਨ ਉਨ੍ਹਾਂ ਵਿੱਚੋਂ ਭਾਰਤ ਹੀ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਸ਼੍ਰੀ ਲੰਕਾ ਅਤੇ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰਵਾਈ ਸੀ ਜਦਕਿ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ 5 ਮੈਚਾਂ ਦੀ ਐਸ਼ੇਜ਼ ਸੀਰੀਜ਼ 2-2 ਨਾਲ ਬਰਾਬਰ ਰਹੀ ਸੀ। ਦੋਹੇਂ ਟੀਮਾਂ ਦੇ 56-56 ਅੰਕ ਹਨ। ਟੈੱਸਟ ਚੈਂਪੀਅਨਸ਼ਿਪ ਤਹਿਤ ਦੋ ਮੈਚਾਂ ਦੀ ਸੀਰੀਜ਼ ਵਿੱਚ ਇੱਕ ਮੈਚ ਜਿੱਤਣ ‘ਤੇ 60 ਅੰਕ ਮਿਲਦੇ ਹਨ ਜਦੋਂਕਿ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਇੱਕ ਮੈਚ ਜਿੱਤਣ ‘ਤੇ 40 ਅੰਕ ਮਿਲਦੇ ਹਨ। ਚਾਰ ਮੈਚਾਂ ਦੀ ਸੀਰੀਜ਼ ਵਿੱਚ ਇੱਕ ਮੈਚ ਦੀ ਜਿੱਤ ‘ਤੇ 30 ਅੰਕ ਮਿਲਦੇ ਹਨ। ਪੰਜ ਮੈਚਾਂ ਦੀ ਸੀਰੀਜ਼ ਵਿੱਚ ਇੱਕ ਮੈਚ ਜਿੱਤਣ ‘ਤੇ 24 ਅੰਕ ਮਿਲਦੇ ਹਨ।
ਭਾਰਤੀ ਸਪਿਨਰ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਦੇ ਕਰੀਅਰ ‘ਤੇ ਖ਼ਤਰੇ ਦੇ ਬੱਦਲ ਛਾਏ ਦਿਸ ਰਹੇ ਹਨ। ਦਰਅਸਲ, ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਲਗਾਤਾਰ ਦੋ T-20 ਲੜੀਆਂ ਵਿੱਚ ਤਾਂ ਮੌਕਾ ਦਿੱਤਾ ਹੀ ਨਹੀਂ ਗਿਆ ਅਤੇ ਹਣ ਬਾਕੀ ਦੇ ਫ਼ੌਰਮੈਟਾਂ ਵਿੱਚ ਵੀ ਇਨ੍ਹਾਂ ਨੂੰ ਘੱਟ ਹੀ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈ।
ਦਸ ਦਈਏ ਕਿ ਹਾਲ ਹੀ ‘ਚ ਵੈੱਸਟ ਇੰਡੀਜ਼ ਅਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਸੀਰੀਜ਼ ਵਿੱਚ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਮੌਕਾ ਨਹੀਂ ਸੀ ਮਿਲਿਆ ਜਿਸ ਤੋਂ ਬਾਅਦ ਇੱਕ ਸਾਵ ਇਹ ਵੀ ਖੜ੍ਹਾ ਹੋਇਆ ਹੈ ਕਿ ਕੀ ਇਹ ਖਿਡਾਰੀ ਅਗਲੇ ਸਾਲ ਹੋਣ ਵਾਲੇ t-20 ਵਰਲਡ ਕੱਪ ਦਾ ਹਿੱਸਾ ਵੀ ਹੋਣਗੇ ਜਾਂ ਨਹੀਂ। ਅਗਲੇ ਸਾਲ ਆਸਟਰੇਲੀਆ ਵਿੱਚ ਇਹ ਵਰਲਡ ਕੱਪ ਖੇਡਿਆ ਜਾਣਾ ਹੈ, ਅਤੇ ਇਸੇ ਲਈ ਭਾਰਤੀ ਟੀਮ ਨੌਜਵਾਨ ਸਪਿਨਰਾਂ ਨੂੰ ਪਰਖ ਰਹੀ ਹੈ ਫ਼ਿਰ ਚਾਹੇ ਉਹ ਰਾਹੁਲ ਚਾਹਰ ਹੋਵੇ ਜਾਂ ਵਾਸ਼ਿੰਗਟਨ ਸੁੰਦਰ।
ਕਿਤੇ ਨਾ ਕਿਤੇ ਨੌਜਵਾਨ ਖਿਡਾਰੀਆਂ ਦੇ ਆਉਣ ਨਾਲ ਕੁਲਦੀਪ-ਚਾਹਲ ਦੀ ਜ਼ਰੂਰਤ ਘੱਟ ਹੋਈ ਦਿ: ਰਹੀ ਹੈ। ਉੱਥ ਜੇਕਰ ਟੈੱਸਟ ਦੀ ਗੱਲ ਕੀਤੀ ਜਾਵੇ ਤਾਂ ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਮੌਜੂਦਾ ਟੈੱਸਟ ਸੀਰੀਜ਼ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੀ ਜਾ ਰਹੀ ਹੈ ਜਿਸ ਵਿੱਚ ਕੁਲਦੀਪ ਯਾਦਵ ਟੀਮ ਦਾ ਹਿੱਸਾ ਤਾਂ ਹੈ, ਪਰ ਪਲੇਇੰਗ ਇਲੈਵਨ ਵਿੱਚ ਉਸ ਨੂੰ ਮੌਕਾ ਨਹੀਂ ਮਿਲ ਪਾ ਰਿਹਾ।
ਅਸ਼ਵਿਨ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੀਰੀਜ਼ ਦੇ ਬਾਕੀ ਮੁਕਾਬਲਿਆਂ ਵਿੱਚ ਵੀ ਯੂਜ਼ੀ ਅਤੇ ਕੁਲਦੀਪ ਨੂੰ ਮੌਕਾ ਮਿਲਣਾ ਮੁਸ਼ਕਿਲ ਹੀ ਲੱਗ ਰਿਹਾ ਹੈ। ਦੱਸ ਦਈਏ ਕਿ ਚਾਹਲ ਦਾ ਟੈੱਸਟ ਵਿੱਚ ਅਜੇ ਤਕ ਡੈਬਿਊ ਵੀ ਨਹੀਂ ਹੋ ਸਕਿਆ। ਵਨ ਡੇ ਵਿੱਚ ਵੀ ਰਵਿੰਦਰ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਨ੍ਹਾਂ ਇਨ੍ਹਾਂ ਖਿਡਾਰੀਆਂ ਦੀ ਮਹੱਤਤਾ ਘੱਟ ਹੋਈ ਹੈ। ਇਸ ਤੋਂ ਇਲਾਵਾ ਵਨ ਡੇ ਸੀਰੀਜ਼ ਵਿੱਚ ਵੀ ਨੌਜਵਾਨ ਸਪਿਨਰਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ।